ਨਿਊਜ਼ ਡੈਸਕ : ਜਾਨਲੇਵਾ ਕੋਰੋਨਾਵਾਇਰਸ (ਕੋਵਿਡ-19) ਦਾ ਸੰਕਰਮਣ ਲਗਾਤਾਰ ਫੈਲਦਾ ਹੀ ਜਾ ਰਿਹਾ ਹੈ। ਜਿਸ ਕਾਰਨ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਲੋਕਾਂ ਨੂੰ ਆਪਣੇ ਹੀ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ ਗਈ ਹੈ। ਲਗਭਗ ਹਰ ਵਿਅਕਤੀ ਇਸ ਵਾਇਰਸ ਪ੍ਰਤੀ ਸੁਚੇਤ ਹੈ ਤੇ ਆਪਣੇ ਆਪ ਨੂੰ ਕਮਜ਼ੋਰ ਸਮਝ ਰਿਹਾ ਹੈ। ਬਹੁਤ ਸਾਰੇ ਅਧਿਐਨਾਂ ਵਿਚ ਇਹ ਸਾਬਤ ਹੋਇਆ ਹੈ ਕਿ ਇਮਿਊਨਿਟੀ ਸਿਸਟਮ ਕਮਜ਼ੋਰ ਹੋਣ ‘ਤੇ ਕੋਰੋਨਾ ਦੇ ਸੰਕਰਮਣ ਦਾ ਵਧੇਰੇ ਖ਼ਤਰਾ ਹੁੰਦਾ ਹੈ। ਜਦੋਂ ਕਿ ਯੂਰਪੀਅਨ ਸੈਂਟਰ ਫਾਰ ਡਿਜੀਜ (ਬਿਮਾਰੀ) ਕੰਟਰੋਲ ਬੋਰਡ ਅਨੁਸਾਰ ਤੰਬਾਕੂਨੋਸ਼ੀ ਕਰਨ ਵਾਲਿਆਂ ਨੂੰ ਕੋਰੋਨਾ ਦੇ ਸੰਕਰਮਣ ਦਾ ਜ਼ਿਆਦਾ ਖਤਰਾ ਹੁੰਦਾ ਹੈ। ਹੋਰ ਵੀ ਬਹੁਤ ਸਾਰੇ ਅਧਿਐਨਾਂ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਆਓ ਜਾਣਦੇ ਹਾਂ ਵਿਸਥਾਰ ਵਿੱਚ :
ਤੰਬਾਕੂਨੋਸ਼ੀ ਦਾ ਤੁਹਾਡੇ ਫੇਫੜਿਆਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਕੋਰੋਨਾ ਵਾਇਰਸ ਬਾਰੇ ਮਾਹਿਰਾ ਦਾ ਕਹਿਣਾ ਹੈ ਕਿ ਇਹ ਵਾਇਰਸ ਸਾਡੇ ਫੇਫੜਿਆਂ ‘ਤੇ ਅਟੈਕ ਕਰਦਾ ਹੈ ਅਤੇ ਸਾਹ ਲੈਣ ਵਿਚ ਮੁਸ਼ਕਲ ਆਉਂਦੀ ਹੈ। ਇਹ ਵਾਇਰਸ ਖੂਨ ਦੇ ਗੇੜ ਨੂੰ ਪ੍ਰਭਾਵਤ ਕਰਦਾ ਹੈ ਅਤੇ ਖੂਨ ਨੂੰ ਸਾਡੇ ਸਰੀਰ ਦੇ ਬਾਕੀ ਅੰਗਾਂ ਤੱਕ ਪਹੁੰਚਣ ਤੋਂ ਰੋਕਦਾ ਹੈ। ਇਸ ਸਥਿਤੀ ਵਿੱਚ ਫੇਫੜਿਆਂ ਦਾ ਕਮਜ਼ੋਰ ਹੋਣਾ ਕੋਰੋਨਾ ਦੇ ਸੰਕਰਮਣ ਦੀ ਸਥਿਤੀ ਵਿੱਚ ਖ਼ਤਰਨਾਕ ਹੋ ਸਕਦਾ ਹੈ। ਯੂਰਪੀਅਨ ਯੂਨੀਅਨ ਹੈਲਥ ਏਜੰਸੀ ਦੀ ਰਿਪੋਰਟ ਦੇ ਅਨੁਸਾਰ ਤੰਬਾਕੂਨੋਸ਼ੀ ਕਰਨ ਵਾਲੇ ਲੋਕਾਂ ਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ ਅਤੇ ਗੰਭੀਰ ਬਿਮਾਰੀਆਂ ਦਾ ਸਾਹਮਣਾ ਨਹੀਂ ਕਰ ਪਾਉਂਦਾ ਨਾਲ ਹੀ ਇਨ੍ਹਾਂ ਲੋਕਾਂ ਵਿੱਚ ਸਿਹਤਮੰਦ ਲੋਕਾਂ ਨਾਲੋਂ ਠੀਕ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ।
ਇੱਕ ਰਿਪੋਰਟ ਅਨੁਸਾਰ ਚੀਨ ਦੇ 80 ਪ੍ਰਤੀਸ਼ਤ ਲੋਕਾਂ ਵਿੱਚ ਜੋ ਕੋਰੋਨਾ ਸੰਕਰਮਿਤ ਸਨ ‘ਚ ਵਾਇਰਸ ਦੇ ਬਹੁਤ ਘੱਟ ਲੱਛਣ ਪਾਏ ਗਏ ਸਨ। 70 ਸਾਲ ਤੋਂ ਵੱਧ ਉਮਰ ਦੇ ਮਰੀਜ਼ਾਂ ਜੋ ਕੋਰੋਨਾ ਨਾਲ ਸੰਕਰਮਿਤ ਹਨ ਪਹਿਲਾਂ ਤੋਂ ਹੀ ਹਾਈਪਟੇਨਸ਼ਨ, ਸ਼ੂਗਰ, ਕੋਰਡਿਓ ਨਾੜੀ ਦੀਆਂ ਬਿਮਾਰੀਆਂ ਨਾਲ ਪੀੜਤ ਸਨ ਤੇ ਇਨ੍ਹਾਂ ਵਿੱਚ ਜ਼ਿਆਦਾ ਗਿਣਤੀ ਪੁਰਸ਼ਾਂ ਦੀ ਸੀ।
ਯੂਨੀਵਰਸਿਟੀ ਆਫ ਸਾਊਥ ਕੈਰੋਲਿਨਾ ਦੇ ਇਕ ਹੋਰ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਤੰਬਾਕੂਨੋਸ਼ੀ ਫੇਫੜਿਆਂ ਵਿਚ ਐਨਜ਼ਾਈਮ ਦੀ ਕਿਰਿਆਸ਼ੀਲਤਾ ਨੂੰ ਵਧਾਉਂਦੀ ਹੈ, ਜਿਸ ਕਾਰਨ ਏਸੀਈ -2 (Angiotensin-Converting Enzyme-2) ਕੋਵਿਡ -19 ਦੇ ਮਰੀਜ਼ਾਂ ਦੀ ਗਿਣਤੀ ਵਧਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਤੰਬਾਕੂਨੋਸ਼ੀ ਕਰਨ ਵਾਲੇ ਜ਼ਿਆਦਾਤਰ ਲੋਕਾਂ ਨੂੰ ਸਾਹ ਲੈਣ ਵਿੱਚ ਪ੍ਰੇਸ਼ਾਨੀ ਹੁੰਦੀ ਹੈ ਜਿਸ ਨੂੰ ਕਿ ਇਸ ਮਹਾਂਮਾਰੀ ਦੇ ਮੁੱਢਲੇ ਲੱਛਣ ਵਜੋਂ ਦੇਖਿਆ ਜਾ ਸਕਦਾ ਹੈ।
ਚੀਨ ਵਿਚ ਡਾਕਟਰਾਂ ਨੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਲਗਭਗ 100 ਦੇ ਕਰੀਬ ਮਰੀਜ਼ਾਂ ਦੇ ਨਮੂਨਿਆਂ ਦੀ ਜਾਂਚ ਕੀਤੀ। ਜਿਸ ਵਿੱਚ ਇਹ ਗੱਲ ਸਾਹਮਣੇ ਆਈ ਕਿ ਬਜ਼ੁਰਗਾਂ ਦੇ ਮੁਕਾਬਲੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੀ ਮੌਤ ਦਰ ਜ਼ਿਆਦਾ ਸੀ। ਇੱਕ ਕੋਰੋਨਾਵਾਇਰਸ ਨਾਲ ਸੰਕਰਮਿਤ ਮਰੀਜ਼ ਇਸ ਵਾਇਰਸ ਨਾਲ ਤਾਂ ਹੀ ਲੜ ਸਕਦਾ ਹੈ ਜੇਕਰ ਉਸ ਨੂੰ ਸਾਹ ਲੈਣ ਵਿੱਚ ਕੋਈ ਦਿੱਕਤ ਨਹੀਂ ਅਤੇ ਨਾਲ ਹੀ ਉਸ ਦੀ ਰੋਗ ਪ੍ਰਤੀਰੋਧਕ ਸ਼ਕਤੀ ਯਾਨੀ ਵਾਇਰਸ ਨਾਲ ਲੜਨ ਦੀ ਸ਼ਕਤੀ ਜ਼ਿਆਦਾ ਹੈ। ਇਸ ਲਈ ਜ਼ਿਆਦਾਤਰ ਮਾਹਿਰਾਂ ਵੱਲੋਂ ਤੰਬਾਕੂਨੋਸ਼ੀ ਛੱਡਣ ਦੀ ਸਲਾਹ ਦਿੱਤੀ ਗਈ ਹੈ।