ਜਿਸ ਮੱਛਰ ਨੂੰ ਮਾਰਨ ਲਈ ਇਸ ਦੇਸ਼ ਨੇ ਰੱਖਿਆ ਇਨਾਮ, ਉਸ ਨਾਲ ਪੂਰੀ ਦੁਨੀਆ ‘ਚ ਮਰਦੇ ਨੇ ਐਨੇ ਲੋਕ

Global Team
2 Min Read

ਨਿਊਜ਼ ਡੈਸਕ: ਮੱਛਰਾਂ ਦੀ ਸਮੱਸਿਆ ਕੋਈ ਨਵੀਂ ਨਹੀਂ ਹੈ। ਲੋਕ ਮੱਛਰਾਂ ਤੋਂ ਬਚਣ ਲਈ ਵੱਖ-ਵੱਖ ਤਰੀਕੇ ਅਪਣਾਉਂਦੇ ਨੇ ਕਈ ਲੋਕ ਦਵਾਈ ਦਾ ਛਿੜਕਾਅ ਕਰਦੇ ਹਨ,  ਮੱਛਰਦਾਨੀ ਦੀ ਵਰਤੋਂ ਕਰਦੇ ਹਨ ਅਤੇ ਘਰ ਦੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਰੱਖਦੇ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਮੱਛਰਾਂ ਦਾ ਅੱਤਵਾਦ ਐਨਾ ਵੱਧ ਜਾਵੇਗਾ ਕਿ ਕਿਸੇ ਦੇਸ਼ ਦੀ ਸਰਕਾਰ ਮੱਛਰਾਂ ਨੂੰ ਮਾਰਨ ‘ਤੇ ਇਨਾਮ ਦਾ ਐਲਾਨ ਕਰੇਗੀ।

ਇਹ ਕੋਈ ਮਜ਼ਾਕ ਨਹੀਂ ਹੈ, ਫਿਲੀਪੀਨਜ਼ ਸਰਕਾਰ ਨੇ ਵੀ ਕੁਝ ਅਜਿਹਾ ਹੀ ਕੀਤਾ ਹੈ। ਫਿਲੀਪੀਨਜ਼ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਅਧਿਕਾਰੀ ਡੇਂਗੂ ਫੈਲਣ ਨੂੰ ਰੋਕਣ ਲਈ ਮੱਛਰਾਂ ਨੂੰ ਮਾਰਨ ਵਾਲੇ ਲੋਕਾਂ ਨੂੰ ਨਕਦ ਇਨਾਮ ਦੇ ਰਹੇ ਹਨ। ਮੱਧ ਮਨੀਲਾ ਦੇ ਬਾਰੰਗਾਯ ਐਡੀਸ਼ਨ ਹਿਲਜ਼ ਦੇ ਪਿੰਡ ਦੇ ਮੁਖੀ ਕਾਰਲਿਟੋ ਸਰਨਲ ਨੇ ਫੜ ਕੇ ਮਾਰੇ ਗਏ ਹਰ ਪੰਜ ਮੱਛਰਾਂ ਲਈ ਇੱਕ ਪੇਸੋ ਦਾ ਇਨਾਮ ਦੇਣ ਦੀ ਪੇਸ਼ਕਸ਼ ਕੀਤੀ ਹੈ।

ਡੇਂਗੂ ਨਾਲ ਮਰ ਰਹੇ ਲੋਕ

ਡੇਂਗੂ ਨੇ ਨਾਂ ਸਿਰਫ਼ ਫਿਲੀਪੀਨਜ਼ ਲਈ ਸਗੋਂ ਪੂਰੀ ਦੁਨੀਆ ਲਈ ਇੱਕ ਸਮੱਸਿਆ ਖੜ੍ਹੀ ਕਰ ਰੱਖੀ ਹੈ, ਫਿਲੀਪੀਨਜ਼ ਵਿੱਚ ਡੇਂਗੂ ਕਾਰਨ 575 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ, WHO ਅਨੁਸਾਰ, 2024 ‘ਚ ਪੂਰੀ ਦੁਨੀਆ ਵਿੱਚ ਡੇਂਗੂ ਕਾਰਨ 10 ਹਜ਼ਾਰ ਲੋਕਾਂ ਦੀ ਮੌਤ ਹੋਈ ਹੈ। ਫਿਲੀਪੀਨ ਦੇ ਅਧਿਕਾਰੀਆਂ ਨੇ ਹਾਲ ਹੀ ਵਿੱਚ ਮੌਸਮੀ ਬਾਰਿਸ਼ਾਂ ਕਾਰਨ ਦੇਸ਼ ਭਰ ਵਿੱਚ ਡੇਂਗੂ ਦੇ ਮਾਮਲਿਆਂ ਵਿੱਚ ਵਾਧੇ ਦੀ ਰਿਪੋਰਟ ਕੀਤੀ ਹੈ। ਸਿਹਤ ਵਿਭਾਗ ਨੇ ਦੱਸਿਆ ਕਿ 1 ਫਰਵਰੀ ਨੂੰ 28,234 ਮਾਮਲੇ ਦਰਜ ਕੀਤੇ ਗਏ ਸਨ, ਜੋ ਕਿ ਪਿਛਲੇ ਸਾਲ ਨਾਲੋਂ 40 ਫੀਸਦ ਵੱਧ ਹਨ।

ਹਾਲਾਂਕਿ ਇਨਾਮ ਦੀਆਂ ਖ਼ਬਰਾਂ ਦਾ ਸੋਸ਼ਲ ਮੀਡੀਆ ‘ਤੇ ਵਿਆਪਕ ਤੌਰ ‘ਤੇ ਮਜ਼ਾਕ ਉਡਾਇਆ ਜਾ ਰਿਹਾ ਹੈ, ਪਰ ਸਰਨਲ ਨੇ ਇਸ ਨੂੰ ਭਾਈਚਾਰੇ ਦੀ ਸਿਹਤ ਲਈ ਜ਼ਰੂਰੀ ਦੱਸਿਆ ਹੈ। ਇਹ ਕਦਮ ਫਿਲੀਪੀਨਜ਼ ਵਿੱਚ ਮੱਛਰਾਂ ਤੋਂ ਪੈਦਾ ਹੋਣ ਵਾਲੇ ਡੇਂਗੂ ਦੇ ਮਾਮਲਿਆਂ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਤੋਂ ਬਾਅਦ ਚੁੱਕਿਆ ਗਿਆ ਹੈ, ਕਿਉਂਕਿ ਸ਼ਹਿਰ ਦੇ ਅਧਿਕਾਰੀ ਹੋਰ ਤਰੀਕਿਆਂ ਨਾਲ ਬਿਮਾਰੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

Share This Article
Leave a Comment