ਅਮਰੀਕਾ, ਇੰਗਲੈਂਡ, ਭਾਰਤ ਸਮੇਤ ਕਈ ਮੁਲਕਾਂ ਨੇ ਰੂਸ ਵੱਲੋਂ ਯੂਕਰੇਨ ਤੇ ਕੀਤੇ ਹਮਲੇ ਦੀ ਕੀਤੀ ਨਿਖੇਧੀ

TeamGlobalPunjab
3 Min Read

ਨਿਊਜ਼ ਡੈਸਕ  – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਰੂਸ ਵੱਲੋਂ ਯੂਕਰੇਨ ਤੇ ਕੀਤੇ ਗਏ ਫੌਜੀ ਹਮਲੇ ਨੂੰ ‘ਬਿਨਾਂ ਕਿਸੇ ਭੜਕਾਹਟ ਦੇ ਅਤੇ ਗ਼ਲਤ’  ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਤੇ ਉਨ੍ਹਾਂ ਦੇ ਸਹਿਯੋਗੀ ਮੁਲਕ ਇਸ ਹਮਲੇ ਲਈ  ਰੂਸ ਨੂੰ ਜ਼ਿੰਮੇਵਾਰ ਮੰਨਣਗੇ। ਬਾਈਡਨ  ਨੇ ਕਿਹਾ ਕਿ ਉਨ੍ਹਾਂ ਨੇ  ਅਮਰੀਕਾ ‘ਚ ਆਪਣੇ ਲੋਕਾਂ ਨਾਲ ਯੂਕਰੇਨ ਦੇ ਹਾਲਾਤਾਂ ਤੇ ਗੰਭੀਰ ਗੱਲਬਾਤ ਕੀਤੀ ਹੈ। ਰੂਸ ਦਾ ਰਵੱਈਆ ਵੇਖਦੇ ਹੋਏ  ਉਨ੍ਹਾਂ ਨੇ  ਰੂਸ ਤੇ ਹੋਰ ਪਾਬੰਦੀਆਂ ਲਾਏ ਜਾਣ ਦੀ ਗੱਲ ਵੀ ਕਹੀ।

NATO ਤੇ EU ਵੱਲੋਂ ਫੌਰੀ ਤੌਰ ਤੇ ਐਮਰਜੈਂਸੀ ਬੈਠਕਾਂ ਕੀਤੀਆਂ ਜਾ ਰਹੀਆਂ ਹਨ। ਅਮਰੀਕਾ ਨੇ ਯੂਨਾਈਟਿਡ ਨੇਸ਼ਨ ਸਕਿਉਰਿਟੀ ਕੌਂਸਲ ‘ਚ ਰੂਸ ਦੇ ਵਿਰੋਧ ਵਿੱਚ  ਪ੍ਰਸਤਾਵ ਲਿਆਉਣ ਦੀ ਗੱਲ ਕੀਤੀ ਹੈ।
ਇੱਕ ਟੈਲੀਵਿਜ਼ਨ ਤੇ ਆਪਣੇ ਸੰਬੋਧਨ ‘ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ  ਨੇ ਕਿਹਾ ਕਿ ਉਨ੍ਹਾਂ ਦੀ ਫ਼ੌਜ ਵੱਲੋਂ ਕੀਤੀ ਗਈ ਕਾਰਵਾਈ ਦੀ ਵਜ੍ਹਾ ਯੂਕਰੇਨ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਹਨ।
ਪੂਤਿਨ ਨੇ ਕਿਹਾ ਕਿ ਰੂਸ ਦਾ ਯੂਕਰੇਨ ਤੇ ਕਬਜ਼ਾ ਕਰਨ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ  ਇਸ ਸਾਰੇ ਖ਼ੂਨ ਖ਼ਰਾਬੇ  ਲਈ ਯੂਕਰੇਨ ਦੇ ਸੱਤਾਧਾਰੀ ਹੀ ਜ਼ਿੰਮੇਵਾਰ ਹੋਣਗੇ। ਉਨ੍ਹਾਂ ਨੇ ਦਾਅਵਾ ਕੀਤਾ ਕਿ  ਰੂਸ ਵੱਲੋਂ  ਕੀਤੀ ਕਾਰਵਾਈ  ਯੂਕਰੇਨ ਦੇ  ਲੋਕਾਂ ਦੀ  ਸੁਰੱਖਿਆ  ਦੇ ਮੱਦੇਨਜ਼ਰ ਚੁੱਕਿਆ ਇੱਕ ਕਦਮ ਹੈ।
ਇੰਗਲੈਂਡ ਤੇ  ਅਮਰੀਕਾ  ਦੇ ਨਾਲ ਨਾਲ ਕਈ ਹੋਰ ਮੁਲਕਾਂ ਨੇ ਰੂਸ ਵੱਲੋਂ ਯੂਕਰੇਨ ਤੇ ਕੀਤੀ ਕਾਰਵਾਈ  ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਯੂਨਾਈਟਿਡ ਨੇਸ਼ਨ ਨੇ ਰੂਸ ਦੇ ਰਾਸ਼ਟਰਪਤੀ ਨੂੰ ਸਖ਼ਤੀ ਨਾਲ  ਅਪੀਲ ਕਰਦਿਆਂ ਕਿਹਾ ਹੈ ਕਿ  ਉਨ੍ਹਾਂ ਵੱਲੋਂ ਯੂਕਰੇਨ ਤੇ ਫੌਜੀ ਹਮਲੇ ਦੀ ਕਾਰਵਾਈ ਫੌਰੀ ਤੌਰ ਤੇ ਬੰਦ ਕੀਤੀ ਜਾਵੇ  ਤੇ ਸ਼ਾਂਤੀ ਪੂਰਨ ਢੰਗ ਨਾਲ ਗੱਲਬਾਤ ਜ਼ਰੀਏ ਇਸ ਮਸਲੇ ਦਾ ਹੱਲ ਕਰਨ ਦਾ ਇੱਕ ਮੌਕਾ ਦਿੱਤਾ ਜਾਵੇ।
ਇਸ ਵਿਚਕਾਰ ਭਾਰਤ ਨੇ ਵੀ ਰੂਸ ਤੇ ਯੁਕਰੇਨ ‘ਚ ਬਣੇ ਤਣਾਅ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ ਤੇ  ਜੰਗਨੁਮਾ ਸਥਿਤੀ ਨੂੰ ਰੋਕਣ ਦੀ ਪੁਰਜ਼ੋਰ ਅਪੀਲ ਕੀਤੀ ਹੈ।
15 ਮੁਲਕਾਂ ਦੇ ਮੈਂਬਰਾਂ ਵਾਲੀ  ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਿਲ ਨੇ ਇਸ ਹਫ਼ਤੇ ਵਿੱਚ ਦੋ ਵਾਰ ਐਮਰਜੈਂਸੀ ਬੈਠਕ ਬੁਲਾ ਕੇ ਇਸ ਭੱਖੀ ਹੋਈ ਸਥਿਤੀ ਦਾ ਜਾਇਜ਼ਾ ਲਿਆ ਹੈ ਅਤੇ  ਮੈਂਬਰ ਦੇਸ਼ਾਂ ਨੇ ਇਸ ਤੇ ਆਪਣੇ ਵਿਚਾਰ ਪੇਸ਼ ਕੀਤੇ। ਜਿਸ ਵਿੱਚ ਭਾਰਤ ਨੇ ਵੀ ਇਹੋ ਗੱਲ ਅੱਗੇ ਰੱਖੀ ਕਿ  ਯੂਕਰੇਨ ਤੇ ਰੂਸ ਵਿਚਕਾਰ ਬਣੇ ਇਸ ਜੰਗੀ ਤਣਾਅ  ਨਾਲ  ਵੱਡਾ ਨੁਕਸਾਨ ਹੋ ਸਕਦਾ ਹੈ।

 

- Advertisement -
ਉਧਰ ਯੂਕਰੇਨ ਨੇ  ਹਵਾਈ ਮਾਰਗ ਬੰਦ ਕਰ ਦਿੱਤਾ ਹੈ  ਜਿਸ ਦੀ ਵਜ੍ਹਾ ਨਾਲ  ਭਾਰਤ ਤੋਂ ਗਿਆ ਏਅਰ ਇੰਡੀਆ ਦਾ ਜਹਾਜ਼ ਵੀ ਵਾਪਸ ਪਰਤ ਆਇਆ । ਇਸ ਦੇ ਨਾਲ ਹੀ ਦੂਜੇ ਦੇਸ਼ਾਂ ਦੇ ਯੂਕਰੇਨ ਵੱਲ ਜਾਣ ਵਾਲੇ ਹਵਾਈ  ਜਹਾਜ਼ਾਂ ਤੇ ਵੀ ਫ਼ਿਲਹਾਲ ਰੋਕ ਲਗਾ ਦਿੱਤੀ ਗਈ ਹੈ।
ਉੱਧਰ ਜਾਪਾਨ ਤੇ ਆਸਟ੍ਰੇਲੀਆ  ਨੇ ਇਨ੍ਹਾਂ ਹਾਲਾਤਾਂ ‘ਚ  ਕੱਚੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ  ਕੌਮਾਂਤਰੀ ਬਾਜ਼ਾਰ ਤੇ ਨਜ਼ਰ ਰੱਖੀ ਹੋਈ ਹੈ। ਪਰ ਇਨ੍ਹਾਂ ਦੋਹਾਂ ਦੇਸ਼ਾਂ ਨੇ ਵਿਗੜੇ ਹਾਲਾਤਾਂ ਦੀ ਸੂਰਤ ‘ਚ ਅਮਰੀਕਾ ਤੋਂ ਤੇਲ ਦਾ ਸਟਾਕ ਲੇੈਣ ਦੀ ਵੀ ਗੱਲ ਕਹੀ ਹੈ।

Share this Article
Leave a comment