-ਅਮਨਦੀਪ ਕੌਰ, ਰੂਮਾ ਦੇਵੀ ਅਤੇ ਜੁਗਰਾਜ ਸਿੰਘ
ਅਜੋਕੇ ਸਮੇ ਵਿਚ ਕਿਸਾਨਾਂ ਵਿਚ ਸਬਜੀਆਂ ਦੀ ਕਾਸਤ ਸਬੰਧੀ ਚੰਗਾ ਰੁਝਾਨ ਪੈਦਾ ਹੋਇਆ ਹੈ। ਕੁਝ ਨੌਜਵਾਨ ਕਿਸਾਨ ਵੀਰਾਂ ਨੇ ਸਬਜੀਆਂ ਦੀ ਪਨੀਰੀ ਤਿਆਰ ਕਰਨ ਦਾ ਕਿੱਤਾ ਅਪਨਾਇਆ ਹੈ ਅਤੇ ਉਹ ਪਨੀਰੀ ਨੂੰ ਸਬਜੀਆਂ ਉਗਾਉਣ ਵਾਲੇ ਕਿਸਾਨਾਂ ਨੂੰ ਸਪਲਾਈ ਕਰਕੇ ਕਾਫੀ ਮੁਨਾਫਾ ਕਮਾਉਦੇ ਹਨ ।ਬਹੁਤ ਸਾਰੀਆਂ ਸਬਜੀਆਂ ਜਿਵੇ ਕਿ ਮਟਰ, ਭਿੰਡੀ, ਗਾਜਰ, ਸਲਗਮ, ਮੂਲੀ, ਆਲੂ, ਲਸਣ ਆਦਿ ਦੇ ਬੀਜਾਂ ਨੂੰ ਸਿੱਧਾ ਖੇਤ ਵਿਚ ਲਾਇਆ ਜਾਂਦਾ ਹੈ ਅਤੇ ਕੁਝ ਸਬਜੀਆਂ ਜਿਵੇ ਕਿ ਟਮਾਟਰ, ਬੈਂਗਣ, ਮਿਰਚ, ਸਿਮਲਾ ਮਿਰਚ, ਫੁੱਲ ਗੋਭੀ, ਬੰਦ ਗੋਭੀ, ਪਿਆਜ ਆਦਿ ਦੀ ਪਹਿਲਾਂ ਨਰਸਰੀ ਵਿਚ ਪਨੀਰੀ ਤਿਆਰ ਕਰਦੇ ਹਾਂ ਅਤੇ ਬਾਅਦ ਵਿੱਚ ਬੂਟੇ ਪੁੱਟ ਕੇ ਖੇਤ ਵਿਚ ਲਗਾਏ ਜਾਂਦੇ ਹਨ। ਨਰਸਰੀ ਵਿਚ ਪਨੀਰੀ ਦਾ ਨਰੋਆ ਹੋਣਾ ਬਹੁਤ ਜਰੂਰੀ ਹੈ, ਕਿਉਕਿ ਖੇਤਾਂ ਵਿੱਚ ਲੱਗੀ ਸਬਜੀ ਦੀ ਫਸਲ ਵਿਚ ਕੀੜਿਆਂ ਅਤੇ ਬੀਮਾਰੀਆਂ ਦਾ ਮੁੱਖ ਸਾਧਨ ਨਰਸਰੀ ਹੀ ਹੁੰਦਾ ਹੈ । ਥੋੜ੍ਹੇ ਖੇਤਰ ਵਿੱਚ ਉਗਾਈ ਗਈ ਨਰਸਰੀ ਵਿਚ ਕੀੜੇ-ਮਕੌੜੇ ਅਤੇ ਬੀਮਾਰੀਆਂ ਦੀ ਰੋਕਥਾਮ ਆਸਾਨੀ ਅਤੇ ਘੱਟ ਖਰਚ ਵਿਚ ਕੀਤੀ ਜਾ ਸਕਦੀ ਹੈ ਅਤੇ ਅਸੀ ਇੱਕ ਚੰਗੀ ਫਸਲ ਦੀ ਕਾਮਨਾ ਕਰ ਸਕਦੇ ਹਾਂ ।
ਨਰਸਰੀ ਲਈ ਜਗ੍ਹਾ ਦੀ ਚੋਣ: ਨਰਸਰੀ ਦੀਆਂ ਕਿਆਰੀਆਂ ਬਨਾਉਣ ਲਈ ਅਜਿਹੀ ਜਗ੍ਹਾ ਦੀ ਚੋਣ ਕਰਨੀ ਚਾਹੀਦੀ ਹੈ, ਜਿਥੇ ਕਿ ਚੰਗੀ ਧੁੱਪ ਲੱਗਦੀ ਹੋਵੇ, ਰੁੱਖਾਂ ਦੀ ਛਾਂ ਨਾ ਹੋਵੇ, ਪਾਣੀ ਦੀ ਸਹੂਲਤ ਨੇੜੇ ਹੋਵੇ ਅਤੇ ਮਿੱਟੀ ਵਿਚ ਪੱਥਰ-ਰੋੜੇ ਨਾ ਹੋਣ। ਨਰਸਰੀ ਵਾਲੀ ਜਗ੍ਹਾ ਤੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਵੀ ਬਹੁਤ ਜ਼ਰੂਰੀ ਹੈ, ਇਸ ਲਈ ਨਰਸਰੀ ਵਾਲੀ ਜਗ੍ਹਾ ਬਾਕੀ ਖੇਤ ਤੋ ਉਚੀ ਚਾਹੀਦੀ ਹੈ। ਇਸ ਤੋ ਇਲਾਵਾ ਨਰਸਰੀ ਲਈ ਇੱਕ ਹੀ ਥਾਂ ਦੀ ਵਾਰ-ਵਾਰ ਚੋਣ ਨਹੀ ਕਰਨੀ ਚਾਹੀਦੀ ਕਿਉਕਿ ਇੱਕ ਹੀ ਥਾਂ ਤੇ ਵਾਰ-ਵਾਰ ਪਨੀਰੀ ਬੀਜਣ ਨਾਲ ਜਮੀਨ ਵਿਚ ਬੀਮਾਰੀਆਂ ਦੇ ਕੀਟਾਣੂੰ ਅਤੇ ਕੀੜਿਆਂ ਦੇ ਅੰਡੇ ਪੈਦਾ ਹੋ ਜਾਂਦੇ ਹਨ, ਜੋ ਕਿ ਨਰੋਈ ਪਨੀਰੀ ਤਿਆਰ ਕਰਨ ਵਿਚ ਰੁਕਾਵਟ ਪਾਉਦੇ ਹਨ।
ਨਰਸਰੀ ਚ ਕਿਆਰੀਆਂ ਬਨਾਉਣਾ: ਨਰਸਰੀ ਵਾਲੀ ਜਗ੍ਹਾ ਤੇ ਸਭ ਤੋ ਪਹਿਲਾਂ 5 ਕੁਇੰਟਲ ਗਲੀ ਸੜੀ ਰੂੜੀ ਪ੍ਰਤੀ ਮਰਲਾ ਪਾ ਦਿਉ। ਇਸ ਤੋਂ ਬਾਅਦ ਖੇਤ ਦੀ ਚੰਗੀ ਤਰ੍ਹਾਂ ਵਹਾਈ ਕਰਕੇ ਸਵਾ ਮੀਟਰ ਤੋ ਡੇਢ ਮੀਟਰ ਚੌੜੀਆਂ ਕਿਆਰੀਆਂ ਪੂਰਬ-ਪੱਛਮ ਦਿਸਾ ਚ ਬਣਾਉ । ਇਹ ਕਿਆਰੀਆਂ ਜਮੀਨ ਤੋ 15 ਸੈਟੀਮੀਟਰ ਉਚੀਆਂ ਰੱਖੋ ਤਾਂ ਜੋ ਪਾਣੀ ਦਾ ਨਿਕਾਸ ਆਸਾਨੀ ਨਾਲ ਹੋ ਸਕੇ।ਕਿਆਰੀਆਂ ਦੀ ਲੰਬਾਈ ਆਮ ਤੌਰ ਤੇ 3-4 ਮੀਟਰ ਹੁੰਦੀ ਹੈ, ਪਰ ਲੋੜ ਅਨੁਸਾਰ ਲੰਬਾਈ ਨੂੰ ਵਧਾਇਆ-ਘਟਾਇਆ ਜਾ ਸਕਦਾ ਹੈ।
ਜਮੀਨ ਦੀ ਸੋਧ : ਨਰਸਰੀ ਵਿੱਚ ਪਨੀਰੀ ਨੂੰ ਆਮ ਤੌਰ ‘ਤੇ ਉਖੇੜਾ ਰੋਗ ਨੁਕਸਾਨ ਪਹੁੰਚਾਉਦਾ ਹੈ। ਮਿੱਟੀ ਵਿਚ ਪੀਥੀਅਮ, ਫਿਊਜੇਰੀਅਮ, ਰਾਇਜੋਕਟੋਨੀਆ ਆਦਿ ਕਿਸਮਾਂ ਦੀਆਂ ਉਲੀਆਂ ਹੁੰਦੀਆਂ ਹਨ, ਜਿਸ ਕਰਕੇ ਉਖੇੜਾ ਰੋਗ ਜਮੀਨ ਤੋ ਹੀ ਫੈਲਦਾ ਹੈ।ਇਸ ਰੋਗ ਦੇ ਲੱਗਣ ਨਾਲ ਜਾਂ ਤਾਂ ਬੀਜ ਜੰਮਦੇ ਹੀ ਨਹੀ ਜਾਂ ਛੋਟੇ-ਛੋਟੇ ਬੂਟੇ ਜਮੀਨ ਤੋ ਬਾਹਰ ਆ ਕੇ ਮਿੱਟੀ ਦੀ ਸਤਹਿ ਦੇ ਨੇੜੇ ਗਲ ਜਾਂਦੇ ਹਨ ਅਤੇ ਧਰਤੀ ਉੱਤੇ ਡਿੱਗ ਪੈਦੇ ਹਨ।ਇਸ ਰੋਗ ਤੋ ਬਚਣ ਲਈ ਬਿਜਾਈ ਤੋ 10 ਦਿਨ ਪਹਿਲਾਂ ਕਿਆਰੀਆਂ ਨੂੰ 1.5-2.0 ਪ੍ਰਤੀਸਤ ਫਾਰਮਾਲੀਨ ਦੇ ਘੋਲ ਨਾਲ ਸੋਧੋ।ਇਹ ਕਰਨ ਵਾਸਤੇ 15-20 ਮਿਲੀਲਿਟਰ ਦਵਾਈ ਇੱਕ ਲੀਟਰ ਪਾਣੀ ਵਿੱਚ ਪਾਉ।ਦਵਾਈ ਦਾ ਇਹ ਘੋਲ 2-3 ਲੀਟਰ ਪ੍ਰਤੀ ਵਰਗ ਮੀਟਰ ਜਮੀਨ ਵਿਚ ਪਾਉ, ਤਾਂ ਜੋ ਮਿੱਟੀ ਦੀ ਤਕਰੀਬਨ 6 ਇੰਚ ਤਹਿ ਗੜੁੱਚ ਹੋ ਜਾਵੇ। ਇਸ ਤੋਂ ਬਾਅਦ ਕਿਆਰੀਆਂ ਨੂੰ ਪੌਲੀਥੀਨ ਦੀ ਚਾਦਰ ਨਾਲ 72 ਘੰਟੇ ਤੱਕ ਚੰਗੀ ਤਰ੍ਹਾਂ ਢੱਕ ਦਿਉ ਅਤੇ ਪੋਲੀਥੀਨ ਦੀ ਚਾਦਰ ਨੂੰ ਚਾਰੇ ਪਾਸਿਉ ਬਰੀਕ ਮਿੱਟੀ ਨਾਲ ਦੱਬ ਦਿਉ ਤਾਂਂ ਜੋ ਗੈਸ ਬਾਹਰ ਨਾ ਆਵੇ।ਬਾਅਦ ਵਿਚ ਦਿਨ ਵਿਚ ਇੱਕ ਵਾਰ ਕਿਆਰੀਆਂ ਦੀ ਮਿੱਟੀ ਪਲਟਾਉ ਤਾਂ ਕਿ ਫਾਰਮਲੀਨ ਦਾ ਅਸਰ ਖਤਮ ਹੋ ਜਾਵੇ । ਇਹ ਕਿਰਿਆ 4-5 ਦਿਨ ਤੱਕ ਦੁਹਰਾਉ ਤਾਂ ਜੋ ਫਾਰਮਲੀਨ ਦਾ ਅਸਰ ਖਤਮ ਹੋ ਜਾਵੇ ਅਤੇ ਬੀਜ ਦੀ ਉਗਣ ਸਕਤੀ ਤੇ ਕੋਈ ਅਸਰ ਨਾ ਹੋਵੇ।
ਬੀਜ ਦੀ ਸੋਧ: ਨਰੋਈ ਪਨੀਰੀ ਤਿਆਰ ਕਰਨ ਲਈ ਨਰੋਏ ਬੀਜ ਦਾ ਹੋਣਾ ਬਹੁਤ ਜਰੂਰੀ ਹੈ, ਇਸ ਲਈ ਬੀਜ ਹਮੇਸਾ ਮਾਨਤਾ ਪ੍ਰਾਪਤ ਅਤੇ ਭਰੋਸੇਯੋਗ ਅਦਾਰੇ ਤੋ ਹੀ ਖਰੀਦੋ।ਬਿਜਾਈ ਤੋ ਪਹਿਲਾਂ ਬੀਜ ਨੂੰ ਉਲੀ-ਨਾਸਕ ਦਵਾਈਆਂ ਜਿਵੇ ਕਿ ਕੈਪਟਾਨ ਜਾਂ ਥੀਰਮ 3.0 ਗ੍ਰਾਮ ਪ੍ਰਤੀ ਕਿਲੋ ਦਵਾਈ ਨਾਲ ਸੋਧੋ।ਧਿਆਨ ਰਹੇ ਕਿ ਬੀਜ ਦਾ ਹਰ ਇੱਕ ਭਾਗ ਦਵਾਈ ਨਾਲ ਸੋਧਿਆ ਜਾਣਾ ਬਹੁਤ ਜ਼ਰੂਰੀ ਹੈ।
ਬਿਜਾਈ ਦਾ ਢੰਗ : ਨਰਸਰੀ ਵਿੱਚ 5.0 ਸੈਟੀਮੀਟਰ ਦੀ ਵਿੱਥ ਤੇ ਕਤਾਰਾਂ ਬਣਾਉ ਅਤੇ ਇਹਨਾਂ ਕਤਾਰਾਂ ਵਿੱਚ 1-2.0 ਸੈਟੀਮੀਟਰ ਦੀ ਡੂੰਘਾਈ ਤੇ ਬਿਜਾਈ ਕਰੋ ।ਬੀਜ ਜਿਆਦਾ ਨੇੜੇ ਬੀਜਣ ਨਾਲ ਪੌਦੇ ਕਮਜੋਰ ਹੋ ਜਾਣਗੇ ਅਤੇ ਇਹਨਾਂ ਵਿੱਚ ਲਕਵਾ ਅਤੇ ਕਮਰ ਤੋੜ ਹੋਣ ਦੀ ਸੰਭਾਵਨਾ ਜ਼ਿਆਦਾ ਹੋਵੇਗੀ ।ਬਿਜਾਈ ਤੋ ਬਾਅਦ ਕਿਆਰੀਆਂ ਤੇ ਗੋਹੇ ਦੀ ਗਲੀ-ਸੜੀ ਰੂੜੀ (ਛਾਣ ਕੇ) ਦੀ ਪਤਲੀ ਤਹਿ ਵਿਛਾ ਦਿਉ । ਬੀਜਾਈ ਤੋ ਤੁਰੰਤ ਬਾਅਦ ਕਿਆਰੀਆਂ ਨੂੰ ਫੁਹਾਰੇ ਨਾਲ ਪਾਣੀ ਦਿਉ ।ਬੀਜ ਪੁੰਗਰਨ ਤੱਕ ਕਿਆਰੀਆਂ ਨੂੰ ਪਰਾਲੀ ਜਾ ਪਲਾਸਟਿਕ ਦੀ ਚਾਦਰ ਨਾਲ ਢੱਕ ਦਿਉ । ਇਸ ਤਰ੍ਹਾਂ ਕਰਨ ਨਾਲ ਬੀਜ ਜਲਦੀ ਪੁੰਗਰਦਾ ਹੈ ਅਤੇ ਬੀਜ ਦਾ ਜਮਾ ਵਧੀਆ ਹੁੰਦਾ ਹੈ।ਗਰਮੀ ਦੇ ਸਮੇਂ ਨਰਸਰੀ ਦੀ ਸਵੇਰੇ-ਸਾਮ ਫੁਹਾਰੇ ਨਾਲ ਸਿੰਚਾਈ ਕਰੋ ਅਤੇ ਠੰਡ ਦੇ ਦਿਨਾਂ ਵਿੱਚ ਸਾਮ ਨੂੰ ਇੱਕ ਵਾਰ ਸਿੰਚਾਈ ਕਰੋ।ਸਰਦੀਆਂ ਦੇ ਮੌਸਮ ਵਿਚ ਪਨੀਰੀ ਨੂੰ ਕੋਰੇ ਤੋ ਬਚਾਉਣ ਲਈ ਨਰਸਰੀ ਬੈਡ ਨੂੰ ਪਲਾਸਟਿਕ ਦੀ ਚਾਦਰ ਨਾਲ ਢਕ ਦਿਉ ਅਤੇ ਦਿਨ ਵੇਲੇ ਜਦੋ ਲੱਗੇ ਕੇ ਧੁੱਪ ਹੈ, ਇਸ ਨੂੰ ਹਟਾ ਦਿਉ।ਇਸ ਤਰ੍ਹਾਂ ਅਸੀ ਸਰਦੀਆਂ ਵਿੱਚ ਵੀ ਨਰੋਈ ਪਨੀਰੀ ਪੈਦਾ ਕਰ ਸਕਦੇ ਹਾਂ ।
ਨਰਸਰੀ ਵਿਚ ਪੌਦਿਆਂ ਦੀ ਦੇਖਭਾਲ : ਪਨੀਰੀ ਦੇ ਪੁੰਗਰਨ ਤੋ 5-7 ਦਿਨ ਬਾਅਦ ਇਸ ਨੂੰ ਕੈਪਟਾਨ/ਥੀਰਮ (4 ਗ੍ਰਾਮ ਪ੍ਰਤੀ ਲੀਟਰ) ਦਵਾਈ ਦੇ ਘੋਲ ਨਾਲ ਗੜੁੱਚ ਕਰੋ। 7-10 ਦਿਨ ਬਾਅਦ ਇਸ ਨੂੰ ਫਿਰ ਦੁਹਰਾਉ।ਨਰਸਰੀ ਵਿੱਚ ਪੌਦਿਆਂ ਨੂੰ ਕੀੜਿਆਂ-ਮਕੋੜਿਆਂ ਤੋ ਬਚਾਉਣ ਲਈ ਐਗਰੋ ਨੈਟ (40 ਮੈਸ) ਦੀ ਵਰਤੋ ਵੀ ਕੀਤੀ ਜਾ ਸਕਦੀ ਹੈ।ਜੇਕਰ ਨਰਸਰੀ ਵਿੱਚ ਪੌਦੇ ਕੋਲ-ਕੋਲ ਹਨ ਤਾਂ ਇਹਨਾਂ ਨੂੰ ਵਿਰਲੇ ਕਰ ਦਿਉ।ਜਦੋ ਪਨੀਰੀ 4-6 ਹਫਤਿਆਂ ਦੀ ਹੋ ਜਾਵੇ ਅਤੇ ਪੌਦੇ 15-20 ਸੈਟੀਮੀਟਰ ਲੰਬੇ ਹੋ ਜਾਣ ਤਾਂ ਇਹਨਾਂ ਨੂੰ ਪੁੱਟ ਕੇ ਖੇਤ ਵਿੱਚ ਲਾ ਦਿਉ ।ਪਨੀਰੀ ਪੁੱਟਣ ਤੋ 3-4 ਦਿਨ ਪਹਿਲਾਂ ਨਰਸਰੀ ਨੂੰ ਪਾਣੀ ਦੇਣਾ ਬੰਦ ਕਰ ਦਿਉ।ਇਸ ਨਾਲ ਪੌਦੇ ਮਜਬੂਤ ਹੋ ਜਾਂਦੇ ਹਨ, ਪਰ ਪੌਦੇ ਪੁੱਟਣ ਤੋ ਇੱਕ ਦਿਨ ਪਹਿਲਾਂ ਹਲਕੀ ਸਿੰਚਾਈ ਜਰੂਰ ਕਰੋ।ਪਨੀਰੀ ਨੂੰ ਪੁੱਟ ਕੇ ਛਾਂ ਵਿਚ ਰੱਖੋ ਅਤੇ ਜਿੰਨੀ ਜਲਦੀ ਹੋ ਸਕੇ ਖੇਤ ਵਿਚ ਲਗਾ ਦਿਉ। ਪੌਦੇ ਖੇਤ ਵਿਚ ਲਗਾਉਣ ਤੋ ਤੁਰੰਤ ਬਾਅਦ ਪਾਣੀ ਜਰੂਰ ਦਿਉ। ਜੇਕਰ ਪਨੀਰੀ ਨੂੰ ਦੂਰ-ਦੁਰਾਡੇ ਲੈ ਜਾਣਾ ਹੋਵੇ ਤਾਂ ਉਸ ਨੂੰ ਗਿੱਲੀ ਬੋਰੀ ਵਿੱਚ ਲਪੇਟ ਕੇ ਲੈ ਜਾਣਾ ਚਾਹੀਦਾ ਹੈ ਤਾਂ ਜੋ ਪੌਦੇ ਮੁਰਝਾਅ ਨਾ ਜਾਣ।ਸੋ ਸਬਜੀਆਂ ਦੀ ਖੇਤੀ ਕਰਨ ਵਾਲੇ ਕਿਸਾਨ ਜੇਕਰ ਉਪਰੋਕਤ ਗੱਲਾਂ ਦਾ ਧਿਆਨ ਰੱਖਣ ਤਾਂ ਉਹ ਨਰੋਈ ਅਤੇ ਸਿਹਤਮੰਦ ਪਨੀਰੀ ਤਿਆਰ ਕਰਕੇ, ਆਪਣੇ ਖੇਤਾਂ ਵਿੱਚੋ ਜਿਆਦਾ ਪੈਦਾਵਾਰ ਲੈ ਸਕਦੇ ਹਨ ਅਤੇ ਸਬਜੀਆਂ ਦੀ ਕਾਸਤ ਨੂੰ ਇੱਕ ਲਾਹੇਵੰਦ ਧੰਦਾ ਬਣਾ ਸਕਦੇ ਹਨ।