ਕੋਵਿਡ -19 : ਰੂਸ ‘ਚ 7ਵੇਂ ਦਿਨ ਵੀ ਕੋਰੋਨਾ ਅਟੈਕ, ਫਿੱਕਾ ਰਿਹਾ ਦੂਜੇ ਵਿਸ਼ਵ ਯੁੱਧ ਦੀ ਜਿੱਤ ਦਾ ਜ਼ਸ਼ਨ

TeamGlobalPunjab
2 Min Read

ਨਿਊਜ਼ ਡੈਸਕ : ਪੂਰੀ ਦੁਨੀਆ ‘ਤੇ ਕਹਿਰ ਬਰਸਾ ਰਹੇ ਕੋਰੋਨਾ ਵਾਇਰਸ ਦਾ ਅਗਲਾ ਨਿਸ਼ਾਨਾ ਹੁਣ ਰੂਸ ਬਣਦਾ ਨਜ਼ਰ ਆ ਰਿਹਾ ਹੈ। ਕੋਰੋਨਾ ਮਹਾਮਾਰੀ ਨੇ ਰੂਸ ਵਿਚ ਤਬਾਹੀ ਮਚਾਈ ਹੋਈ ਹੈ। ਬੀਤੇ ਸ਼ਨੀਵਾਰ ਨੂੰ ਲਗਾਤਾਰ ਸੱਤਵੇਂ ਦਿਨ 24 ਘੰਟਿਆਂ ਵਿਚ ਕੋਰੋਨਾ ਦੇ 10,000 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਸ ਦੇ ਚੱਲਦਿਆਂ ਰੂਸ ‘ਚ ਦੂਜੇ ਵਿਸ਼ਵ ਯੁੱਧ ਦਾ ਜ਼ਸ਼ਨ ਵੀ ਫਿੱਕਾ ਹੀ ਰਿਹਾ। ਇਹ ਪਹਿਲੀ ਵਾਰ ਹੋਇਆ ਹੈ। ਦੱਸ ਦਈਏ ਕਿ ਹਰ ਸਾਲ ਇਸ ਮੌਕੇ ‘ਤੇ ਪੂਰੇ ਰੂਸ ‘ਚ ਜ਼ਸ਼ਨ ਮਨਾਇਆ ਜਾਂਦਾ ਰਿਹਾ ਹੈ ਪਰ ਇਸ ਵਾਰ ਇਸ ਜ਼ਸ਼ਨ ਨੂੰ ਕੋਰੋਨਾ ਮਹਾਮਾਰੀ ਕਾਰਨ ਸਹਿਮੇ ਰੂਸੀ ਲੋਕ ਇਸ ਜ਼ਸ਼ਨ ਲਈ ਘਰਾਂ ਤੋਂ ਬਾਹਰ ਨਹੀਂ  ਨਿਕਲੇ। ਇਸ ਤੋਂ ਇਲਾਵਾ ਲਾਲ ਚੌਕ (ਰੈੱਡ ਸਕਵਾਇਰ) ਵਿਖੇ ਹੋਣ ਵਾਲੀ ਵਿਸ਼ਾਲ ਪਰੇਡ ਨੂੰ ਵੀ ਰੱਦ ਕਰ ਦਿੱਤਾ ਗਿਆ। ਪੁਤਿਨ ਨੇ ਕਿਹਾ, ਇਸ ਰਸਮ ਨੂੰ ਮਨਾਉਣਾ ਕਾਫ਼ੀ ਜੋਖਮ ਭਰਪੂਰ ਹੈ।

ਰੂਸ ‘ਚ ਇਸ ਵਾਰ ਵੀ ਦਿਵਸ ਮੌਕੇ ਹਰ ਸਾਲ ਦੀ ਤਰ੍ਹਾਂ ਰਾਸ਼ਟਰੀ ਛੁੱਟੀ ਘੋਸ਼ਿਤ ਕੀਤੀ ਗਈ ਸੀ। ਕ੍ਰੇਮਲਿਨ (ਰੂਸੀ ਸੰਸਦ) ਦੇ ਬਾਹਰ ਸੈਨਿਕਾਂ ਦੀ ਕਬਰ ਤੇ ਫੁੱਲ ਚੜ੍ਹਾ ਕੇ ਉਨ੍ਹਾਂ ਨੂੰ ਸ਼ਰਧਾਜਲੀ ਭੇਟ ਕੀਤੀ ਗਈ। ਇਸ ਦੇ ਨਾਲ ਹੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਜਿੱਤ ਦੀ ਇਸ 75 ਵੀਂ ਵਰ੍ਹੇਗੰਢ ‘ਤੇ ਇਕ ਰਸਮੀ ਸਮਾਰੋਹ ਵਿਚ ਯੁੱਧ ਦੌਰਾਨ ਸੋਵੀਅਤ ਸੈਨਾ ਦੇ ਹੌਂਸਲੇ ਅਤੇ ਕੁਰਬਾਨੀਆਂ ਦੇ ਸਨਮਾਨ ਵਿਚ ਭਾਸ਼ਣ ਦਿੱਤਾ।

ਤਾਜਾ ਜਾਣਕਾਰੀ ਅਨੁਸਾਰ ਰੂਸ ‘ਚ ਹੁਣ ਤੱਕ ਕੋਰੋਨਾ ਵਾਇਰਸ ਦੇ 2 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 1,827 ਲੋਕ  ਕੋਰੋਨਾ ਕਾਰਨ ਆਪਣੀ ਜਾਨ ਗੁਆ ​​ਚੁੱਕੇ ਹਨ। ਕੋਰੋਨਾ ਸੰਕਰਮਿਤ ਮਾਮਲਿਆਂ ‘ਚ ਰੂਸ ਪੂਰੀ ਦੁਨੀਆ ‘ਚੋਂ 7 ਵੇਂ ਨੰਬਰ ‘ਤੇ ਹੈ ਜਦ ਕਿ ਰੂਸ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਮੌਤ ਦਰ ਬਾਕੀ  ਦੇਸ਼ਾਂ ਦੇ ਮੁਕਾਬਲੇ ਬਹੁਤ ਘੱਟ ਹੈ।

Share this Article
Leave a comment