ਪੌਣ-ਪਾਣੀ ਸੰਕਟ ਸਿਰਫ਼ ਅਮਰੀਕਾ ਦੀ ਲੜਾਈ ਨਹੀਂ, ਪੂਰੀ ਦੁਨੀਆ ਨੂੰ ਮਿਲ ਕੇ ਲੜਨਾ ਪਵੇਗਾ – ਬਾਇਡਨ

TeamGlobalPunjab
4 Min Read

ਵਾਸ਼ਿੰਗਟਨ :- ਅਮਰੀਕੀ ਸੰਸਦ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਉਨ੍ਹਾਂ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਕਿਹਾ ਕਿ ਅਮਰੀਕਾ ਇੰਡੋ-ਪ੍ਰਸ਼ਾਂਤ ਖੇਤਰ ‘ਚ ਮਜ਼ਬੂਤ ਸੈਨਿਕ ਮੌਜੂਦਗੀ ਬਣਾਈ ਰੱਖੇਗਾ। ਹਾਲਾਂਕਿ, ਬਾਇਡਨ ਨੇ ਸਪੱਸ਼ਟ ਕੀਤਾ ਕਿ ਇਹ ਟਕਰਾਅ ਲਈ ਨਹੀਂ ਬਲਕਿ ਦੂਜੇ ਦੇਸ਼ਾਂ ਨੂੰ ਅਜਿਹਾ ਕਰਨ ਤੋਂ ਰੋਕਣਾ ਹੈ। ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਦੇ 100 ਦਿਨ ਬਾਅਦ ਬਾਇਡਨ ਨੇ ਕਿਹਾ, ਕਿ ਅਮਰੀਕਾ ਹੁਣ ਅੱਗੇ ਵਧ ਰਿਹਾ ਹੈ। ਪਿਛਲੇ ਸਾਲ ਕੋਰੋਨਾ ਵਾਇਰਸ ਕਰਕੇ ਕਾਫ਼ੀ ਆਰਥਿਕ ਨੁਕਸਾਨ ਹੋਇਆ ਹੈ।

ਦੱਸ ਦਈਏ ਚੀਨ ਇੰਡੋ-ਪ੍ਰਸ਼ਾਂਤ ਖੇਤਰ ‘ਚ ਆਪਣਾ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਦਕਿ ਅਮਰੀਕਾ ਇੱਥੇ ਨਾਟੋ ਦੇ ਸਹਿਯੋਗੀ ਦੇਸ਼ਾਂ ਨਾਲ ਆਪਣੀ ਮੌਜੂਦਗੀ ਬਣਾਈ ਰੱਖ ਰਿਹਾ ਹੈ। ਬਾਇਡਨ ਨੇ ਕਿਹਾ ਕਿ ਅਮਰੀਕਾ ਕਾਰੋਬਾਰ ਦੇ ਗ਼ਲਤ ਤੌਰ ਤਰੀਕਿਆਂ ਮਸਲਨ ਸਰਕਾਰੀ ਕੰਪਨੀਆਂ ਨੂੰ ਫੰਡ ਤੇ ਅਮਰੀਕੀ ਤਕਨੀਕ ਤੇ ਬੌਧਿਕ ਜਾਇਦਾਦ ਦੀ ਚੋਰੀ ਦਾ ਵਿਰੋਧ ਕਰੇਗਾ, ਜਿਸ ਨਾਲ ਅਮਰੀਕੀ ਕਾਮਿਆਂ ਤੇ ਸਨਅਤ ਜਗਤ ਨੂੰ ਨੁਕਸਾਨ ਉਠਾਉਣਾ ਪੈ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਮਨੁੱਖੀ ਅਧਿਕਾਰਾਂ ਤੇ ਬੁਨਿਆਦੀ ਆਜ਼ਾਦੀਆਂ ਪ੍ਰਤੀ ਆਪਣੀ ਵਚਨਬੱਧਤਾ ਤੋਂ ਪਿੱਛੇ ਨਹੀਂ ਹਟੇਗਾ।

ਇਸਤੋਂ ਇਲਾਵਾ ਬਾਇਡਨ ਨੇ ਕਿਹਾ ਕਿ ਅਫ਼ਗਾਨਿਸਤਾਨ ‘ਚ 20 ਸਾਲਾਂ ਤਕ ਬਹਾਦੁਰੀ ਦਿਖਾਉਣ ਤੇ ਬਲਿਦਾਨ ਦੇਣ ਤੋਂ ਬਾਅਦ ਉੱਥੋਂ ਫ਼ੌਜੀ ਬੁਲਾਉਣ ਦਾ ਸਹੀ ਸਮਾਂ ਆ ਗਿਆ ਹੈ। ਬਾਇਡਨ ਨੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਦੇਸ਼ ਦੀਆਂ ਚੁਣੌਤੀਆਂ ਦਾ ਮੁਕਾਬਲਾ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ 2001 ਤੋਂ ਬਾਅਦ ਤੋਂ ਅਫ਼ਗਾਨਿਸਤਾਨ ਤੋਂ ਇਲਾਵਾ ਹੋਰ ਖੇਤਰਾਂ ਤੋਂ ਵੀ ਅੱਤਵਾਦੀ ਚੁਣੌਤੀਆਂ ਵਧ ਗਈਆਂ ਹਨ। ਅਸੀਂ ਉਨ੍ਹਾਂ ਪ੍ਰਤੀ ਚੌਕਸ ਰਹਾਂਗੇ।

ਬਾਇਡਨ ਨੇ ਕਿਹਾ ਕਿ ਗੋਰੇ ਨਾਗਰਿਕਾਂ ‘ਚ ਸਰਬੋਤਮ ਹੋਣ ਦੀ ਭਾਵਨਾ ਘਰੇਲੂ ਅੱਤਵਾਦ ਹੈ ਤੇ ਅਮਰੀਕਾ ਨੂੰ ਹਰ ਹਾਲ ‘ਚ ਇਸ ਤੋਂ ਚੌਕਸ ਰਹਿਣਾ ਪਵੇਗਾ। ਉਨ੍ਹਾਂ ਕਿਹਾ ਕਿ ਸਾਡੇ ਸਾਹਮਣੇ ਵਿਦੇਸ਼ੀ ਅੱਤਵਾਦ ਦੀ ਚੁਣੌਤੀ ਹੈ। ਪਰ ਇਸ ਦੇ ਮੁਕਾਬਲੇ ਗੋਰੇ ਲੋਕਾਂ ‘ਚ ਉੱਚਤਾ ਦੀ ਭਾਵਨਾ ਵੱਡਾ ਖ਼ਤਰਾ ਹੈ। ਅਸੀਂ ਇਸ ਦੀ ਅਣਦੇਖੀ ਨਹੀਂ ਕਰ ਸਕਦੇ। ਆਪਣੇ ਸਹਿਯੋਗੀ ਅਮਰੀਕੀ ਨਾਗਰਿਕਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਾਨੂੰ ਦੇਸ਼ ਦੀ ਆਤਮਾ ਨੂੰ ਸਕੂਨ ਦੇਣ ਲਈ ਇਕਜੁੱਟ ਹੋਣਾ ਪਵੇਗਾ।

- Advertisement -

ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਬਾਇਡਨ ਨੇ ਕਿਹਾ ਕਿ ਪੌਣ-ਪਾਣੀ ਸੰਕਟ ਸਿਰਫ਼ ਅਮਰੀਕਾ ਦੀ ਲੜਾਈ ਨਹੀਂ, ਪੂਰੀ ਦੁਨੀਆ ਨੂੰ ਇਸ ਨਾਲ ਮਿਲ ਕੇ ਲੜਨਾ ਪਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ 15 ਫ਼ੀਸਦੀ ਤੋਂ ਘੱਟ ਕਾਰਬਨ ਨਿਕਾਸੀ ਕਰਦਾ ਹੈ। ਦੂਜੇ ਪਾਸੇ ਦੁਨੀਆ ਦੇ ਹੋਰ ਦੇਸ਼ 85 ਫ਼ੀਸਦੀ ਕਾਰਬਨ ਨਿਕਾਸੀ ਕਰਦੇ ਹਨ। ਇਹੀ ਕਾਰਨ ਹੈ ਕਿ ਰਾਸ਼ਟਰਪਤੀ ਦੇ ਰੂਪ ‘ਚ ਆਪਣੀ ਜ਼ਿੰਮੇਵਾਰੀ ਸੰਭਾਲਣ ਦੇ ਪਹਿਲੇ ਹੀ ਦਿਨ ਮੈਂ ਪੈਰਿਸ ਪੌਣ-ਪਾਣੀ ਸਮਝੌਤੇ ‘ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ।

ਉਧਰ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੇ ਸਦਨ ਦੀ ਪ੍ਰਧਾਨਗੀ ਨੈਂਸੀ ਪੇਲੋਸੀ ਨੇ ਰਾਸ਼ਟਰਪਤੀ ਜੋਅ ਬਾਇਡਨ ਦੇ ਕਾਂਗਰਸ ਦੇ ਪਹਿਲੇ ਸਾਂਝੇ ਇਜਲਾਸ ਦੌਰਾਨ ਮੰਚ ਸਾਂਝਾ ਕਰ ਕੇ ਇਤਿਹਾਸ ਰਚ ਦਿੱਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਕਾਂਗਰਸ ਨੂੰ ਸੰਬੋਧਨ ਕਰਨ ਦੌਰਾਨ ਦੋ ਔਰਤਾਂ ਰਾਸ਼ਟਰਪਤੀ ਦੇ ਪਿੱਛੇ ਬੈਠੀਆਂ। ਹੈਰਿਸ ਅਮਰੀਕੀ ਉਪ ਰਾਸ਼ਟਰਪਤੀ ਬਣਨ ਵਾਲੀ ਪਹਿਲੀ ਭਾਰਤੀ ਮੂਲ ਦੀ ਅਮਰੀਕੀ ਤੇ ਪਹਿਲੀ ਸਿਆਹਫਾਮ ਮਹਿਲਾ ਹੈ। ਕਮਲਾ ਕਾਂਗਰਸ ‘ਚ ਰਾਸ਼ਟਰਪਤੀ ਬਾਇਡਨ ਦੇ ਪਹਿਲੇ ਭਾਸ਼ਣ ਦੌਰਾਨ ਉਨ੍ਹਾਂ ਦੇ ਸੱਜੇ ਹੱਥ ਬੈਠੀ ਨਜ਼ਰ ਆਈ। ਉੱਥੇ ਹੀ ਪੇਲੋਸੀ ਜਿਹੜੀ 2007 ‘ਚ ਸਦਨ ਦੀ ਸਪੀਕਰ ਬਣਨ ਵਾਲੀ ਪਹਿਲੀ ਮਹਿਲਾ ਸੀ, ਉਹ ਰਾਸ਼ਟਰਪਤੀ ਦੇ ਖੱਬੇ ਪਾਸੇ ਬੈਠੀ ਦਿੱਖੀ।

TAGGED: , ,
Share this Article
Leave a comment