ਮਾਨ ਦਾ ਪਲੇਠਾ ਬਜਟ ਸੈਸ਼ਨ 3 ਮਾਰਚ ਨੂੰ

Global Team
5 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ
ਪੰਜਾਬ ਵਿਧਾਨਸਭਾ ਦਾ ਬਜਟ ਸੈਸ਼ਨ 3 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਇਹ ਫੈਸਲਾ ਅੱਜ ਇੱਥੇ ਮੁੱਖ ਮੰਤਰੀ ਭਗੰਵਤ ਮਾਨ ਦੀ ਅਗਵਾਈ ਹੇਠ ਮੰਤਰੀ ਮੰਡਲ ਦੀ ਹੋਈ ਮੀਟਿੰਗ ਵਿਚ ਲਿਆ ਗਿਆ। ਬਜਟ ਦੀ ਸ਼ੁਰੂਆਤ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਭਾਸ਼ਣ ਨਾਲ ਹੋਵੇਗੀ। ਰਾਜਪਾਲ ਵੱਲੋਂ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਦੀਆਂ ਨੀਤੀਆਂ ਦੀ ਸੇਧ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਮੰਤਰੀ ਮੰਡਲ ਦੀ ਮੀਟਿੰਗ ਵਿਚ ਬੇਘਰਿਆਂ ਨੂੰ ਘਰ ਬਣਾ ਕੇ ਦੇਣ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਮੰਡੀਆਂ ਵਿਚ ਕੰਮ ਕਰਦੇ ਮਜ਼ਦੂਰਾਂ ਦੀ ਮਿਹਨਤਾਨਾ ਵਿਚ ਵਾਧਾ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਆ ਰਹੇ ਬਜਟ ਵਿਚ ਕਈ ਵੱਡੇ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਬੇਸ਼ੱਕ ਨਿਯਮਾਂ ਅਨੁਸਾਰ ਆ ਰਹੇ ਬਜਟ ਸੈਸ਼ਨ ਬਾਰੇ ਵੱਡੇ ਮੁੱਦਿਆਂ ਨੂੰ ਲੈ ਕੇ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਪਰ ਉਮੀਦ ਕੀਤੀ ਜਾਂਦੀ ਹੈ ਕਿ ਭਗਵੰਤ ਮਾਨ ਸਰਕਾਰ ਪੰਜਾਬੀਆਂ ਨਾਲ ਕੀਤੇ ਵਾਅਦਿਆਂ ਨੂੰ ਅਮਲ ਵਿਚ ਲਿਆਉਣ ਲਈ ਬਜਟ ਸੈਸ਼ਨ ਦੌਰਾਨ ਕੁੱਝ ਵੱਡੇ ਐਲਾਨ ਕਰ ਸਕਦੀ ਹੈ। ਮਸਾਲ ਵਜੋਂ ਆਪ ਵੱਲੋਂ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਵੋਟਾਂ ਵੇਲੇ ਵਾਅਦਾ ਕੀਤਾ ਗਿਆ ਸੀ ਪਰ ਅਜੇ ਤੱਕ ਇਹ ਵਾਅਦਾ ਅਮਲ ਵਿਚ ਨਹੀਂ ਆਇਆ। ਉਮੀਦ ਕੀਤੀ ਜਾਂਦੀ ਹੈ ਕਿ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪੇਸ਼ ਕੀਤੇ ਜਾ ਰਹੇ ਬਜਟ ਵਿਚ ਇਹ ਵੱਡਾ ਐਲਾਨ ਹੋ ਸਕਦਾ ਹੈ। ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਮਾਨ ਵੱਲੋਂ ਮੀਡੀਆ ਨੂੰ ਦਿੱਤੀ ਜਾਣਕਾਰੀ ਅਨੁਸਾਰ 10 ਮਾਰਚ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਭਗਵੰਤ ਮਾਨ ਸਰਕਾਰ ਦਾ ਮੁਕੰਮਲ ਬਜਟ ਪੇਸ਼ ਕਰਨਗੇ।

ਇਹ ਵੀ ਅਹਿਮ ਹੈ ਕਿ ਰਾਜਪਾਲ ਪੁਰੋਹਿਤ ਅਤੇ ਮੁੱਖ ਮੰਤਰੀ ਮਾਨ ਵਿਚਕਾਰ ਲਗਾਤਾਰ ਚਲ ਰਹੇ ਟਕਰਾਅ ਦੇ ਮੱਦੇਨਜ਼ਰ ਬਜਟ ਸੈਸ਼ਨ ਵਿਚ ਜਦੋਂ ਰਾਜਪਾਲ ਪਹਿਲੇ ਦਿਨ ਆਪਣਾ ਬਜਟ ਪੇਸ਼ ਕਰਨਗੇ ਤਾਂ ਕਿਹੋ ਜਿਹਾ ਮਾਹੌਲ ਹੋਵੇਗਾ ? ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਰਾਜਪਾਲ ਨੇ ਅਧਿਆਪਕਾਂ ਨੂੰ ਵਿਦੇਸ਼ੀ ਦੌਰੇ ’ਤੇ ਭੇਜਣ ਸਮੇਤ ਕੁੱਝ ਮੁੱਦਿਆਂ ਬਾਰੇ ਸਵਾਲ ਉਠਾਏ ਸਨ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਰਾਜਪਾਲ ਦੀ ਕਾਰਗੁਜ਼ਾਰੀ ਬਾਰੇ ਮੋੜਵਾਂ ਸਖ਼ਤ ਬਿਆਨ ਦਿੱਤਾ ਸੀ। ਇਸੇ ਤਰ੍ਹਾਂ ਅਮਨ-ਕਾਨੂੰਨ ਅਤੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਰਾਜਪਾਲ ਦਾ ਸਰਕਾਰ ਨਾਲੋਂ ਵਖਰਾ ਨਜ਼ਰੀਆ ਹੈ। ਇਹ ਦੇਖਣਾ ਹੋਵੇਗਾ ਕਿ ਰਾਜਪਾਲ ਜਦੋਂ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਵਿਧਾਨਸਭਾ ਵਿਚ ਆਪਣੇ ਭਾਸ਼ਣ ਨੂੰ ਪੜਨਗੇ ਤਾਂ ਇਹਨਾਂ ਮੁੱਦਿਆਂ ਉਪਰ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਕੀ ਬੋਲਣਗੇ? ਅਕਸਰ ਹੀ ਆਪ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਰਾਜਪਾਲਾਂ ਨੂੰ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਨੂੰ ਪਰੇਸ਼ਾਨ ਕਰਨ ਲਈ ਵਰਤਦੀ ਹੈ।

ਇਸੇ ਸਮੇਂ ਪੰਜਾਬ ਦੀਆਂ ਵਿਰੋਧੀ ਧਿਰਾਂ ਦੀ ਸਦਨ ਅੰਦਰ ਭੂਮਿਕਾ ਵੀ ਬਹੁਤ ਅਹਿਮ ਹੈ। ਇਸ ਵੇਲੇ ਸਦਨ ਅੰਦਰ ਮੁੱਖ ਵਿਰੋਧੀ ਧਿਰ ਵਜੋਂ ਕਾਂਗਰਸ ਪਾਰਟੀ ਆਪਣੀ ਭੂਮਿਕਾ ਨਿਭਾ ਰਹੀ ਹੈ। ਜਦੋਂ ਦੀ ਆਪ ਸਰਕਾਰ ਪੰਜਾਬ ਵਿਚ ਆਈ ਹੈ ਉਦੋਂ ਤੋਂ ਲੈਕੇ ਕਾਂਗਰਸ ਨਾਲ ਸੰਬੰਧਤ ਕਈ ਸਾਬਕਾ ਕੈਬਨਿਟ ਮੰਤਰੀਆਂ ਉਪਰ ਭ੍ਰਿਸ਼ਟਾਚਾਰ ਦੇ ਕੇਸ ਚਲ ਰਹੇ ਹਨ ਅਤੇ ਇਹਨਾਂ ਵਿਚੋਂ ਕਈ ਜੇਲ੍ਹ ਵਿਚ ਬੈਠੇ ਹਨ। ਅਜਿਹੀ ਸਥਿਤੀ ਵਿਚ ਕਾਂਗਰਸ ਪਾਰਟੀ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਦਬਾਅ ਬਣਾ ਪਾਏਗੀ, ਇਸ ਦੇ ਲਈ ਆਉਣ ਵਾਲੇ ਦਿਨਾਂ ਵਿਚ ਪਤਾ ਲੱਗੇਗਾ। ਇਸੇ ਤਰ੍ਹਾਂ ਸਦਨ ਅੰਦਰ ਅਕਾਲੀ ਦਲ ਅਤੇ ਭਾਜਪਾ ਦੀ ਗਿਣਤੀ ਵੀ ਐਨੀਂ ਹੀ ਘੱਟ ਹੈ ਕਿ ਮੁੱਦਿਆਂ ਨੂੰ ਲੈ ਕੇ ਸਰਕਾਰ ਉਪਰ ਦਬਾਅ ਬਣਾਉਣਾ ਸੰਭਵ ਹੀ ਨਹੀਂ ਹੈ। ਅਜਿਹੀ ਸਥਿਤੀ ਵਿਚ ਕੀ ਵਿਰੋਧੀ ਧਿਰ ਸਰਕਾਰ ਵਿਰੋਧੀ ਨਾਅਰੇਬਾਜੀ ਕਰਕੇ ਸਦਨ ਤੋਂ ਬਾਹਰ ਆਉਣ ਦੀ ਪੁਰਾਣੀ ਪਿਰਤ ਨੂੰ ਹੀ ਕਾਇਮ ਰੱਖੇਗੀ ਜਾਂ ਪੰਜਾਬ ਦੇ ਵੱਡੇ ਮੁੱਦਿਆਂ ਉਪਰ ਕੋਈ ਸਾਰਥਿਕ ਭੂਮਿਕਾ ਵੀ ਨਿਭਾਏਗੀ। ਇਹ ਵੀ ਦੇਖਣਾ ਹੋਏਗਾ ਕਿ ਪਿਛਲੇ ਦਿਨਾਂ ਵਿਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਧਾਇਕਾਂ ਦੀ ਟ੍ਰੇਨਿੰਗ ਲਈ ਲਾਈ ਕਲਾਸ ਦੇ ਸਦਨ ਦੀ ਕਾਰਗੁਜ਼ਾਰੀ ਵਿਚ ਕਿਹੋ ਜਿਹੇ ਨਤੀਜੇ ਸਾਹਮਣੇ ਆਉਂਦੇ ਹਨ। ਇਹ ਹਾਕਿਮ ਧਿਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਪੰਜਾਬ ਦੇ ਵੱਡੇ ਮੁੱਦਿਆਂ ਉਪਰ ਵਿਰੋਧੀ ਧਿਰਾਂ ਦਾ ਸਹਿਯੋਗ ਹਾਸਿਲ ਕੀਤਾ ਜਾਵੇ ਕਿਉਂ ਜੋ ਪੰਜਾਬ ਇਸ ਵੇਲੇ ਵੱਡੇ ਸੰਕਟ ਵਿਚੋਂ ਨਿਕਲ ਰਿਹਾ ਹੈ ਅਤੇ ਕਈ ਮਾਮਲਿਆਂ ਵਿਚ ਕੇਂਦਰ ਵੀ ਪੰਜਾਬ ਨੂੰ ਮਦਦ ਦੇਣ ਤੋਂ ਆਪਣਾ ਹੱਥ ਪਿਛਾਂਹ ਖਿੱਚ ਰਿਹਾ ਹੈ।

Share this Article
Leave a comment