ਪਰਵਾਸੀਆਂ ਲਈ ਹਮੇਸ਼ਾ ਲਈ ਬੰਦ ਹੋ ਸਕਦੈ ਕੈਨੇਡਾ-ਅਮਰੀਕਾ ਦਾ ਇਹ ਬਾਰਡਰ

Prabhjot Kaur
3 Min Read

ਓਟਵਾ: ਕੈਨੇਡਾ ਅਤੇ ਅਮਰੀਕਾ ਵਿਚਾਲੇ ਗੈਰਕਾਨੂੰਨੀ ਪਰਵਾਸ ਨੂੰ ਲੈ ਕੇ ਸਮਝੌਤਾ ਹੋਇਆ ਹੈ, ਜਿਸ ਤਹਿਤ ਫ਼ੈਡਰਲ ਸਰਕਾਰ ਨੂੰ ਕੈਨੇਡਾ-ਅਮਰੀਕਾ ਬਾਰਡਰ ‘ਤੇ ਰੋਕਸਮ ਰੋਡ ਨੂੰ ਬੰਦ ਕਰਨ ਦੀ ਆਗਿਆ ਹੋਵੇਗੀ। ਦੱਸਣਯੋਗ ਹੈ ਕਿ ਰੌਕਸਮ ਰੋਡ ਮੌਂਟਰੀਅਲ ਤੋਂ ਲਗਭਗ 50 ਕਿਲੋਮੀਟਰ ਦੱਖਣ ਵੱਲ ਕਿਊਬੈਕ ਨਿਊਯਾਰਕ ਬਾਰਡਰ ‘ਤੇ ਪੈਂਦਾ ਹੈ। ਪਿਛਲੇ ਲੰਬੇ ਸਮੇਂ ਤੋਂ ਇਸ ਅਨਿਯਮਿਤ ਬਾਰਡਰ ਕਰਾਸਿੰਗ ਰਾਹੀਂ ਹਜ਼ਾਰਾਂ ਲੋਕ ਸ਼ਰਣ ਮੰਗਣ ਵਾਲੇ ਅਮਰੀਕਾ ਤੋਂ ਕੈਨੇਡਾ ਦਾਖ਼ਲ ਹੁੰਦੇ ਰਹੇ ਹਨ, ਜਿਸ ਕਰਕੇ ਇਹ ਲਾਂਘਾ ਦੋਵੇਂ ਮੁਲਕਾਂ ਵਿਚਾਲੇ ਤਣਾਅ ਦਾ ਮੁੱਦਾ ਰਿਹਾ ਹੈ।

ਵਿਰੋਧੀ ਪਾਰਟੀਆਂ ਅਤੇ ਕਿਊਬੈਕ ਸਰਕਾਰ ਟਰੂਡੋ ਸਰਕਾਰ ‘ਤੇ ਰੋਕਸਮ ਰੋਡ ਨੂੰ ਲੈਕੇ ਦਬਾਅ ਪਾਉਂਦੀਆਂ ਰਹੀਆਂ ਹਨ। ਅਨਿਯਮਿਤ ਸਰਹੱਦੀ ਲਾਂਘੇ ਰਾਹੀਂ ਵੱਡੀ ਗਿਣਤੀ ਵਿਚ ਸ਼ਰਣ ਮੰਗਣ ਵਾਲਿਆਂ ਦੇ ਕੈਨੇਡਾ ਪਹੁੰਚਣ ‘ਤੇ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵਰ ਅਤੇ ਕਿਊਬੈਕ ਪ੍ਰੀਮੀਅਰ François Legault ਨੇ ਇਸ ਲਾਂਘੇ ਨੂੰ ਬੰਦ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਵੱਡੀ ਗਿਣਤੀ ‘ਚ ਸ਼ਰਣਾਰਥੀਆਂ ਦੀ ਆਮਦ ਕਿਊਬੈਕ ਸਰਕਾਰ ਦੀਆਂ ਸੋਸ਼ਲ ਸਰਵਿਸਾਂ ‘ਤੇ ਬੋਝ ਪਾ ਰਹੀ ਹੈ। ਸਰਕਾਰੀ ਅੰਕੜਿਆਂ ਦੇ ਅਨੁਸਾਰ, 2022 ਵਿੱਚ ਕੈਨੇਡਾ ਵਿੱਚ ਪਨਾਹ ਦੇ ਲਗਭਗ ਦੋ ਤਿਹਾਈ ਕਲੇਮ ਕਿਊਬਿਕ ਵਿੱਚ ਕੀਤੇ ਗਏ ਸਨ। ਲਗਭਗ 40,000 ਪਨਾਹਗੀਰਾਂ ਨੇ ਪਿਛਲੇ ਸਾਲ ਰੌਕਸਮ ਰੋਡ ਤੋਂ ਸਰਹੱਦ ਪਾਰ ਕੀਤੀ ਸੀ। ਪਰਵਾਸੀ ਮੁੱਖ ਤੌਰ ‘ਤੇ ਹੇਤੀ, ਤੁਰਕੀ, ਕਲੰਬੀਆ, ਚਿਲੀ, ਪਾਕਿਸਤਾਨ ਅਤੇ ਵੈਨੇਜ਼ੁਏਲਾ ਤੋਂ ਸਨ।

ਟਰੂਡੋ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਰੋਕਸਮ ਰੋਡ ਨੂੰ ਬੰਦ ਕਰਨ ਦਾ ਇੱਕ ਇੱਕ ਹੱਲ ਸੇਫ਼ ਥਰਡ ਕੰਟਰੀ ਅਗਰੀਮੈਂਟ ‘ਤੇ ਮੁੜ-ਗੱਲਬਾਤ ਕਰਨਾ ਹੈ। ਪਰ ਅਮਰੀਕੀ ਰਾਜਦੂਤ ਡੇਵਿਡ ਕੋਹੇਨ ਨੇ ਕਿਹਾ ਸੀ ਕਿ ਇਸ ਨਾਲ ਅਨਿਯਮਿਤ ਪਰਵਾਸ ਨਾਲ ਨਜਿੱਠਣ ਵਿਚ ਬਹੁਤੀ ਮਦਦ ਨਹੀਂ ਮਿਲੇਗੀ। ਸੇਫ਼ ਥਰਡ ਕੰਟਰੀ ਅਗਰੀਮੈਂਟ ਅਧੀਨ, ਕੈਨੇਡਾ ਅਤੇ ਅਮਰੀਕਾ ਨੇ ਇੱਕ ਦੂਸਰੇ ਨੂੰ ਪਨਾਹਗੀਰਾਂ ਲਈ ਸੁਰੱਖਿਅਤ ਐਲਾਨਿਆ ਹੋਇਆ ਹੈ ਅਤੇ ਪਨਾਹ ਮੰਗਣ ਵਾਲੇ ਸ਼ਖ਼ਸ ਨੂੰ ਪਹਿਲਾਂ ਪਹੁੰਚੇ ਦੇਸ਼ ਵਿਚ ਪਨਾਹ ਦਾ ਕਲੇਮ ਲਗਾਉਣਾ ਜ਼ਰੂਰੀ ਹੁੰਦਾ ਹੈ। ਇਸ ਦਾ ਅਰਥ ਹੋਇਆ ਕਿ ਜਿਹੜੇ ਲੋਕ ਅਮਰੀਕਾ ਤੋਂ ਅਧਿਕਾਰਤ ਲਾਂਘੇ ਰਾਹੀਂ ਕੈਨੇਡਾ ਪਨਾਹ ਮੰਗਣ ਆਉਣਾ ਚਾਹੁੰਦੇ ਹਨ, ਉਹਨਾਂ ਨੂੰ ਪੋਰਟ ਔਫ਼ ਐਂਟਰੀ ਤੋਂ ਵਾਪਸ ਭੇਜ ਦਿੱਤਾ ਜਾਂਦਾ ਹੈ। ਪਰ ਜੋ ਪਨਾਹਗੀਰ ਰੌਕਸਮ ਵਰਗੇ ਅਣਅਧਿਕਾਰਤ ਲਾਂਘੇ ਤੋਂ ਕੈਨੇਡਾ ਆਉਂਦੇ ਹਨ, ਤਾਂ ਉਹਨਾਂ ਦੀ ਅਪੀਲ ਸੁਣੀ ਜਾ ਸਕਦੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment