ਬੀਜਿੰਗ: ਚੀਨ ਨੇ ਮੰਗਲਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉਸ ਬਿਆਨ ‘ਤੇ ਸਖਤ ਨਰਾਜ਼ਗੀ ਜ਼ਾਹਰ ਕੀਤੀ ਜਿਸ ਵਿਚ ਟਰੂਡੋ ਨੇ ਚੀਨ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ‘ਚ ਕੈਨੇਡੀਅਨ ਨਾਗਰਿਕ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਦੀ ਆਲੋਚਨਾ ਕੀਤੀ ਸੀ। ਟਰੂਡੋ ਨੇ ਚੀਨ ਨੂੰ ਆਪਹੁਦਰੇ ਢੰਗ ਨਾਲ ਫੈਸਲੇ ਲੈਣ ਦਾ ਦੋਸ਼ ਲਾਇਆ ਜਿਸ ਤੋਂ ਬਾਅਦ ਚੀਨ ਨੇ ਟਰੂਡੋ ਦੇ ਇਸ ਬਿਆਨ ਨੂੰ ਗੈਰ-ਜ਼ਿੰਮੇਵਾਰਾਨਾ ਕਰਾਰ ਦਿੱਤਾ ਹੈ।
ਚੀਨ ਦੇ ਵਿਦੇਸ਼ੀ ਮੰਤਰਾਲੇ ਦੇ ਬੁਲਾਰੇ ਹੁਆ ਚੁਨਿਯਿੰਗ ਨੇ ਅਸੰਤੁਸਟੀ ਪ੍ਰਗਟਾਈ ਹੈ। ਹੁਆ ਨੇ ਕਿਹਾ ਕਿ ਕੈਨੇਡਾ ਦੇ ਉੱਘੇ ਅਧਿਕਾਰੀ ਵੱਲੋਂ ਇਸ ਤਰ੍ਹਾਂ ਦੀ ਬਿਆਨਬਾਜੀ ਸੋਭਦੀ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਕੈਨੇਡਾ ਵੱਲੋਂ ਆਪਣੇ ਨਾਗਰਿਕਾਂ ਨੂੰ ਚੀਨ ਦੇ ਦੌਰੇ ਲਈ ਚੇਤਾਵਨੀ ਜਾਰੀ ਕਰਨ ਦਾ ਵੀ ਚੀਨੀ ਅਧਿਕਾਰੀਆਂ ਵੱਲੋਂ ਸਖਤ ਨੋਟਿਸ ਲਿਆ ਗਿਆ ਹੈ। ਉਨ੍ਹਾਂ ਆਖਿਆ ਕਿ ਇਸ ਦੇ ਉਲਟ ਕੈਨੇਡਾ ਨੂੰ ਆਪਣੇ ਨਾਗਰਿਕਾਂ ਨੂੰ ਨਸਿਆਂ ਦੀ ਸਮਗਲਿੰਗ ਕਰਨ ਤੋਂ ਰੋਕਣ ਦੀ ਸਲਾਹ ਦੇਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਬੀਜਿੰਗ ਤੇ ਓਟਵਾ ਦਸੰਬਰ ਦੇ ਸ਼ੁਰੂ ਤੋਂ ਹੀ ਅਜੀਬ ਕਸ਼ਮਕਸ਼ ਵਿੱਚ ਉਲਝੇ ਹੋਏ ਹਨ। ਮਾਮਲਾ ਇੰਜ ਹੈ ਕਿ ਕੈਨੇਡੀਅਨ ਪੁਲਿਸ ਵੰਲੋਂ ਹੁਆਵੇਈ ਟੈਕਨਾਲੋਜੀਜ਼ ਕਾਰਪੋਰੇਸ਼ਨ ਲਿਮਟਿਡ ਦੀ ਚੀਫ ਫਾਇਨਾਂਸੀਅਲ ਆਫੀਸਰ ਮੈਂਗ ਵਾਨਜੋਊ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕੁੱਝ ਦਿਨ ਬਾਅਦ ਹੀ ਚੀਨ ਨੇ ਦੇਸ ਦੀ ਸਕਿਊਰਿਟੀ ਨੂੰ ਖਤਰੇ ਦੱਸ ਕੇ ਦੋ ਕੈਨੇਡੀਅਨਾਂ ਨੂੰ ਸੱਕ ਦੇ ਆਧਾਰ ਉੱਤੇ ਨਜਰਬੰਦ ਕਰ ਲਿਆ। ਇਨ੍ਹਾਂ ਨਜਰਬੰਦ ਕੀਤੇ ਗਏ ਕੈਨੇਡੀਅਨਾਂ ਵਿੱਚੋਂ ਇੱਕ ਹਨ ਸਾਬਕਾ ਡਿਪਲੋਮੈਟ ਮਾਈਕਲ ਕੋਵਰਿਗ ਤੇ ਕਾਰੋਬਾਰੀ ਸਲਾਹਕਾਰ ਮਾਈਕਲ ਸਪੈਵਰ।
ਇਸ ਤੋਂ ਇਲਾਵਾ ਸੋਮਵਾਰ ਨੂੰ ਇੱਕ ਹੋਰ ਮਾਮਲੇ ਵਿੱਚ ਚੀਨ ਦੀ ਅਦਾਲਤ ਨੇ ਕੈਨੇਡੀਅਨ ਰੌਬਰਟ ਲੌਇਡ ਸੈਲਨਬਰਗ ਨੂੰ ਕਥਿਤ ਤੌਰ ਉੱਤੇ 222 ਕਿੱਲੋ ਮੈਥਾਮਫੈਟਾਮਾਈਨਜ ਦੀ ਸਮਗਲਿੰਗ ਕਰਨ ਦੇ ਸਬੰਧ ਵਿੱਚ ਮੌਤ ਦੀ ਸਜਾ ਸੁਣਾ ਦਿੱਤੀ। ਇਸ ਨਾਲ ਦੋਵਾਂ ਮੁਲਕਾਂ ਦੇ ਸਬੰਧਾਂ ਵਿੱਚ ਤਣਾਅ ਹੋਰ ਵੱਧ ਗਿਆ ਹੈ।