ਕੈਨੇਡਾ ‘ਚ ਅੰਤਰਰਾਸ਼ਟਰੀ ਨਸ਼ਾ ਤਸਕਰ ਗਿਰੋਹ ਦਾ ਪਰਦਾਫਾਸ਼, 3 ਪੰਜਾਬੀਆਂ ਸਣੇ 20 ਗ੍ਰਿਫ਼ਤਾਰ

Prabhjot Kaur
2 Min Read

ਨਿਆਗਰਾ ਫਾਲਜ਼: ਕੈਨੇਡਾ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰ ਗਿਰੋਹ ਦਾ ਪਰਦਾਫ਼ਾਸ਼ ਕਰਦਿਆਂ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ‘ਚੋਂ 3 ਪੰਜਾਬੀ ਦੱਸੇ ਜਾ ਰਹੇ ਹਨ। ‘ਪ੍ਰੋਜੈਕਟ ਗੇਟਵੇਅ’ ਤਹਿਤ ਇੱਕ ਸਾਲ ਤੱਕ ਚੱਲੀ ਜਾਂਚ ‘ਚ 6.5 ਕਰੋੜ ਡਾਲਰ ਤੋਂ ਵੱਧ ਮੁੱਲ ਦੇ ਨਸ਼ੇ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਗੈਰਕਾਨੂੰਨੀ ਪਰਵਾਸੀਆਂ ਨੂੰ ਅਮਰੀਕਾ ਪਹੁੰਚਾਉਣ ਦਾ ਕੰਮ ਵੀ ਕਰਦਾ ਸੀ।

ਪੁਲਿਸ ਵਲੋਂ ਜਾਰੀ ਬਿਆਨ ‘ਚ ਦੱਸਿਆ ਗਿਆ ਹੈ ਕਿ ਨਸ਼ਾ ਤਸਕਰੀ ਅਤੇ ਮਨੁੱਖੀ ਤਸਕਰੀ ਦੇ ਮਾਮਲਿਆਂ ਦੀ ਜਾਂਚ ‘ਚ ਪੀਲ ਰੀਜਨਲ ਪੁਲਿਸ, ਨਿਆਗਰਾ ਰੀਜਨਲ ਪੁਲਿਸ ਅਤੇ ਆਰ.ਸੀ.ਐਮ.ਪੀ. ਦੀ ਹੈਮਿਲਟਨ-ਨਿਆਗਰਾ ਡਿਟੈਚਮੈਂਟ ਨੇ ਪੂਰਾ ਸਹਿਯੋਗ ਦਿਤਾ। ਪੁਲਿਸ ਨੇ ਕਿਹਾ ਕਿ ਗਿਰੋਹ ਦੀਆਂ ਸਰਗਰਮੀਆਂ ਅਮਰੀਕਾ ਦੇ ਲਾਸ ਏਂਜਲਸ ਅਤੇ ਮੈਕਸੀਕੋ ਤੱਕ ਫੈਲੀਆਂ ਹੋਈਆਂ ਸਨ। ਮੈਕਸੀਕ ਅਤੇ ਅਮਰੀਕਾ ਤੋਂ ਟਰੱਕਾਂ ਰਾਹੀਂ ਨਸ਼ੀਲੇ ਪਦਾਰਥ ਕੈਨੇਡਾ ਲਿਆਂਦੇ ਜਾਂਦੇ ਜਦਕਿ ਕੈਨੇਡਾ ਤੋਂ ਭੰਗ ਦੀ ਤਸਕਰੀ ਅਮਰੀਕਾ ਦੇ ਵੱਖ-ਵੱਖ ਸੂਬਿਆਂ ‘ਚ ਕੀਤੀ ਜਾਂਦੀ। ਗਿਰੋਹ ਦੇ ਟਿਕਾਣਿਆਂ ਤੋਂ ਭੰਗ ਦੇ 45 ਹਜ਼ਾਰ ਬੂਟੇ ਅਤੇ 10 ਟਨ ਤਿਆਰ ਭੰਗ ਬਰਾਮਦ ਕੀਤੀ ਗਈ, ਜਿਸ ਦੀ ਬਾਜ਼ਾਰ ‘ਚ ਅੰਦਾਜ਼ਨ ਕੀਮਤ 6 ਕਰੋੜ 20 ਲੱਖ ਡਾਲਰ ਬਣਦੀ ਹੈ।

ਇਸ ਤੋਂ ਇਲਾਵਾ ਯੂਰਪ ਭੇਜਣ ਲਈ ਤਿਆਰ ਭੰਗ ਦੀ ਵੱਡੀ ਖੇਪ ਬਰਾਮਦ ਕੀਤੀ ਗਈ, ਜਿਸ ਦੀ ਅੰਦਾਜ਼ਨ ਕੀਮਤ 13 ਲੱਖ ਡਾਲਰ ਬਣਦੀ ਹੈ। ਨਿਆਗਰਾ ਪੁਲਿਸ ਨੇ ਕਿਹਾ ਕਿ 14 ਸਤੰਬਰ ਨੂੰ 175 ਅਫ਼ਸਰਾਂ ‘ਤੇ ਆਧਾਰਤ ਵੱਖ-ਵੱਖ ਟੀਮਾਂ ਨੇ ਪੂਰੇ ਓਨਟਾਰੀਓ ਵਿੱਚ ਛਾਪੇ ਮਾਰੇ ਅਤੇ ਵੱਡੀਆਂ ਬਰਾਮਦਗੀਆਂ ਕੀਤੀਆਂ। ਇਹ ਛਾਪੇ ਬਰੈਂਪਟਨ, ਮਿਲਟਨ, ਨਿਆਗਰਾ ਫਾਲਜ਼, ਇਟੋਬੀਕੋਕ, ਮਿਸੀਸਾਗਾ, ਵੁਡਬ੍ਰਿਜ, ਰਿਚਮੰਡ ਹਿੱਲ ਅਤੇ ਹੈਮਿਲਟਨ ਵਿਖੇ ਮਾਰੇ ਗਏ।

ਗ੍ਰਿਫਤਾਰ ਕੀਤੇ ਗਏ 20 ਲੋਕਾਂ ਖਿਲਾਫ 120 ਤੋਂ ਵੱਧ ਦੋਸ਼ ਆਇਦ ਕੀਤੇ ਗਏ ਹਨ, ਜਿਨ੍ਹਾਂ ‘ਚੋਂ ਪੰਜਾਬੀਆਂ ਦੀ ਪਛਾਣ ਮਿਲਟਨ ਦੇ 42 ਸਾਲਾ ਰਘਬੀਰ ਸਿੰਘ ਸ਼ੇਰਗਿੱਲ, ਬਰੈਂਪਟਨ ਦੇ 42 ਸਾਲਾ ਹਰਪਾਲ ਭੰਗੂ ਅਤੇ ਬਰੈਂਪਟਨ ਦੇ ਹੀ ਮਹਿਕਦੀਪ ਮਾਨ ਵਜੋਂ ਕੀਤੀ ਗਈ ਹੈ, ਜਿਨ੍ਹਾਂ ‘ਤੇ ਵੱਖ-ਵੱਖ ਦੋਸ਼ ਆਇਦ ਕੀਤੇ ਗਏ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment