ਈਰਾਨ ‘ਚ ਲਗਾਤਾਰ ਹੋਏ ਦੋ ਬੰਬ ਧਮਾਕੇ, 103 ਲੋਕਾਂ ਦੀ ਮੌਤ

Rajneet Kaur
2 Min Read

ਨਿਊਜ਼ ਡੈਸਕ: ਈਰਾਨ ‘ਚ ਵੱਡੀ ਹਲਚਲ ਮਚ ਗਈ ਹੈ। ਲਗਾਤਾਰ ਦੋ ਬੰਬ ਧਮਾਕਿਆਂ ਵਿੱਚ 103 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਿਪੋਰਟਾਂ ਅਨੁਸਾਰ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਹ ਹਮਲੇ ਕਿਸ ਨੇ ਕੀਤੇ ਹਨ। ਫਿਲਹਾਲ ਇਸ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ ਹੈ।

ਇਹ ਧਮਾਕਾ ਕੇਰਮਨ ਸ਼ਹਿਰ ਦੇ ਇਕ ਕਬਰਸਤਾਨ ਨੇੜੇ ਹੋਇਆ। ਮਿਲੀ ਜਾਣਕਾਰੀ ਅਨੁਸਾਰ ਕਮਾਂਡਰ ਕਾਸਿਮ ਸੁਲੇਮਾਨੀ ਨੂੰ ਇਸ ਕਬਰਸਤਾਨ ਵਿੱਚ ਦਫ਼ਨਾਇਆ ਗਿਆ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਬੁੱਧਵਾਰ ਨੂੰ ਈਰਾਨ ਵਿੱਚ ਕਾਸਿਮ ਸੁਲੇਮਾਨੀ ਦੀ ਮੌਤ ਦੀ ਚੌਥੀ ਬਰਸੀ ਮਨਾਈ ਜਾ ਰਹੀ ਸੀ। ਫੌਜ ਸਰਗਰਮ ਹੋ ਗਈ ਹੈ ਅਤੇ ਸਰਕਾਰ ਨੇ ਅਲਰਟ ਦੇ ਹੁਕਮ ਦਿੱਤੇ ਹਨ। ਈਰਾਨ ਦੇ ਡਿਪਟੀ ਗਵਰਨਰ ਨੇ ਇਨ੍ਹਾਂ ਧਮਾਕਿਆਂ ਨੂੰ ‘ਅੱਤਵਾਦੀ’ ਹਮਲਾ ਦੱਸਿਆ ਹੈ।

ਦਰਅਸਲ, ਹਮਲੇ ਦੀ ਜਾਣਕਾਰੀ ਦਿੰਦੇ ਹੋਏ ਈਰਾਨ ਦੇ ਸਰਕਾਰੀ ਪ੍ਰਸਾਰਕ ਇਰਿਬ ਨੇ ਪਹਿਲਾਂ ਕਿਹਾ ਕਿ ਕੇਰਮਨ ਸ਼ਹਿਰ ਦੀ ਸਾਹੇਬ ਅਲ-ਜ਼ਮਾਨ ਮਸਜਿਦ ਦੇ ਨੇੜੇ ਇਕ ਸਮਾਰੋਹ ਦੌਰਾਨ ਹੋਏ ਧਮਾਕਿਆਂ ਵਿਚ ਘੱਟੋ-ਘੱਟ 50 ਲੋਕਾਂ ਦੀ ਮੌਤ ਹੋ ਗਈ ਹੈ, ਪਰ ਫਿਰ ਥੋੜ੍ਹੀ ਦੇਰ ਬਾਅਦ ਇਹ ਅੰਕੜਾ 100 ਨੂੰ ਪਾਰ ਕਰ ਗਿਆ।ਇਨ੍ਹਾਂ ਧਮਾਕਿਆਂ ‘ਚ ਸੈਂਕੜੇ ਲੋਕ ਜ਼ਖਮੀ ਵੀ ਹੋਏ ਹਨ। ਮੌਤਾਂ ਅਤੇ ਜ਼ਖਮੀਆਂ ਦੀ ਗਿਣਤੀ ਵਧ ਸਕਦੀ ਹੈ। ਦੱਸਿਆ ਗਿਆ ਹੈ ਕਿ ਕੇਰਮਾਨ ਸੂਬੇ ਦੇ ਐਮਰਜੈਂਸੀ ਸੇਵਾਵਾਂ ਦੇ ਮੁਖੀ ਨੇ ਵੀ ਕਿਹਾ ਕਿ ਧਮਾਕਾ ਬੰਬ ਧਮਾਕੇ ਕਾਰਨ ਹੋਇਆ ਹੈ।

- Advertisement -

ਦੂਜੇ ਪਾਸੇ, ਸਥਾਨਕ ਮੀਡੀਆ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਸਾਹੇਬ ਅਲ-ਜ਼ਮਾਨ ਮਸਜਿਦ ਦੇ ਨੇੜੇ ਇੱਕ ਵੱਡਾ ਧਮਾਕਾ ਸੁਣਿਆ ਗਿਆ ਜਿੱਥੇ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਦੇ ਵਿਦੇਸ਼ੀ ਆਪ੍ਰੇਸ਼ਨਾਂ ਦੇ ਮੁਖੀ ਸੁਲੇਮਾਨੀ ਨੂੰ ਦੱਖਣੀ ਈਰਾਨ ਦੇ ਕਰਮਨ ਸ਼ਹਿਰ ਵਿੱਚ ਦਫ਼ਨਾਇਆ ਗਿਆ ਹੈ। ਕੁਝ ਸਮੇਂ ਬਾਅਦ, ਸਾਹੇਬ ਅਲ-ਜ਼ਮਾਨ ਮਸਜਿਦ ਦੇ ਨੇੜੇ ਇੱਕ ਦੂਜੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਧਮਾਕੇ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਧਮਾਕਿਆਂ ਤੋਂ ਬਾਅਦ ਮਚੀ ਭਗਦੜ ਵਿਚ ਕਈ ਲੋਕ ਜ਼ਖਮੀ ਹੋ ਗਏ, ਕਿਉਂਕਿ ਬਹੁਤ ਸਾਰੇ ਲੋਕ ਸੁਲੇਮਾਨੀ ਦੀ ਬਰਸੀ ਵਿਚ ਸ਼ਾਮਲ ਹੋਣ ਲਈ ਆਏ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment