ਕੇਂਦਰ ਸਰਕਾਰ ਨੇ ਬਲੈਕ ਫੰਗਸ ਮਰੀਜ਼ਾਂ ਦੇ ਇਲਾਜ ਲਈ ਦਵਾਈ ਐਮਫੋਟਰੀਸਿਨ-ਬੀ ਦੀ ਵੰਡ ਨੂੰ ਵਧਾਉਣ ’ਤੇ ਦਿੱਤਾ ਜ਼ੋਰ

TeamGlobalPunjab
2 Min Read

ਨਵੀਂ ਦਿੱਲੀ: ਕੋਵਿਡ -19 ਮਹਾਮਾਰੀ ਦੀ ਦੂਜੀ ਲਹਿਰ ਦੇ ਵਿਚਕਾਰ ਦੇਸ਼ ਵਿੱਚ ਬਲੈਕ ਫੰਗਸ ਦਾ ਖ਼ਤਰਾ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਦੇਸ਼ ’ਚ ਹੁਣ ਤੱਕ ਬਲੈਕ ਫੰਗਸ ਦੇ ਤਕਰੀਬਨ 8,848 ਕੇਸ ਸਾਹਮਣੇ ਆ ਚੁੱਕੇ ਹਨ। ਲੋਕ ਹੁਣ  ਕੋਰੋਨਾ ਤੋਂ ਸਿਹਤਮੰਦ ਹੋ ਰਹੇ ਹਨ ਪਰ ਬਲੈਕ ਫੰਗਸ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਕਈ ਰਾਜਾਂ ਨੇ ਇਸ ਨੂੰ ਮਹਾਮਾਰੀ ਵਜੋਂ ਐਲਾਨ ਦਿੱਤਾ ਹੈ।

ਏਮਜ਼ ਵਿਖੇ ਨਿਊਰੋਸਰਜਰੀ ਦੇ ਪ੍ਰੋਫੈਸਰ ਡਾ. ਸ਼ਰਤ ਚੰਦਰ ਨੇ ਦੱਸਿਆ ਕਿ ਬਲੈਕ ਫੰਗਸ ਦੇ ਲੱਛਣ ਕੀ ਹਨ, ਕਿਨ੍ਹਾਂ ਨੂੰ ਇਸ ਦਾ ਵਧੇਰੇ ਰਿਸਕ ਹੈ ਅਤੇ ਇਸ ਦੇ ਇਲਾਜ ਲਈ ਕਿਹੜੀ ਦਵਾਈ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਸਿੱਧੇ ਸਿਲੰਡਰਾਂ ਤੋਂ ਠੰਡੀ ਆਕਸੀਜਨ ਦੇਣਾ ਬਹੁਤ ਖ਼ਤਰਨਾਕ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੋ ਤੋਂ ਤਿੰਨ ਹਫਤਿਆਂ ਤੱਕ ਇੱਕੋ ਮਾਸਕ ਦੀ ਵਰਤੋਂ ਕਰਨ ਨਾਲ ਬਲੈਕ ਫੰਗਸ ਜਾਂ ਮਿਉਕਰਮਾਇਕੋਸਿਸ ਦਾ ਖਤਰਾ ਪੈਦਾ ਹੋ ਸਕਦਾ ਹੈ।

ਬਲੈਕ  ਫੰਗਸ ਦੇ ਵੱਧ ਰਹੇ ਕੇਸਾਂ ਦਾ ਨੋਟਿਸ ਲੈਂਦਿਆਂ ਕੇਂਦਰ ਸਰਕਾਰ ਨੇ ਮਰੀਜ਼ਾਂ ਦੇ ਇਲਾਜ ’ਚ ਵਰਤੀ ਜਾਣ ਵਾਲੀ ਦਵਾਈ ਐਮਫੋਟਰੀਸਿਨ-ਬੀ ਦੀ ਵੰਡ ਨੂੰ ਵਧਾਉਣ ’ਤੇ ਜ਼ੋਰ ਦਿੱਤਾ ਹੈ। ਰਸਾਇਣ ਅਤੇ ਖਾਦਾਂ ਬਾਰੇ ਕੇਂਦਰੀ ਮੰਤਰੀ ਡੀ ਵੀ ਸਦਾਨੰਦ ਗੌੜਾ ਨੇ ਐਮਫੋਟਰੀਸਿਨ-ਬੀ ਦੀਆਂ 23,680 ਸ਼ੀਸ਼ੀਆਂ ਵੰਡਣ ਦਾ ਐਲਾਨ ਕੀਤਾ ਹੈ। ਕੇਂਦਰੀ ਮੰਤਰੀ ਨੇ ਦੱਸਿਆ ਕਿ ਮਰੀਜ਼ਾਂ ਦੀ ਕੁੱਲ ਗਿਣਤੀ ਦੇ ਆਧਾਰ ’ਤੇ ਇਹ ਵੰਡ ਕੀਤੀ ਗਈ ਹੈ। ਬਲੈਕ  ਫੰਗਸ ਦੇ ਕੇਸ ਉਨ੍ਹਾਂ ਕੋਰੋਨਾ ਮਰੀਜ਼ਾਂ ’ਚ ਜ਼ਿਆਦਾ ਸਾਹਮਣੇ ਆ ਰਹੇ ਹਨ ਜਿਨ੍ਹਾਂ ਨੂੰ ਲੰਬੇ ਸਮੇਂ ਤੱਕ ਸਟੀਰਾਇਡ ਦਿੱਤੇ ਗਏ, ਹਸਪਤਾਲ ’ਚ ਲੰਬੇ ਸਮੇਂ ਤੱਕ ਦਾਖ਼ਲ ਰਹੇ, ਆਕਸੀਜਨ ਜਾਂ ਵੈਂਟੀਲੇਟਰ ’ਤੇ ਰਹਿਣ ਵਾਲਿਆਂ ਅਤੇ ਜਿਹੜੇ ਸ਼ੂਗਰ ਜਿਹੀਆਂ ਬਿਮਾਰੀਆਂ ਲਈ ਦਵਾਈਆਂ ਦੀ ਵਰਤੋਂ ਕਰ ਰਹੇ ਸਨ। ਜੇਕਰ ਬਲੈਕ ਫੰਗਸ ਦਾ ਇਲਾਜ ਸਮੇਂ ਸਿਰ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਸਾਬਿਤ ਹੋ ਸਕਦੀ ਹੈ।

Share this Article
Leave a comment