ਲੰਦਨ ‘ਚ ਅੰਮ੍ਰਿਤਧਾਰੀ ਸਿੱਖ ਨੂੰ ਕਿਰਪਾਨ ਪਹਿਨਣ ਕਰਕੇ ਫਨ ਫੇਅਰ ਪਾਰਕ ਚੋਂ ਕੱਢਿਆ, ਪੁਲੀਸ ਨੇ ਲਾਈ ਹੱਥਕੜੀ

TeamGlobalPunjab
2 Min Read

ਲੰਦਨ: ਸਿੱਖੀ ਸਿਧਾਂਤਾਂ ਜਾਂ ਧਾਰਮਿਕ ਚਿੰਨ੍ਹਾਂ ਸਬੰਧੀ ਵਿਦੇਸ਼ਾਂ ‘ਚ ਜਾਗਰੂਕਤਾ ਨਾਂ ਹੋਣ ਕਾਰਨ ਸਿੱਖਾਂ ਨੂੰ ਹਮੇਸ਼ਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤਾਜ਼ਾ ਘਟਨਾ ਲੰਦਨ ਦੀ ਹੈ ਜਿੱਥੇ ਇੱਕ ਅੰਮ੍ਰਿਤਧਾਰੀ ਸਿੱਖ ਆਪਣੇ ਪਰਿਵਾਰ ਨਾਲ ਫਨ ਫੇਅਰ ਪਾਰਕ ਵਿੱਚ ਘੁੰਮਣ ਗਿਆ ਸੀ, ਪਰ ਉਸ ਨੂੰ ਪਾਰਕ ‘ਚੋਂ ਇਸ ਕਰ ਕੇ ਬਾਹਰ ਜਾਣ ਲਈ ਕਹਿ ਦਿੱਤਾ ਗਿਆ, ਕਿਉਂਕਿ ਉਸ ਨੇ ਕਿਰਪਾਨ ਪਹਿਨ ਰੱਖੀ ਸੀ। ਸਿੱਖ ਨੇ ਬਰਤਾਨੀਆ ਦੇ ਕਾਨੂੰਨ ਮੁਤਾਬਕ 6 ਇੰਚ ਦੀ ਕਿਰਪਾਨ ਪਹਿਨੀ ਹੋਈ ਸੀ ਪਰ ਇਸ ਦੇ ਬਾਵਜੂਦ ਉਸ ਨੂੰ ਹੱਥਕੜੀਆਂ ਲਗਾਈਆਂ ਗਈਆਂ।

ਜਾਣਕਾਰੀ ਮੁਤਾਬਕ ਬਰਮਿੰਘਮ ਤੋਂ ਨੌਰਥ ਵੈਲਜ਼ ਵਿਖੇ ਅੰਮ੍ਰਿਤਧਾਰੀ ਸਿੱਖ ਪ੍ਰਭਜੋਤ ਸਿੰਘ ਆਪਣੇ ਪਰਿਵਾਰ ਨਾਲ ਟਿਰ ਪ੍ਰਿੰਸ ਫਨ ਪਾਰਕ ਟੋਇਨ ਵਿਖੇ ਗਏ ਸਨ। ਪ੍ਰਭਜੋਤ ਸਿੰਘ ਦੇ ਨਾਲ ਗਏ ਦੋਸਤ ਅਰਮਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਹ ਰਾਈਡ ਲਈ ਉਡੀਕ ਕਰ ਰਹੇ ਸਨ ਤਾਂ ਇੱਕ ਕਰਮਚਾਰੀ ਨੇ ਪ੍ਰਭਜੋਤ ਸਿੰਘ ਨੂੰ ਕਿਹਾ ਕਿ ਇੱਥੇ ਚਾਕੂ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ ਇਸ ਲਈ ਤੁਸੀਂ ਬਾਹਰ ਜਾਓ। ਜਦੋਂ ਸਿੰਘ ਨੇ ਯੂਕੇ ਕਾਨੂੰਨ ਤਹਿਤ ਕਿਰਪਾਨ ਪਹਿਨਣ ਦੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲੀਸ ਨੂੰ ਬੁਲਾ ਲਿਆ ਅਤੇ ਮੌਕੇ ‘ਤੇ ਪਹੁੰਚੀ ਪੁਲੀਸ ਨੇ ਪ੍ਰਭਜੋਤ ਸਿੰਘ ਨੂੰ ਹੱਥਕੜੀਆਂ ਲਾ ਦਿੱਤੀਆਂ।

ਕਿਰਪਾਨ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਪੁਲੀਸ ਨੇ ਸਿੰਘ ਨੂੰ ਛੱਡ ਤਾਂ ਦਿੱਤਾ, ਪਰ ਉਨ੍ਹਾਂ ਨੂੰ ਇੱਕ ਨਜ਼ਰਬੰਦੀ ਦੀ ਰਸੀਦ ਵੀ ਦਿੱਤੀ। ਹਰਮਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਛੱਡੇ ਜਾਣ ਦੇ ਬਾਵਜੂਦ ਫ਼ਨ ਪਾਰਕ ਦੇ ਮਾਲਕ ਨੇ ਉਨ੍ਹਾਂ ਨੂੰ ਬਾਹਰ ਕੱਢਿਆ ਤੇ ਅੱਗੇ ਤੋਂ ਕਿਸੇ ਅੰਮ੍ਰਿਤਧਾਰੀ ਨੂੰ ਫਨ ਫੇਅਰ ਪਾਰਕ ‘ਚ ਦਾਖ਼ਲ ਨਾਂ ਹੋਣ ਦੀ ਗੱਲ ਵੀ ਕਹੀ।

Share this Article
Leave a comment