ਕਿਸਾਨ ਆਗੂਆਂ ਨੇ ਚੰਡੀਗੜ੍ਹ ਵਿੱਚ ਮੋਦੀ ਸਰਕਾਰ ਨੂੰ ਵੰਗਾਰਿਆ

TeamGlobalPunjab
2 Min Read

ਚੰਡੀਗੜ੍ਹ ( ਦਰਸ਼ਨ ਸਿੰਘ ਖੋਖਰ ) : ਸੈਕਟਰ 25 ਵਿੱਚ ਅੱਜ ਚੰਡੀਗੜ੍ਹ ਨਾਲ ਸਬੰਧਤ ਨੌਜਵਾਨਾਂ ਤੇ ਗੁਰਦੁਆਰਿਆਂ ਨਾਲ ਸਬੰਧਤ ਵੱਖ-ਵੱਖ ਜਥੇਬੰਦੀਆਂ ਵੱਲੋਂ ਕਿਸਾਨ ਮਹਾਪੰਚਾਇਤ ਕੀਤੀ ਗਈ। ਇਸ ਮਹਾਪੰਚਾਇਤ ਵਿਚ ਦਿੱਲੀ ਕਿਸਾਨ ਮੋਰਚੇ ਤੋਂ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਰੁਲਦੂ ਸਿੰਘ ਮਾਨਸਾ ਅਤੇ ਗੁਰਨਾਮ ਸਿੰਘ ਚੜੂਨੀ ਨੇ ਵਿਸ਼ੇਸ਼ ਤੌਰ ‘ਤੇ ਹਿੱਸਾ ਲਿਆ। ਇਨ੍ਹਾਂ ਆਗੂਆਂ ਨੇ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਤਿੰਨੇ ਖੇਤੀ ਕਾਨੂੰਨ ਬਣਾਕੇ ਕਿਸਾਨੀ ਦੀ ਆਰਥਿਕਤਾ ਦਾ ਲੱਕ ਤੋੜਨ ਦੀ ਠਾਣ ਲਈ ਹੈ, ਪਰ ਕਿਸਾਨ ਜਥੇਬੰਦੀਆਂ ਇਹ ਤਿੰਨੇ ਕਾਨੂੰਨ ਲਾਗੂ ਨਹੀਂ ਹੋਣ ਦੇਣਗੀਆਂ ।ਇਨ੍ਹਾਂ ਆਗੂਆਂ ਨੇ ਕਿਹਾ ਕਿ ਇਹ ਤਿੰਨੇ ਕਨੂੰਨ ਇਕੱਲੇ ਕਿਸਾਨ ਵਿਰੋਧੀ ਨਹੀਂ ਸਗੋਂ ਹਰ ਵਰਗ ਦੇ ਵਿਰੋਧੀ ਹਨ ਕਿਉਂਕਿ ਕਾਨੂੰਨਾਂ ਦੇ ਲਾਗੂ ਹੋਣ ਨਾਲ ਕਿਸਾਨੀ ਨਾਲ ਸਬੰਧਤ ਵਸਤਾਂ ਦੀਆਂ ਕੀਮਤਾਂ ਅਸਮਾਨ ਨੂੰ ਚੜ੍ਹ ਜਾਣਗੀਆਂ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਦਿੱਲੀ ਪੁਲੀਸ ਨੇ ਕਿਸਾਨ ਆਗੂਆਂ ਅਤੇ ਨੌਜਵਾਨਾਂ ਦੀਆਂ ਫੋਟੋਆਂ ਜਾਰੀ ਕਰ ਕੇ ਕਿਸਾਨ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। 1700 ਨੌਜਵਾਨਾਂ ਨੂੰ ਕਾਨੂੰਨੀ ਕਲੇਜੇ ਵਿਚ ਲਾਉਣ ਲਈ ਸਪੈਸ਼ਲ ਲਿਸਟ ਤਿਆਰ ਕੀਤੀ ਹੈ ਪਰ ਕਿਸਾਨ ਅਤੇ ਨੌਜਵਾਨ ਡਰਨ ਵਾਲੇ ਨਹੀਂ। ਉਨ੍ਹਾਂ ਪੁਲੀਸ ਨੂੰ ਵੰਗਾਰਦਿਆਂ ਕਿਹਾ ਕਿ ਆਹ ਰੁਲਦੂ ਸਿੰਘ ਮਾਨਸਾ ਸਾਡੇ ਵਿਚਕਾਰ ਬੈਠੇ ਹਨ। ਜੇਕਰ ਦਿੱਲੀ ਜਾਂ ਚੰਡੀਗੜ੍ਹ ਪੁਲੀਸ ਵਿੱਚ ਦਮ ਹੈ ਤਾਂ ਇਨ੍ਹਾਂ ਨੂੰ ਹੱਥ ਲਗਾ ਕੇ ਵਿਖਾਉਣ।

ਇਸ ਰੈਲੀ ਨੂੰ ਪ੍ਰੋਫੈਸਰ ਮਨਜੀਤ ਸਿੰਘ, ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ, ਪੰਜਾਬੀ ਚਿੰਤਕ ਡਾ ਪਿਆਰੇ ਲਾਲ ਗਰਗ, ਪੰਜਾਬੀ ਗਾਇਕ ਸੋਨੀਆ ਮਾਨ , ਕਲਾਕਾਰ ਪ੍ਰਤੀਕ ਮਾਨ , ਨੌਜਵਾਨ ਆਗੂ ਕੁਲਵੀਰ ਸਿੰਘ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਦੇ ਜਿਨ੍ਹਾਂ ਨੌਜਵਾਨਾਂ ਉੱਤੇ ਚੰਡੀਗਡ਼੍ਹ ਪੁਲੀਸ ਨੇ ਕੇਸ ਬਣਾਏ ਹਨ ਉਨ੍ਹਾਂ ਦੇ ਕੇਸ ਭਾਰਤੀ ਕਿਸਾਨ ਯੂਨੀਅਨ ਖ਼ੁਦ ਲੜੇਗੀ ਅਤੇ ਕਾਨੂੰਨੀ ਚਾਰਾਜੋਈ ‘ਤੇ ਜੋ ਵੀ ਖਰਚਾ ਆਵੇਗਾ ਉਹ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਜਾਵੇਗਾ ।

Share this Article
Leave a comment