ਵੈਨਕੂਵਰ: ਵੈਨਕੂਵਰ ਪੁਲਿਸ ਵਿਭਾਗ ਨੇ ਮੈਟਰੋ ਵੈਨਕੂਵਰ ਗਿਰੋਹ ਦੇ ਸੀਨ ਨਾਲ ਜੁੜੇ ਛੇ ਵਿਅਕਤੀਆਂ ਦੇ ਨਾਮ ਅਤੇ ਫੋਟੋਆਂ ਜਾਰੀ ਕੀਤੀਆਂ ਹਨ। ਇਨ੍ਹਾਂ ‘ਚ ਚਾਰ ਪੰਜਾਬੀਆਂ ਦੇ ਨਾਂ ਵੀ ਸ਼ਾਮਿਲ ਹਨ। ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਦਿਤੀ ਹੈ ਕਿ ਜੇਕਰ ਇਹ 6 ਗੈਂਗਸਟਰ ਦਿਖਦੇ ਹਨ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਅਤੇ ਇਨ੍ਹਾਂ ਦੇ ਨੇੜੇ ਜਾਣਾ ਖਤਰਨਾਕ ਹੈ।
ਪੁਲਿਸ ਮੁਖੀ ਐਡਮ ਪਾਲਮਰ ਅਤੇ ਵੀਪੀਡੀ ਨੇ ਆਪਣੇ ਗੈਂਗ-ਇਨਫੋਰਸਮੈਂਟ ਆਪ੍ਰੇਸ਼ਨ ਦੇ ਹਿੱਸੇ ਵਜੋਂ ਇਕ ਪ੍ਰੈਸ ਕਾਨਫਰੰਸ ਕੀਤੀ। ਜਿਸ ਵਿਚ ਚੇਤਾਵਨੀ ਦਿੱਤੀ ਗਈ ਸੀ ਕਿ ਇਨ੍ਹਾਂ ਗੈਂਗਸਟਰਾਂ ਦਾ ਆਮ ਲੋਕਾਂ ਵਿੱਚ ਵਿਚਰਨਾ ਹੋਰਾਂ ਲਈ ਖ਼ਤਰੇ ਤੋਂ ਖਾਲੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਲੰਘੇ ਸਾਢੇ ਚਾਰ ਮਹੀਨਿਆਂ ਦੌਰਾਨ ਖੇਤਰ ਵਿੱਚ ਗੈਂਗਸਟਰਾਂ ਦੀ ਬਦਲਾਖੋਰੀ ਵਿੱਚ 20 ਜਣੇ ਮਾਰੇ ਗਏ ਤੇ 20 ਹੋਰ ਜ਼ਖ਼ਮੀ ਹੋਏ। ਉਨ੍ਹਾਂ ਕਿਹਾ ਕਿ ਪੁਲਿਸ ਕੋਲ ਜਾਣਕਾਰੀ ਹੈ ਕਿ ਛੇ ਲੋਕਾਂ ਨੂੰ ਆਉਣ ਵਾਲੇ ਦਿਨਾਂ ਜਾਂ ਮਹੀਨਿਆਂ ਵਿੱਚ ਨਿਸ਼ਾਨਾ ਬਣਾਇਆ ਜਾਵੇਗਾ ਅਤੇ ਪੁਲਿਸ ਚਾਹੁੰਦੀ ਹੈ ਕਿ ਲੋਕ ਸੁਰੱਖਿਆ ਕਾਰਨਾਂ ਕਰਕੇ ਸੁਚੇਤ ਰਹਿਣ।
ਜਾਰੀ ਕੀਤੇ 6 ਨਾਂ
ਹਰਜੀਤ ਦਿਓ (35) ਤੇ ਗੁਰਿੰਦਰ ਦਿਓ (38) ਸਕੇ ਭਰਾ, ਬਰਿੰਦਰ ਧਾਲੀਵਾਲ (38) ਤੇ ਮਨਿੰਦਰ ਧਾਲੀਵਾਲ (28) ਸਕੇ ਭਰਾ , ਏਕੇਨੇ ਐਨੀਗਬੋ (21) ਤੇ ਡੈਮੀਅਨ ਰਿਆਨ (41) ਸਾਲਾ ਦੋ ਲੋਕ ਹੋਰ ਭਾਈਚਾਰਿਆਂ ’ਚੋਂ ਹਨ। ਦਿਓ ਭਰਾਵਾਂ ਦਾ ਵੱਡਾ ਭਰਾ ਪੰਜ ਸਾਲ ਪਹਿਲਾਂ ਟਰਾਂਟੋ ਵਿੱਚ ਮਾਰਿਆ ਗਿਆ ਸੀ।
#VPDNews: Vancouver Police today released the photos, names and ages of six gangsters with links to Vancouver who pose a significant risk to the safety of the public. https://t.co/iAvw5wEAQR pic.twitter.com/ylf2A79sF2
— Vancouver Police (@VancouverPD) May 17, 2021
ਵੈਨਕੂਵਰ ‘ਚ ਗੈਂਗਸਟਰਾਂ ਦੀ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਡਿਪਟੀ ਚੀਫ ਕਾਂਸਟੇਬਲ ਫਿਓਨਾ ਵਿਲਸਨ ਨੇ ਘੋਸ਼ਣਾ ਕੀਤੀ ਕਿ ਮੌਜੂਦਾ ਗੈਂਗ ਦੀ ਸਥਿਤੀ ਨਾਲ ਨਜਿੱਠਣ ਲਈ ਵੀਪੀਡੀ ਦੇ ਅੰਦਰ ਇੱਕ ਨਵੀਂ ਟਾਸਕ ਫੋਰਸ ਬਣਾਈ ਗਈ ਹੈ।