ਦੁਬਈ: ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦਾ ਝੰਡਾ ਲੈ ਕੇ ਜਾ ਰਿਹਾ ਇਕ ਮਾਲਵਾਹਕ ਜਹਾਜ਼ ਵੀਰਵਾਰ ਨੂੰ ਖਰਾਬ ਮੌਸਮ ਕਾਰਨ ਫਾਰਸ ਦੀ ਖਾੜੀ ‘ਚ ਡੁੱਬ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਕਰਮਚਾਰੀ ਚਾਲਕ ਦਲ ਦੇ ਸਾਰੇ 30 ਮੈਂਬਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਸਲੇਮ ਅਲ ਮਕਰਾਨੀ ਕਾਰਗੋ ਕੰਪਨੀ ਦੇ ਸੰਚਾਲਨ ਨਿਰਦੇਸ਼ਕ ਕੈਪਟਨ ਨਿਜ਼ਾਰ ਕਦੌਰਾ ਨੇ ਕਿਹਾ ਕਿ ਅਲ ਸਲਮੀ 6 ਖਰਾਬ ਮੌਸਮ ਅਤੇ ਤੂਫਾਨ ਵਿੱਚ ਫਸ ਗਿਆ ਅਤੇ ਫਿਰ ਡੁੱਬ ਗਿਆ। ਉਨ੍ਹਾਂ ਦੱਸਿਆ ਕਿ ਬਚਾਅ ਕਰਮਚਾਰੀਆਂ ਨੇ ਚਾਲਕ ਦਲ ਦੇ 16 ਮੈਂਬਰਾਂ ਨੂੰ ਬਚਾਇਆ ਹੈ। ਬਾਕੀ 11 ਮੈਂਬਰਾਂ ਨੇ ਖੁਦ ਆਪਣੀ ਜਾਨ ਬਚਾਈ ਜਦਕਿ ਇਕ ਵਿਅਕਤੀ ਨੂੰ ਨੇੜੇ ਦੇ ਟੈਂਕਰ ਨੇ ਬਚਾ ਲਿਆ। ਚਾਲਕ ਦਲ ਦੇ ਦੋ ਮੈਂਬਰ ਅਜੇ ਵੀ ਸਮੁੰਦਰ ਵਿੱਚ ਹਨ। ਉਨ੍ਹਾਂ ਕਿਹਾ ਕਿ ਚਾਲਕ ਦਲ ਦੇ ਮੈਂਬਰਾਂ ਵਿੱਚ ਸੁਡਾਨ, ਭਾਰਤ, ਪਾਕਿਸਤਾਨ, ਯੂਗਾਂਡਾ, ਤਨਜ਼ਾਨੀਆ ਅਤੇ ਇਥੋਪੀਆ ਦੇ ਨਾਗਰਿਕ ਸ਼ਾਮਲ ਹਨ। ਇਹ ਜਹਾਜ਼ ਕਾਰ ਅਤੇ ਹੋਰ ਸਮਾਨ ਲੈ ਕੇ ਇਰਾਕ ਜਾ ਰਿਹਾ ਸੀ।