ਰੂਸ ਤੋਂ ਤੇਲ ਤੇ ਗੈਸ ਦੀ ਦਰਾਮਦ ‘ਤੇ ਪਾਬੰਦੀਆਂ ਲਗਾਉਣ ਦੀ ਤਿਆਰੀ ‘ਚ ਅਮਰੀਕਾ, ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਦਿੱਤੇ ਵੱਡੇ ਸੰਕੇਤ

TeamGlobalPunjab
3 Min Read

ਵਾਸ਼ਿੰਗਟਨ- ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਤੋਂ ਅਮਰੀਕਾ ਨੇ ਭਾਵੇਂ ਦੂਰੀ ਬਣਾਈ ਰੱਖੀ ਹੋਵੇ ਪਰ ਅਸਿੱਧੇ ਤੌਰ ‘ਤੇ ਜ਼ੇਲੇਨਸਕੀ ਦੀ ਮਦਦ ਕਰ ਰਿਹਾ ਹੈ। ਇੱਕ ਨਿਊਜ਼ ਏਜੰਸੀ ਦੀ ਰਿਪੋਰਟ ਦੇ ਅਨੁਸਾਰ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਐਤਵਾਰ ਨੂੰ ਕਿਹਾ ਕਿ ਯੂਕਰੇਨ ਵਿੱਚ ਯੁੱਧ ਅਪਰਾਧਾਂ ਦੀਆਂ ਅਮਰੀਕਾ ਕੋਲ ਭਰੋਸੇਯੋਗ ਰਿਪੋਰਟਾਂ ਹਨ। ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਵਿਚਾਲੇ ਰੂਸ ਤੋਂ ਤੇਲ ਅਤੇ ਕੁਦਰਤੀ ਗੈਸ ਦੀ ਦਰਾਮਦ ‘ਤੇ ਪਾਬੰਦੀਆਂ ਲਗਾਉਣ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ।

ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਬਲਿੰਕਨ ਨੇ ਕਿਹਾ ਕਿ ਯੂਕਰੇਨ ਵਿੱਚ ਅਸੀਂ ਕੁਝ ਘਾਤਕ ਹਥਿਆਰਾਂ ਦੀ ਵਰਤੋਂ ਬਾਰੇ ਬਹੁਤ ਭਰੋਸੇਯੋਗ ਰਿਪੋਰਟਾਂ ਵੇਖੀਆਂ ਹਨ। ਰੂਸੀ ਤੇਲ ਦਰਾਮਦ ‘ਤੇ ਪਾਬੰਦੀਆਂ ਲਗਾਉਣ ਦੀ ਸੰਭਾਵਨਾ ‘ਤੇ ਬਲਿੰਕੇਨ ਨੇ ਕਿਹਾ, “ਮੈਂ ਇਸ ਵਿਸ਼ੇ ‘ਤੇ ਕੱਲ੍ਹ ਰਾਸ਼ਟਰਪਤੀ ਅਤੇ ਹੋਰ ਕੈਬਨਿਟ ਮੈਂਬਰਾਂ ਨਾਲ ਗੱਲ ਕੀਤੀ ਸੀ।” ਅਸੀਂ ਇਸ ਮੁੱਦੇ ‘ਤੇ ਆਪਣੇ ਯੂਰਪੀ ਭਾਈਵਾਲਾਂ ਅਤੇ ਸਹਿਯੋਗੀਆਂ ਨਾਲ ਗੱਲ ਕਰ ਰਹੇ ਹਾਂ।

ਅਸੀਂ ਇਹ ਵੀ ਯਕੀਨੀ ਬਣਾ ਰਹੇ ਹਾਂ ਕਿ ਪਾਬੰਦੀਆਂ ਕਾਰਨ ਵਿਸ਼ਵ ਬਾਜ਼ਾਰਾਂ ਵਿੱਚ ਤੇਲ ਦੀ ਸਪਲਾਈ ਪ੍ਰਭਾਵਿਤ ਨਾ ਹੋਵੇ। ਦਰਅਸਲ, ਯੂਕਰੇਨ ‘ਤੇ ਰੂਸੀ ਹਮਲੇ ਤੋਂ ਬਾਅਦ, ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਪੱਛਮੀ ਦੇਸ਼ਾਂ ਦੁਆਰਾ ਰੂਸ ਦੇ ਊਰਜਾ ਉਦਯੋਗ ‘ਤੇ ਹੁਣ ਤੱਕ ਕੋਈ ਠੋਸ ਅਤੇ ਘਾਤਕ ਪਾਬੰਦੀਆਂ ਨਹੀਂ ਲਗਾਈਆਂ ਗਈਆਂ ਹਨ। ਮਿੱਤਰ ਦੇਸ਼ਾਂ ਦੀਆਂ ਅਰਥਵਿਵਸਥਾਵਾਂ ‘ਤੇ ਪਾਬੰਦੀਆਂ ਦਾ ਕੋਈ ਵੱਡਾ ਮਾੜਾ ਪ੍ਰਭਾਵ ਨਾ ਪੈਣ ਦੇ ਮੱਦੇਨਜ਼ਰ ਅਜਿਹੇ ਕਦਮਾਂ ਤੋਂ ਬਚਿਆ ਗਿਆ ਹੈ।

ਹਾਲਾਂਕਿ, ਬਲਿੰਕੇਨ ਦੇ ਬਿਆਨ ਨੇ ਰੂਸੀ ਤੇਲ ਅਤੇ ਗੈਸ ਦਰਾਮਦ ‘ਤੇ ਪਾਬੰਦੀਆਂ ਦਾ ਡਰ ਪੈਦਾ ਕੀਤਾ ਹੈ। ਜ਼ਿਕਰਯੋਗ ਹੈ ਕਿ ਰੂਸੀ ਫੌਜ ਨੇ 24 ਫਰਵਰੀ ਨੂੰ ਯੂਕਰੇਨ ‘ਤੇ ਹਮਲਾ ਕੀਤਾ ਸੀ। ਪੱਛਮੀ ਦੇਸ਼ਾਂ ਨੇ ਇਸ ‘ਤੇ ਡੂੰਘੀ ਨਾਰਾਜ਼ਗੀ ਪ੍ਰਗਟਾਈ ਹੈ। ਇਸ ਦੇ ਨਾਲ ਹੀ ਰੂਸ ‘ਤੇ ਕਈ ਪਾਬੰਦੀਆਂ ਲਾਈਆਂ ਗਈਆਂ ਸਨ। ਪਾਬੰਦੀਆਂ ਦਾ ਸਿਲਸਿਲਾ ਅਜੇ ਵੀ ਜਾਰੀ ਹੈ, ਜਿਸ ਦੇ ਨਤੀਜੇ ਵਜੋਂ ਰੂਸ ਦੀ ਆਰਥਿਕਤਾ ‘ਤੇ ਗੰਭੀਰ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਰੂਸ ਦਾ ਹਮਲਾ ਘੱਟ ਹੋਣ ਦੀ ਬਜਾਏ ਵਧ ਰਿਹਾ ਹੈ। ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment