ਚੰਡੀਗੜ੍ਹ: ਸੂਬੇ ਵਿੱਚ ਜਿੱਥੇ ਮਾਲ ਗੱਡੀਆਂ ਚਲਾਉਣ ਨੂੰ ਲੈ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਸਾਰੇ ਰੇਲਵੇ ਟਰੈਕ ਖਾਲੀ ਕਰ ਦਿੱਤੇ ਗਏ ਹਨ। ਉੱਥੇ ਹੀ ਰੇਲਵੇ ਬੋਰਡ ਦੇ ਚੇਅਰਮੈਨ ਨੇ ਦਾਅਵਾ ਕੀਤਾ ਹੈ ਕਿ ਸੂਬੇ ਵਿੱਚ ਹੁਣ ਵੀ 23 ਥਾਵਾਂ ‘ਤੇ ਕਿਸਾਨ ਟਰੈਕ ‘ਤੇ ਧਰਨਾ ਲਾ ਕੇ ਬੈਠੇ ਹਨ, ਅਜਿਹੇ ਵਿਚ ਟਰੇਨਾਂ ਚਲਾਉਣਾ ਸੰਭਵ ਨਹੀਂ ਹੈ।
ਅਸਲ ‘ਚ ਰੇਲਵੇ ਮਾਲ ਗੱਡੀਆਂ ਦੇ ਨਾਲ-ਨਾਲ ਯਾਤਰੀ ਗੱਡੀਆਂ ਨੂੰ ਵੀ ਚਲਾਉਣਾ ਚਾਹੁੰਦਾ ਹੈ ਜਦਕਿ ਪੰਜਾਬ ਸਰਕਾਰ ਦੇ ਮੌਜੂਦਾ ਹਾਲਾਤ ਵਿੱਚ ਸਿਰਫ਼ ਮਾਲ ਗੱਡੀਆਂ ਸ਼ੁਰੂ ਕਰਨ ਦੇ ਪੱਖ ਵਿੱਚ ਹੈ। ਸੂਬਾ ਸਰਕਾਰ ਤੇ ਰੇਲਵੇ ਵਿਚਾਲੇ ਚੱਲ ਰਹੀ ਤਲਖ਼ੀ ਦੇ ਚਲਦਿਆਂ ਹੁਣ ਵੀ ਟਰੇਨਾਂ ਸ਼ੁਰੂ ਹੋਣ ‘ਤੇ ਸਸਪੈਂਸ ਜਾਰੀ ਹੈ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਸ਼ਾਮ ਤਕ ਇਹ ਮੰਨਿਆ ਜਾ ਰਿਹਾ ਸੀ ਕਿ ਮਾਲ ਗੱਡੀਆਂ ਨੂੰ ਚਲਾਉਣ ਦੇ ਆਦੇਸ਼ ਕਿਸੇ ਵੀ ਸਮੇਂ ਆ ਸਕਦੇ ਹਨ। ਇਹ ਸੰਕੇਤ ਉਸ ਸਮੇਂ ਮਿਲੇ ਸਨ ਜਦੋਂ ਸ਼ੁੱਕਰਵਾਰ ਦੀ ਸਵੇਰ ਪੰਜਾਬ ਪੁਲਿਸ ਅਤੇ ਰੇਲਵੇ ਪੁਲਿਸ ਨੇ ਮਿਲ ਕੇ ਸਾਰੇ ਰੇਲਵੇ ਟਰੈਕਾਂ ਦੀ ਜਾਂਚ ਕੀਤੀ ਸੀ।