ਕੈਪਟਨ ਸਰਕਾਰ ਬੇਅਦਬੀ ਮਾਮਲੇ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਪ੍ਰਤੀ ਵਰਤ ਰਹੀ ਹੈ ਢਿੱਲ 

TeamGlobalPunjab
2 Min Read

ਚੰਡੀਗੜ੍ਹ : ( ਦਰਸ਼ਨ ਸਿੰਘ ਖੋਖਰ ): ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਹੈ ਕਿ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ  ਕਾਂਡ ਮਾਮਲਿਆਂ ਵਿੱਚ ਇਨਸਾਫ਼ ਦੇਣ ਲਈ ਕੈਪਟਨ ਸਰਕਾਰ ਦੀ ਢਿੱਲ ਜੱਗ ਜ਼ਾਹਿਰ ਹੋ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਿਸੇ ਸਿਆਸੀ ਦਬਾਅ ਕਾਰਨ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਮਾਮਲਿਆਂ ਵਿੱਚ ਇਨਸਾਫ਼ ਨਹੀਂ ਦੇ ਰਹੇ।

ਵਿਸ਼ੇਸ਼ ਗੱਲਬਾਤ ਦੌਰਾਨ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਇਹ ਸਭ ਨੂੰ ਪਤਾ ਹੈ ਕਿ ਬੇਅਦਬੀ ਮਾਮਲਿਆਂ ਵਿੱਚ ਡੇਰਾ ਸਿਰਸਾ ਦਾ ਹੱਥ ਹੈ ਪਰ ਜਾਂਚ ਵਿੱਚ ਡੇਰਾ ਮੁਖੀ ਨੂੰ ਜਾਣ ਬੁੱਝ ਕੇ ਹੀ ਸ਼ਾਮਿਲ ਨਹੀਂ ਕੀਤਾ ਜਾ ਰਿਹਾ।

ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਜੇਕਰ ਬੇਅਦਬੀ ਮਾਮਲਿਆਂ ਵਿੱਚ  ਹੋਰ ਦੇਰੀ ਹੋ ਗਈ ਤਾਂ ਫਿਰ ਤੋਂ ਮੋਰਚਾ ਲਗਾਇਆ ਜਾਵੇਗਾ । ਜਿਸ ਬਾਰੇ ਪੰਥਕ ਧਿਰਾਂ ਨਾਲ ਉਨ੍ਹਾਂ ਦੀ ਗੱਲ ਜਾਰੀ ਹੈ।

ਉਨ੍ਹਾਂ ਜਾਣਕਾਰੀ ਦਿੱਤੀ ਕਿ 2 ਦਸੰਬਰ ਨੂੰ ਲਾਅ ਭਵਨ ਚੰਡੀਗੜ੍ਹ ਵਿਖੇ ਉਹ ਪਾਰਟੀ ਵੱਲੋਂ ਵਿਸ਼ੇਸ਼ ਸਮਾਗਮ ਕਰਨਗੇ ਜਿਸ ਵਿੱਚ ਕਰਤਾਰਪੁਰ ਲਾਂਘੇ ਵਾਸਤੇ ਅਹਿਮ ਯੋਗਦਾਨ ਪਾਉਣ ਵਾਲੇ  ਕੁਲਦੀਪ ਸਿੰਘ ਵਡਾਲਾ,  ਮਨੁੱਖੀ ਅਧਿਕਾਰਾਂ ਦੇ ਰਾਖੇ ਸਾਬਕਾ ਜੱਜ ਅਜੀਤ ਸਿੰਘ ਬੈਂਸ ਤੇ ਮਰਹੂਮ ਗੁਰਬਖ਼ਸ਼ ਸਿੰਘ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਸਮਾਗਮਾਂ ਨੂੰ ਸਮਰਪਿਤ ਉਹ ਪਿੰਡਾਂ ਵਿੱਚ 100  ਲਾਇਬ੍ਰੇਰੀਆਂ  ਵੀ ਖੋਲ੍ਹਣਗੇ ਜਿਨ੍ਹਾਂ ਦੀ ਸ਼ੁਰੂਆਤ  2 ਦਸੰਬਰ ਨੂੰ ਹੋਵੇਗੀ। ਅਜਿਹਾ ਕਰਕੇ ਸਾਹਿਤਕ ਗਰੀਬੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਯੂਨਾਈਟਿਡ ਅਕਾਲੀ ਦਲ ਹੁਣ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਗੇ ਆ ਰਿਹਾ ਹੈ। ਇਸ ਮੁਹਿੰਮ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ  ਢੀਂਡਸਾ ਦੀ ਸ਼ਮੂਲੀਅਤ ਹੋਣ ਦੀ ਵੀ ਸੰਭਾਵਨਾ ਹੈ ।ਆਉਣ ਵਾਲੇ ਦਿਨਾਂ ਵਿੱਚ ਇਹ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਵੀ ਸਰਗਰਮ ਨਜ਼ਰ ਆਵੇਗੀ। ਜਿਸ ਲਈ ਇਸ ਪਾਰਟੀ ਨੇ ਹੁਣੇ ਤੋਂ ਸਰਗਰਮੀਆਂ ਵਿੱਢ ਦਿੱਤੀਆਂ ਹਨ।

- Advertisement -

Share this Article
Leave a comment