ਟੋਰਾਂਟੋ: ਟੋਰਾਂਟੋ ਪੁਲਿਸ ਸਰਵਿਸ ਆਪਣੇ ਸਾਰੇ ਮੈਂਬਰਾਂ ਲਈ ਕੋਵਿਡ-19 ਵੈਕਸੀਨੇਸ਼ਨ ਲਾਜ਼ਮੀ ਕਰਨ ਦੀ ਲਿਆਂਦੀ ਗਈ ਨੀਤੀ ਦਾ 8000 ਤੋਂ ਵੱਧ ਟੋਰਾਂਟੋ ਪੁਲਿਸ ਅਧਿਕਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਟੀ ਪੀ ਐਸ ਨੇ ਆਖਿਆ ਕਿ ਉਹ ਆਪਣੇ ਮੈਂਬਰਾਂ ਲਈ ਕੰਮ ਵਾਲੀ ਥਾਂ ਦੇ ਨਾਲ ਨਾਲ ਜਨਤਾ ਨੂੰ ਵੀ ਸੁਰੱਖਿਅਤ ਰੱਖਣਾ ਚਾਹੁੰਦੇ ਹਨ। ਇਸ ਲਈ ਸਾਰੇ ਮੈਂਬਰਜ਼ ਦਾ ਵੈਕਸੀਨੇਸ਼ਨ ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ।
13 ਸਤੰਬਰ ਤੋਂ ਬਾਅਦ ਆਫੀਸਰਜ਼ ਤੇ ਸਟਾਫ ਨੂੰ ਆਪਣੇ ਵੱਲੋਂ ਕਰਵਾਈ ਗਈ ਵੈਕਸੀਨੇਸ਼ਨ ਦਾ ਸਬੂਤ ਮੁਹੱਈਆ ਕਰਵਾਉਣਾ ਹੋਵੇਗਾ। ਅਜੇ ਤੱਕ ਇਹ ਨਹੀਂ ਦੱਸਿਆ ਗਿਆ ਹੈ ਕਿ ਵੈਕਸੀਨੇਸ਼ਨ ਨਾ ਕਰਵਾਉਣ ਵਾਲਿਆਂ ਖਿਲਾਫ ਕੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਫੋਰਸ ਦਾ ਕਹਿਣਾ ਹੈ ਕਿ ਉਹ ਪਬਲਿਕ ਹੈਲਥ ਮਾਪਦੰਡ ਜਿਵੇਂ ਕਿ ਮਾਸਕ ਲਾਉਣਾ ਤੇ ਸੋਸ਼ਲ ਡਿਸਟੈਂਸਿੰਗ ਆਦਿ ਦੇ ਨਾਲ ਨਾਲ ਹਰ ਅਹਿਤਿਆਤ ਵੀ ਵਰਤ ਰਹੀ ਹੈ।
ਤਰਜ਼ਮਾਨ ਐਲੀਸਨ ਸਪਾਰਕਸ ਨੇ ਆਖਿਆ ਕਿ ਮੈਡੀਕਲ ਜਾਂ ਹੋਰਨਾਂ ਧਾਰਮਿਕ ਕਾਰਨਾਂ ਲਈ ਲੋਕਾਂ ਨੂੰ ਛੋਟ ਵੀ ਦਿੱਤੀ ਜਾ ਸਕਦੀ ਹੈ।ਉਨ੍ਹਾਂ ਆਖਿਆ ਕਿ ਅਜੇ ਅਸੀਂ ਆਪਣੀ ਨੀਤੀ ਨੂੰ ਵਿਸਥਾਰ ਵਿੱਚ ਤਿਆਰ ਕਰ ਰਹੇ ਹਾਂ ਤੇ ਇਸ ਨੂੰ ਲਾਗੂ ਕਰਨ ਵਿੱਚ ਥੋੜ੍ਹਾ ਸਮਾਂ ਲੱਗੇਗਾ। ਇੱਕ ਵੱਖਰੇ ਬਿਆਨ ਵਿੱਚ ਟੋਰਾਂਟੋ ਪੁਲਿਸ ਐਸੋਸਿਏਸ਼ਨ ( ਟੀ ਪੀ ਏ ) ਨੇ ਰੇਮਰ ਵੱਲੋਂ ਮਨਜ਼ੂਰ ਕੀਤੇ ਗਏ ਲਾਜ਼ਮੀ ਵੈਕਸੀਨੇਸ਼ਨ ਸਿਸਟਮ ਨੂੰ ਰੱਦ ਕਰ ਦਿੱਤਾ। ਐਸੋਸਿਏਸ਼ਨ ਦੇ ਪ੍ਰੈਜ਼ੀਡੈਂਟ ਜੌਨ ਰੀਡ ਨੇ ਆਖਿਆ ਕਿ ਇਸ ਐਲਾਨ ਵਿੱਚ ਕਈ ਵੇਰਵੇ ਹੀ ਨਹੀਂ ਦਿੱਤੇ ਗਏ। ਇਸ ਦਾ ਅਸਰ, ਟਾਈਮਲਾਈਨਜ਼ ਜਾਂ ਸਾਡੇ ਮੈਂਬਰਾਂ ਲਈ ਉਪਲਬਧ ਹੋਰ ਬਦਲ ਆਦਿ ਬਾਰੇ ਜਾਣਕਾਰੀ ਮਿਲਣੀ ਅਜੇ ਬਾਕੀ ਹੈ।