ਚੰਡੀਗੜ੍ਹ : ਸੂਬੇ ਅੰਦਰ ਸੀਨੀਅਰ ਅਕਾਲੀ ਆਗੂ ਦਲਵੀਰ ਸਿੰਘ ਢਿੱਲਵਾਂ ਦੇ ਕਤਲ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ। ਜੀ ਹਾਂ ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾਵਾਂ ਵੱਲੋਂ ਇੱਕ ਦੂਜੇ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਬੀਤੇ ਦਿਨੀਂ ਜਿੱਥੇ ਬਿਕਰਮ ਸਿੰਘ ਮਜੀਠੀਆ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ‘ਤੇ ਗੰਭੀਰ ਇਲਜ਼ਾਮ ਲਗਾਏ ਗਏ ਸਨ ਉੱਥੇ ਹੀ ਹੁਣ ਰੰਧਾਵਾ ਨੇ ਵੀ ਮਜੀਠੀਆ ਦੇ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ। ਰੰਧਾਵਾ ਨੇ ਪੱਤਰਕਾਰ ਸੰਮੇਲਨ ਕਰਕੇ ਕਿਹਾ ਕਿ ਉਹ ਮਜੀਠੀਆ ਪਰਿਵਾਰ ਹੀ ਹੈ ਜਿਹੜਾ ਜੱਗੂ ਭਗਵਾਨਪੁਰੀਆ ਦੇ ਪਰਿਵਾਰ ਨੂੰ ਪਨਾਹ ਦਿੰਦਾ ਹੈ। ਉਨ੍ਹਾਂ ਕਿਹਾ ਕਿ ਜੱਗੂ ‘ਤੇ 45 ਕੇਸ ਦਰਜ ਹਨ ਜਿਨ੍ਹਾਂ ਵਿੱਚੋਂ ਜਿਆਦਾਤਰ ਮਜੀਠੀਆ ਦੇ ਇਲਾਕੇ ਵਿੱਚ ਹਨ।
ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰਕਾਰ ਸੰਮੇਲਨ ਵਿੱਚ ਬਿਕਰਮ ਸਿੰਘ ਮਜੀਠੀਆ ਨਾਲ ਕਈ ਨਾਮੀਂ ਗੈਂਗਸਟਰਾਂ ਦੀਆਂ ਤਸਵੀਰਾਂ ਵੀ ਦਖਾਈਆਂ । ਉਨ੍ਹਾਂ ਕਿਹਾ ਕਿ ਜਿਸ ਸਮੇਂ ਤੋਂ ਪੰਜਾਬ ਅੰਦਰ ਮਜੀਠੀਆ ਆਇਆ ਹੈ ਉਸ ਦਿਨ ਤੋਂ ਹੀ ਸੂਬੇ ਅੰਦਰ ਗੈਂਗਸਟਰ ਸ਼ਬਦ ਸ਼ਾਮਿਲ ਹੋਇਆ ਹੈ ਅਤੇ ਇਸ ਤੋਂ ਪਹਿਲਾਂ ਅਜਿਹਾ ਕੁਝ ਨਹੀਂ ਸੀ। ਇਸ ਤੋਂ ਇਲਾਵਾ ਰੰਧਾਵਾ ਨੇ ਇਹ ਵੀ ਦਾਅਵਾ ਕੀਤਾ ਕਿ ਜਿਸ ਸਮੇਂ ਪਹਿਲੀ ਵਾਰ ਪੰਜਾਬ ਅੰਦਰ ਨਸ਼ਾ ਫੜਿਆ ਗਿਆ ਸੀ ਉਹ ਅਕਾਲੀ ਦਲ ਦੇ ਸਰਪੰਚ ਤੋਂ ਫੜਿਆ ਗਿਆ ਸੀ। ਰੰਧਾਵਾ ਨੇ ਕਿਹਾ ਕਿ ਜਗਦੀਸ਼ ਭੋਲਾ ਤੋਂ ਜਿਸ ਸਮੇਂ 600 ਕਰੋੜ ਰੁਪਏ ਦਾ ਨਸ਼ਾ ਮਿਲਿਆ ਸੀ ਉਹ ਕਿੱਥੇ ਹੈ। ਰੰਧਾਵਾ ਨੇ ਬੋਲਦਿਆਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਬਾਦਲਾਂ ਨੇ ਮਜੀਠੀਆ ਨੂੰ ਭੌਂਕਣ ਲਈ ਰੱਖਿਆ ਹੈ।