ਵਿਦੇਸ਼ੀ ਧਰਤੀ ‘ਤੇ ਨਹੀਂ ਰੁਕ ਰਿਹਾ ਪੰਜਾਬੀਆਂ ਅਤੇ ਭਾਰਤੀਆਂ ਦੀਆਂ ਮੌਤਾਂ ਦਾ ਸਿਲਸਿਲਾ, ਕੁਝ ਹੀ ਦਿਨਾਂ ‘ਚ ਕਈ ਮਾਮਲੇ ਆਏ ਸਾਹਮਣੇ

Global Team
8 Min Read

ਨਿਊਜ ਡੈਸਕ : ਆਪਣੇ ਚੰਗੇ ਭਵਿੱਖ ਅਤੇ ਜ਼ਿੰਦਗੀ ਦੀ ਚੰਗੀ ਗੁਜਰ ਵਸਰ ਲਈ ਆਏ ਦਿਨ ਵੱਡੀ ਗਿਣਤੀ ‘ਚ ਨੌਜਵਾਨ ਪਰਵਾਸ ਕਰ ਰਹੇ ਹਨ। ਪਰ ਇਸ ਦੌਰਾਨ ਵਿਦੇਸ਼ੀ ਧਰਤੀ ‘ਤੇ ਵੱਡੀ ਗਿਣਤੀ ‘ਚ ਨੌਜਵਾਨਾਂ ਦੇ ਕਤਲ ਅਤੇ ਮੌਤਾਂ ਵੀ ਹੋ ਰਹੀਆਂ ਹਨ। ਜੇਕਰ ਪਿਛਲੇ ਕੁਝ ਹੀ ਦਿਨਾਂ ਦੀ ਗੱਲ ਕਰ ਲਈ ਜਾਵੇ ਤਾਂ 5 ਦਸੰਬਰ ਤੋਂ ਲੈ ਕੇ ਹੁਣ ਤੱਕ 6 ਪੰਜਾਬੀਆਂ ਦੀ ਵਿਦੇਸ਼ੀ ਧਰਤੀ ‘ਤੇ ਮੌਤ ਹੋ ਗਈ ਹੈ। ਜਿਸ ਨੇ ਹਰ ਪਾਸੇ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਭਾਰਤੀ ਅਮਰੀਕੀ ਡਾਕਟਰ ਦੀ ਮੌਤ

ਹਿਊਸਟਨ ਸ਼ਹਿਰ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ 52 ਸਾਲਾ ਭਾਰਤੀ-ਅਮਰੀਕੀ ਡਾਕਟਰ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਮਿੰਨੀ ਵੇਟਿਕਲ ਵਜੋਂ ਹੋਈ ਹੈ।  ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾ ਮੂਲ ਰੂਪ ਵਿੱਚ ਕੇਰਲ ਦੇ ਏਰਨਾਕੁਲਮ ਜ਼ਿਲ੍ਹੇ ਦੇ ਰਾਮਾਮੰਗਲਮ ਦੀ ਰਹਿਣ ਵਾਲੀ ਸੀ ਜੋ ਆਪਣੇ ਪਰਿਵਾਰ ਨਾਲ ਹਿਊਸਟਨ ਵਿੱਚ ਰਹਿੰਦੀ ਸੀ । ਪ੍ਰਾਪਤ ਜਾਣਕਾਰੀ ਅਨੁਸਾਰ ਮਿੰਨੀ ਬੁੱਧਵਾਰ ਨੂੰ ਕਿਸੇ ਕੰਮ ਲਈ  ਕਾਰ ਵਿਚ ਜਾ ਰਹੀ ਸੀ ਜਦੋਂ ਇਕ ਤੇਜ਼ ਰਫਤਾਰ ਮੋਟਰਸਾਈਕਲ ਨੇ ਉਸ ਨੂੰ ਟੱਕਰ ਮਾਰ ਦਿੱਤੀ। ਮ੍ਰਿਤਕ ਡਾਕਟਰ ਬੇਲਰ ਯੂਨੀਵਰਸਿਟੀ ਵਿੱਚ ਇੱਕ ਫੈਕਲਟੀ ਮੈਂਬਰ ਸੀ ਅਤੇ ਮੁੱਖ ਤੌਰ ਤੇ ਹੈਰਿਸ ਹੈਲਥ ਕਲੀਨਿਕਾਂ ਵਿੱਚ ਕੰਮ ਕਰਦੀ ਸੀ। ਮਿੰਨੀ ਦੇ ਪਤੀ ਸੇਲੇਸਟੀਨ ਨੇ ਦੱਸਿਆ ਕਿ ਹੋਰ ਚੀਜ਼ਾਂ ਦੇ ਨਾਲ-ਨਾਲ ਉਹ ਇੱਕ ਸ਼ੌਕੀਨ ਡਾਂਸਰ, ਪੇਂਟਰ, ਬਲੌਗਰ ਅਤੇ ਹਰ ਚੀਜ਼ ਵਿੱਚ ਚੰਗੀ ਸੀ।  ਮਿੰਨੀ ਬਾਰੇ ਉਨ੍ਹਾਂ ਦੀ ਬੇਟੀ ਪੂਜਾ ਨੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਸਾਡੇ ਲਈ ਸਭ ਤੋਂ ਵਧ ਕੀਮਤੀ ਸਮਾਂ  ਕੱਢਿਆ ਹੈ।

ਟਰਾਲੇ ਦੀ ਬਰੇਕ ਨਾ ਲੱਗਣ ਕਾਰਨ ਪੰਜਾਬੀ ਨੌਜਵਾਨ ਦੀ ਹੋਈ ਮੌਤ

- Advertisement -

ਟੋਰਾਂਟੋ ‘ਚ ਇਕ 26 ਸਾਲਾ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ  ਦੀ ਪਹਿਚਾਣ ਰਮਨਪ੍ਰੀਤ ਸੋਹੀ ਵਜੋਂ ਹੋਈ ਹੈ। ਰਮਨਪ੍ਰੀਤ ਪੰਜਾਬ ਦੇ ਕੁੱਪ ਕਲਾਂ ਦੇ ਨਾਰੋਮਾਜਰਾ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਅਨੁਸਾਰ ਰਮਨਪ੍ਰੀਤ ਜਦੋਂ ਆਪਣਾ ਸੈਮੀ-ਟਰੱਕ ਬੈਕ ਲਗਾ ਰਿਹਾ ਸੀ ਤਾਂ ਟਰਾਲਾ ਖੋਲ੍ਹਣ ਉਹ ਕੰਧ ਤੇ ਟਰਾਲੇ ਵਿਚਾਲੇ ਫਸ ਗਿਆ।ਇਸ ਘਟਨਾ ਦੌਰਾਨ ਟਰੈਲਰ ਦੀ ਬਰੇਕ  ਨਹੀਂ ਲੱਗੀ ਸੀ। ਜਿਸ ਕਾਰਨ ਰਮਨਪ੍ਰੀਤ ਦੀ ਮੌਤ ਹੋ ਗਈ। ਦਸਣਯੋਗ ਹੈ ਕਿ ਰਮਨਪ੍ਰੀਤ 8 ਸਾਲ ਪਹਿਲਾਂ ਕੈਨੇਡਾ ਆਇਆ ਸੀ ਤੇ ਇੱਥੇ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। ਅਗਲੇ ਸਾਲ ਜਨਵਰੀ ਮਹੀਨੇ ਵਿੱਚ ਰਮਨਪ੍ਰੀਤ ਦੇ ਘਰ ਖੁਸ਼ੀਆਂ ਦੀਆਂ ਰੋਣਕਾਂ ਲੱਗਣੀਆਂ ਸਨ। ਉਸਦਾ ਵਿਆਹ ਸੀ ਅਤੇ ਜਲਦ ਉਸਨੇ ਪੰਜਾਬ ਆਉਣਾ ਸੀ।

 

ਫਰਾਂਸ ਗਏ ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤਾਂ ’ਚ ਮੌਤ

ਫਰਾਂਸ ‘ਚ ਰਹਿ ਰਹੇ ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤਾਂ ‘ਚ ਮੌਤ ਹੋ ਗਈ।  ਮ੍ਰਿਤਕ ਨੌਜਵਾਨ ਦੀ ਪਛਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ।ਉਹ ਪਿੰਡ ਬੇਗੋਵਾਲ ਦਾ ਰਹਿਣ ਵਾਲਾ ਸੀ ।  ਸੁਖਵਿੰਦਰ  3 ਮਹੀਨੇ ਪਹਿਲਾਂ ਫਰਾਂਸ ਗਿਆ ਸੀ । ਸੁਖਵਿੰਦਰ ਸਿੰਘ ਦੀ ਮਾਂ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ 2 ਲੜਕੇ ਅਤੇ 1 ਲੜਕੀ ਹੈ।  ਬੀਤੇ ਦਿਨ ਉਨ੍ਹਾਂ ਦੇ ਵੱਡੇ ਲੜਕੇ, ਜੋ ਸੁਖਵਿੰਦਰ ਦੇ ਨਾਲ ਹੀ ਫਰਾਂਸ ਵਿੱਚ ਰਹਿ ਰਿਹਾ ਹੈ, ਨੇ ਫੋਨ ਕਰ ਕੇ ਦੱਸਿਆ ਕਿ ਕੰਮ ’ਤੇ ਜਾਣ ਸਮੇਂ ਸੁਖਵਿੰਦਰ ਨੂੰ ਇੱਕ ਮੁੰਡੇ ਦਾ ਫੋਨ ਆਇਆ ਸੀ।ਜਿਸ ਤੋਂ ਬਾਅਦ ਸੁਖਵਿੰਦਰ ਉਸ ਕੋਲ ਰਾਤ ਰਹਿਣ ਲਈ ਚਲਾ ਗਿਆ। ਰਾਤ ਸਮੇਂ ਉਸ ਮੁੰਡੇ ਨੇ ਦੱਸਿਆ ਕਿ ਸੁਖਵਿੰਦਰ ਦੀ ਹਾਲਤ ਖ਼ਰਾਬ ਹੋ ਗਈ ਸੀ। ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਹੈ, ਜਿੱਥੇ ਉਸ ਦੀ ਮੌਤ ਹੋ ਗਈ ਹੈ। ਪਰਿਵਾਰ ਨੇ ਕਿਹਾ ਕਿ ਸੁਖਵਿੰਦਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆ ਨੇ ਪਿੰਡ ਬੇਗੋਵਾਲ ‘ਚ ਸਸਕਾਰ ਕੀਤਾ ਜਾਵੇਗਾ।

 

- Advertisement -

ਕੈਨੇਡਾ ਦੀ ਧਰਤੀ ਤੇ ਇਕ ਹੋਰ ਪੰਜਾਬੀ ਕੁੜੀ ਦੀ ਹੱਤਿਆ

ਕੈਨੇਡਾ ਵਿੱਚ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦੀਆਂ ਮੌਤਾਂ ਅਤੇ ਕਤਲ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਸਰੀ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ 40 ਸਾਲਾ ਸਿੱਖ ਔਰਤ ਨੂੰ ਉਸ ਦੇ ਘਰ ਵਿੱਚ ਵੜ ਕੇ ਕਈ ਵਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ।  ਇਸ ਮਾਮਲੇ ਚ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹਾਲਾਂਕਿ ਬਾਅਦ ‘ਚ ਪੁਲਸ ਨੇ ਉਸ ਦੇ ਪਤੀ ਨੂੰ ਰਿਹਾਅ ਕਰ ਦਿੱਤਾ।ਕਤਲ ਦੀ ਜਾਂਚ ਕਰਨ ਵਾਲਿਆਂ ਨੇ ਪੀੜਤਾ ਦੀ ਪਛਾਣ ਹਰਪ੍ਰੀਤ ਕੌਰ (40)  ਵਜੋਂ ਕੀਤੀ ਹੈ। ਹੁਣ ਇਸ ਪੂਰੇ ਮਾਮਲੇ ‘ਤੇ ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਸਾਰਜੈਂਟ ਟਿਮੋਥੀ ਪਿਰੋਟੀ ਨੇ ਕਿਹਾ ਹੈ ਕਿ ਜਿਸ ਕਿਸੇ ਕੋਲ ਵੀ ਕੌਰ ਜਾਂ ਉਸ ਦੀ ਮੌਤ ਬਾਰੇ ਜਾਣਕਾਰੀ ਹੈ, ਉਹ ਅੱਗੇ ਆਵੇ ਅਤੇ ਜਾਂਚਕਰਤਾਵਾਂ ਦੀ ਮਦਦ ਕਰੇ। ਪੀਰੋਟੀ ਨੇ ਦੱਸਿਆ ਹੈ ਕਿ ਸਾਡੇ ਜਾਂਚਕਰਤਾ ਇਸ ਮਾਮਲੇ ‘ਤੇ ਕੰਮ ਕਰਨਾ ਜਾਰੀ ਰੱਖ ਰਹੇ ਹਨ। ਇਨ੍ਹਾਂ ਘਟਨਾਵਾਂ ਦਾ ਨਾ ਸਿਰਫ਼ ਪੀੜਤ ਦੇ ਪਰਿਵਾਰ ਅਤੇ ਦੋਸਤਾਂ ‘ਤੇ, ਸਗੋਂ ਪੂਰੇ ਸਮਾਜ ‘ਤੇ ਵੀ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ। ਸਰੀ RCMP ਪੀੜਤ ਸੇਵਾਵਾਂ ਕੰਮ ਕਰਨਾ ਜਾਰੀ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਜੋੜੇ ਦਾ ਕੋਈ ਨਾਂਹਪੱਖੀ ਪੁਲਿਸ ਰਿਕਾਰਡ ਨਹੀਂ ਹੈ। ਕਿਉਂਕਿ ਪੁਲਿਸ ਕਿਸੇ ਵੀ ਤਰ੍ਹਾਂ ਦੀ ਘਰੇਲੂ ਹਿੰਸਾ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ।

 

ਐਡਮਿੰਟਨ ’ਚ 24 ਸਾਲਾਂ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਕੈਨੇਡਾ ਦੇ ਸ਼ਹਿਰ ਐਡਮਿੰਟਨ ਵਿਖੇ ਇੱਕ 24 ਸਾਲਾਂ ਪੰਜਾਬੀ ਨੌਜਵਾਨ ਸਨਰਾਜ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਸ਼ੱਕੀ ਗੱਡੀ ਦੀ ਤਸਵੀਰ ਜਾਰੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਗੱਡੀ ਦੀ ਪਛਾਣ ਕਰ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ।ਮਿਲੀ ਜਾਣਕਾਰੀ ਅਨੁਸਾਰ ਐਡਮਿੰਟਨ ਪੁਲਿਸ ਨੂੰ 3 ਦਸੰਬਰ ਨੂੰ 51 ਸਟਰੀਟ ਤੇ 13 ਐਵੇਨਿਊ ਦੇ ਖੇਤਰ ਵਿੱਚ ਗੋਲੀਬਾਰੀ ਦੀ ਸੂਚਨਾ ਮਿਲੀ ਸੀ । ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੂੰ ਸਨਰਾਜ ਜ਼ਖਮੀ ਹਾਲਤ ਵਿੱਚ ਮਿਲਿਆ । ਉਸਦੇ ਕਈ ਗੋਲੀਆਂ ਵੱਜੀਆਂ ਹੋਈਆਂ ਸਨ । ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨਿਆ ਗਿਆ।ਫਿਲਹਾਲ ਮਾਮਲੇ ਤੋਂ ਬਾਅਦ ਪੁਲਿਸ ਵੱਲੋਂ ਕਾਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ।  ਇਸ ਸਬੰਧੀ ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਗੱਡੀ ਦੀ ਜਾਂ ਗੋਲੀਬਾਰੀ ਬਾਰੇ ਕੋਈ ਜਾਣਕਾਰੀ ਰੱਖਦਾ ਹੈ ਉਹ ਤੁਰੰਤ  ਪੁਲਿਸ ਨਾਲ ਸੰਪਰਕ ਕਰਨ।

 

ਕੈਨੇਡਾ : ਪੰਜਾਬੀ ਵਿਦਿਆਰਥਣ ਦੀ ਭੇਦਭਰੀ ਹਾਲਤ ‘ਚ ਮੌਤ

ਪੰਜਾਬ ਤੋਂ ਕੈਨੇਡਾ ਗਈ ਇਸ਼ਨੀਤ  ਕੌਰ ਦੀ ਭੇਦਭਰੀ ਹਾਲਤ ‘ਚ ਮੌਤ ਹੋ ਗਈ ਹੈ। ਇਸ਼ਨੀਤ ਕੌਰ ਪੰਜ ਸਾਲ ਪਹਿਲਾਂ ਕੈਨੇਡਾ ‘ਚ ਵਿਦਿਆਰਥੀ ਵੀਜ਼ਾ ‘ਤੇ ਆਈ ਸੀ ਅਤੇ ਹੁਣ ਪੜਾਈ ਪੂਰੀ ਕਰ ਚੁੱਕੀ ਸੀ।ਟੋਰਾਟੋ ਦੇ ਸ਼ਹਿਰ ਬੈਰੀ ‘ਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ਹਾਸਲ ਕਰ ਲਿਆ ਸੀ। ਦਸ ਦਈਏ ਕਿ ਕੁਝ ਮਹੀਨਿਆਂ ਤੱਕ ਹੀ ਇਸ਼ਨੀਤ ਨੂੰ ਪੀ.ਆਰ ਵੀ ਮਿਲਣ ਵਾਲੀ ਸੀ ।ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਇਸ਼ਨੀਤ  ਕੌਰ ਦੀ ਲਾਸ਼ ਉਸਦੀ ਕਾਰ ਦੀ ਡਰਾਈਵਰ ਸੀਟ ਤੋਂ ਮਿਲੀ ਸੀ। ਫਿਲਹਾਲ ਅਜੇ ਤੱਕ ਇਸ਼ਨੀਤ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ।

 

ਇਹ ਕੁਝ ਹੀ ਦਿਨਾਂ ਦੇ ਮਾਮਲੇ ਹਨ। ਇਸ ਤਰੀਕੇ ਆਏ ਦਿਨ ਪੰਜਾਬੀ ਅਤੇ ਭਾਰਤੀ ਵਿਦੇਸ਼ੀ ਧਰਤੀ ‘ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਨ। ਜਿਹੜਾ ਕਿ ਚਿੰਤਾ ਦਾ ਵਿਸ਼ਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਵੱਲ ਧਿਆਨ ਦੇਵੇ ਅਤੇ ਵਿਦੇਸ਼ੀ ਧਰਤੀ ‘ਤੇ ਨੌਜ਼ਵਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।

Share this Article
Leave a comment