ਪੰਜਾਬ ਵਿੱਚ ਆਲੂ ਦੀ ਸਫਲ਼ ਕਾਸ਼ਤ – ਜ਼ਰੂਰੀ ਨੁਕਤੇ

TeamGlobalPunjab
13 Min Read

-ਕੁਲਬੀਰ ਸਿੰਘ

 

ਪੰਜਾਬ ਵਿੱਚ ਆਲੂ 102.97 ਹਜ਼ਾਰ ਹੈਕਟੇਅਰ ਰਕਬੇ ਵਿੱਚ ਉਗਾਇਆ ਜਾਂਦਾ ਹੈ ਜਿਸ ਵਿੱਚੋਂ ਕੁੱਲ 2716.33 ਹਜ਼ਾਰ ਟਨ ਦੀ ਪੈਦਾਵਾਰ ਹੁੰਦੀ ਹੈ।ਆਲੂ ਦੀ ਚੰਗੇ ਰਵੇ ਦੀ ਫਸਲ ਤਿਆਰ ਕਰਨ ਲਈ ਫਸਲ ਦੇ ਵੱਖ-ਵੱਖ ਪੜਾਵਾਂ ਤੇ ਕੁਝ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ। ਜਿਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ: ਬਿਜਾਈ ਤੋਂ ਪਹਿਲਾਂ
ਆਲੂ ਦੀ ਬਿਜਾਈ ਦੀ ਤਿਆਰੀ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਮਾਨਸੂਨ ਤੋਂ ਬਾਅਦ ਸ਼ੂਰੁ ਹੋ ਜਾਂਦੀ ਹੈ। ਆਲੂ ਇਕ ਠੰਡੇ ਮੌਸਮ ਦੀ ਫਸਲ ਹੈ ਅਤੇ ਇਸ ਦੀ ਬਿਜਾਈ ਦੇ ਸਮੇਂ ਦਿਨ ਦਾ ਤਾਪਮਾਨ 30 ਡਿਗਰੀ ਸੈਂਟੀਗ੍ਰੇਡ ਅਤੇ ਰਾਤ ਦਾ ਤਾਪਮਾਨ 20 ਡਿਗਰੀ ਸੈਂਟੀਗ੍ਰੇਡ ਤੋਂ ਵੱਧ ਨਹੀਂ ਹੋਣਾ ਚਾਹੀਦਾ। ਇਸ ਲਈ ਦਿਨ ਨੂੰ ਚੋਖੀ ਧੁੱਪ ਅਤੇ ਰਾਤ ਸਮੇਂ ਠੰਢ ਢੁਕਵਾਂ ਮੌਸਮ ਹੈ। ਦਿਨ ਦਾ ਤਾਪਮਾਨ 20 ਅਤੇ ਰਾਤ ਦਾ 14 ਡਿਗਰੀ ਸੈਂਟੀਗ੍ਰੇਡ ਹੋਣਾ ਆਲੂ ਦੀ ਫਸਲ ਲਈ ਸਭ ਤੋਂ ਵੱਧ ਢੁਕਵਾਂ ਹੈ। ਇਸ ਦੇ ਨਾਲ ਹੀ ਆਲੂ ਦੀ ਖੇਤੀ ਲਈ ਚੰਗੇ ਜਲ ਨਿਕਾਸ ਵਾਲੀ, ਪੋਲੀ, ਭੁਰਭੁਰੀ ਤੇ ਕੱਲਰ ਰਹਿਤ ਜ਼ਮੀਨ ਸਭ ਤੋਂ ਵੱਧ ਢੁੱਕਵੀਂ ਹੈ।ਮਿੱਟੀ ਦਾ ਮੈਰਾ ਅਤੇ ਰੇਤਲੀ ਮੈਰਾ ਹੋਣਾ ਇਸ ਲਈ ਵਧੇਰਾ ਢੁੱਕਵਾਂ ਹੈ।ਆਲੂ ਦਾ ਚੰਗਾ ਬੀਜ ਹੀ ਸਫਲ ਫਸਲ ਦਾ ਪ੍ਰਤੀਕ ਹੁੰਦਾ ਹੈ, ਇਸ ਲਈ ਬੀਜ ਕਿਸੇ ਭਰੋਸੇਯੋਗ ਵਸੀਲੇ ਤੋਂ ਹੀ ਖਰੀਦੋ ਅਤੇ 3-4 ਸਾਲਾਂ ਬਾਅਦ ਪੁਰਾਣੇ ਬੀਜ ਨੂੰ ਬਦਲ ਦੇਣਾ ਚਾਹੀਦਾ ਹੈ। ਬੀਜ ਦੇ ਨਾਲ ਹੀ ਕਿਸਮਾਂ ਦੀ ਚੋਣ ਬਹੁਤ ਮਹਤਵਪੁਰਨ ਪੜਾਅ ਹੈ ਆਲੂ ਦੀਆਂ ਕਿਸਮਾਂ ਨੂੰ ਪੱਕਣ ਦੇ ਸਮੇਂ ਦੇ ਅਧਾਰ ਤੇ ਤਿੰਨ ਵਰਗਾਂ ਵਿਚ ਵੰਡਿਆ ਗਿਆ ਹੈ।ਇਹਨਾਂ ਕਿਸਮਾਂ ਦੀ ਚੋਣ ਬਹੁਤ ਮੰਡੀ ਦੀ ਮੰਗ (ਖਾਣ ਲਈ ਕੱਚੀ ਪਟਾਈ/ਬੀਜ ਫਸਲ/ ਪ੍ਰੋਸੈਸਿੰਗ ਇੰਡਸਟਰੀ) ਅਤੇ ਅਗਲੀ ਫਸਲ ਦੀ ਬਿਜਾਈ ਤੇ ਨਿਰਭਰ ਕਰਦੀ ਹੈ।

ਆਲੂ ਦੀ ਬਿਜਾਈ ਲਈ ਜ਼ਮੀਨ ਦੀ ਤਿਆਰੀ ਚੰਗੀ ਹੋਣੀ ਚਾਹੀਦੀ ਹੈ। ਸਮੁੱਚੇ ਤੌਰ ਤੇ ਵਹਾਈ ਜ਼ਮੀਨ ਦੀ ਕਿਸਮ ਤੇ ਨਿਰਭਰ ਕਰੇਗੀ। ਉਲਟਾਵੇਂ ਹਲ ਨਾਲ ਇੱਕ ਵਾਰੀ ਵਾਹੁਣ ਤੋਂ ਬਾਅਦ, ਤਵੀਆਂ ਨਾਲ ਜਾਂ ਸਾਧਾਰਨ ਹਲ ਨਾਲ ਵਾਹੋ। ਹਲਕੀਆਂ ਰੇਤਲੀਆਂ ਜ਼ਮੀਨਾਂ ਵਿੱਚ ਕੇਵਲ ਤਵੀਆਂ ਚਲਾ ਦੇਣੀਆਂ ਹੀ ਕਾਫ਼ੀ ਹਨ। ਹਰੀ ਖਾਦ ਲਈ ਬਿਜਿਆ ਗਿਆ ਸਣ ਜਾਂ ਜੰਤਰ ਜ਼ਮੀਨ ਵਿੱਚ ਵਾਹ ਦਿਉ ਤਾਂ ਕਿ ਆਲੂ ਦੀ ਬਿਜਾਈ ਤੋਂ ਪਹਿਲਾਂ-ਪਹਿਲਾਂ ਇਹ ਚੰਗੀ ਤਰ੍ਹਾਂ ਸੜ-ਗਲ ਜਾਵੇ। ਜੇ ਨਦੀਨ ਜਾਂ ਪਹਿਲੀ ਫ਼ਸਲ ਦੇ ਮੁੱਢਾਂ ਦੀ ਕੋਈ ਖਾਸ ਸਮੱਸਿਆ ਨਾ ਹੋਵੇ ਤਾਂ ਆਲੂ ਦੀ ਫ਼ਸਲ ਮਾਮੂਲੀ ਵਹਾਈ ਨਾਲ ਵੀ ਬੀਜੀ ਜਾ ਸਕਦੀ ਹੈ ਅਤੇ ਜ਼ਮੀਨ ਤਿਆਰ ਹੋਣ ਉਪਰੰਤ 20 ਟਨ ਗੋਹੇ ਦੀ ਰੂੜੀ ਬਿਜਾਈ ਤੋਂ ਪਹਿਲਾਂ ਹੀ ਪਾ ਦਿਉ, ਤਾਂ ਕਿ ਬਿਜਾਈ ਸਮਂੇ ਤੱਕ ਖੇਤ ਵਿਚ ਚੰਗੀ ਤਰਾਂ ਸੜ-ਗਲ ਜਾਵੇ। ਬੀਜ ਨੂੰ ਕੋਲਡ ਸਟੋਰ ਵਿੱਚੋਂ ਕੱਢ ਕੇ ਸਿੱਧਾ ਬਿਜਾਈ ਲਈ ਨਹੀਂ ਵਰਤਿਆ ਜਾ ਸਕਦਾ। ਇਨ੍ਹਾਂ ਨੂੰ ਪਹਿਲੇ ਪੱਖੇ ਦੀ ਹਵਾ ਨਾਲ ਸੁਕਾ ਲਵੋ ਤੇ ਕਿਸੇ ਠੰਢੀ ਥਾਂ, ਜਿੱਥੇ ਸਿੱਧੀ ਧੁੱਪ ਨਾ ਪੈਂਦੀ ਹੋਵੇ ਖਿਲਾਰ ਦਿਉ ਤੇ 8-10 ਦਿਨ ਲਈ ਪਿਆ ਰਹਿਣ ਦਿਓ। ਅਜਿਹਾ ਕਰਨ ਨਾਲ ਫੁਟਾਰਾ ਸ਼ੁਰੂ ਹੋ ਜਾਂਦਾ ਹੈ ਤੇ ਫੋਟ ਵੀ ਨਰੋਈ ਹੁੰਦੀ ਹੈ। ਇਸ ਸਮੇਂ ਦੌਰਾਨ ਹੀ ਬੀਜ ਨੂੰ ਸਾਫ ਕਰਨ ਉਪਰੰਤ, ਸੋਧ ਕੇ ਸੁਕਾ ਲਿਆ ਜਾਵੇ। ਆਲੂਆਂ ਦੇ ਖਰੀਂਢ ਰੋਗ ਤੋਂ ਰੋਕਥਾਮ ਲਈ ਮੋਨਸਰਨ 2.5 ਮਿ.ਲਿ. ਪ੍ਰਤੀ ਲੀਟਰ ਪਾਣੀ ਅਤੇ ਇਮੈਸਟੋ ਪ੍ਰਾਇਮ 83 ਮਿ.ਲਿ. ਪ੍ਰਤੀ 100 ਲੀਟਰ ਪਾਣੀ ਦੇ ਘੋਲ ਵਿੱਚ ਬਿਜਾਈ ਤੋ ਪਹਿਲਾਂ 10 ਮਿੰਟਾਂ ਲਈ ਡੁਬੋ ਕੇ ਸੋਧ ਲਵੋ।

- Advertisement -

ਪੰਜਾਬ ਦੇ ਉਤਰ-ਪੂਰਵੀ ਜਿਲਿਆਂ ਵਿੱਚ ਆਲੂ ਦੀ ਬਿਜਾਈ ਸਤੰਬਰ ਦੇ ਅਖੀਰਲੇ ਹਫਤੇ ਵਿੱਚ ਸ਼ੁਰੂ ਹੋ ਜਾਂਦੀ ਹੈ, ਜਿੱਥੇ ਇਸ ਤੋਂ ਬਾਅਦ ਕਣਕ ਦੀ ਪਿਛੇਤੀ ਬਿਜਾਈ ਕੀਤੀ ਜਾਂਦੀ ਹੈ। ਪੰਜਾਬ ਵਿਚ ਮੁੱਖ ਫਸਲ ਵਜੋਂ ਆਲੂ ਨੂੰ ਅਕਤੂਬਰ ਮਹੀਨੇ ਵਿੱਚ ਬੀਜਿਆ ਜਾਂਦਾ ਹੈ। ਕੁਝ ਇਲਾਕਿਆਂ ਵਿੱਚ ਪੱਤਝੜ (ਸਤੰਬਰ/ ਅਕਤੂਬਰ ਦੀ ਬਿਜਾਈ) ਵਾਲੀ ਫਸਲ ਤੋਂ ਪੈਦਾ ਹੋਏ ਆਲੂ ਨੂੰ ਬਹਾਰ ਰੁੱਤ (ਜਨਵਰੀ ਦੀ ਬਿਜਾਈ) ਵਿੱਚ ਬਿਜਾਈ ਲਈ ਵਰਤਿਆ ਜਾਂਦਾ ਹੈ। ਇਸ ਲਈ ਕੱਟੇ ਹੋਏ ਆਲੂਆਂ ਨੂੰ 1 ਪ੍ਰਤੀਸ਼ਤ (10 ਗ੍ਰਾਮ) ਥਾਇਉ ਯੂਰੀਆ ਤੇ 1 ਮਿਲੀਗ੍ਰਾਮ ਪ੍ਰਤੀ ਲਿਟਰ ਜ਼ਿਬਰੈਲਿਕ ਏਸਿਡ ਦੇ ਘੋਲ ਵਿੱਚ ਇੱਕ ਘੰਟਾ ਡੋਬਣ ਉਪਰੰਤ 24 ਘੰਟਿਆਂ ਲਈ ਛਾਂ ਵਿੱਚ ਸੁਕਾ ਲਉ।ਸੱਜਰਾ ਬੀਜ ਜੰਮਣ ਵਿੱਚ ਅਸਮਰੱਥ ਹੁੰਦਾ ਹੈ ਅਤੇ ਸੋਧਣ ਨਾਲ ਹੀ ਉਸ ਦਾ ਫੁਟਾਰਾ ਹੁੰਦਾ ਹੈ।

ਬਿਜਾਈ ਸਮੇਂ

ਬਿਜਾਈ ਲਈ 40-50 ਗ੍ਰਾਮ ਭਾਰ ਦੇ ਆਲੂ, 13-18 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਲੋੜੀਦੇ ਹੁੰਦੇ ਹਨ। ਹੱਥੀਂ ਬਿਜਾਈ ਕਰਨ ਸਮੇਂ ਪਹਿਲਾਂ ਨਿਸ਼ਾਨ ਲਾ ਕੇ ਆਲੂ ਕੇਰ ਦਿਉ ਅਤੇ ਫਿਰ ਵੱਟਾਂ ਵਾਲੀ ਮਸ਼ੀਨ ਨਾਲ ਵੱਟਾਂ ਪਾ ਲਉ। ਵੱਟਾਂ 60 ਸੈਂਟੀਮੀਟਰ ਦੀ ਵਿੱਥ ਤੇ ਅਤੇ ਆਲੂਆਂ ਵਿੱਚ 20 ਸੈਂਟੀਮੀਟਰ ਦੀ ਵਿੱਥ ਹੋਣੀ ਚਾਹੀਦੀ ਹੈ। ਮਸ਼ੀਨ ਨਾਲ ਬਿਜਾਈ ਲਈ, ਮਸ਼ੀਨ ਅਨੁਸਾਰ, ਵੱਟ ਤੋਂ ਵੱਟ ਅਤੇ ਆਲੂ ਤੋਂ ਆਲੂ ਦਾ ਫ਼ਾਸਲਾ 6518.5 ਸੈਂਟੀਮੀਟਰ ਜਾਂ 7515 ਸੈਂਟੀਮੀਟਰ ਰੱਖੋ। ਖਾਦਾਂ ਵਿਚ ਸਾਰੀ ਫ਼ਾਸਫ਼ੋਰਸ, ਪੋਟਾਸ਼ ਤੇ ਅੱਧੀ ਨਾਈਟ੍ਰੋਜਨ ਬਿਜਾਈ ਵੇਲੇ ਪਾ ਦਿਉ। ਬਾਕੀ ਦੀ ਨਾਈਟ੍ਰੋਜਨ ਮਿੱਟੀ ਚਾੜ੍ਹਣ ਸਮੇਂ ਪਾ ਦਿਉ। ਜੇ ਮਿੱਟੀ ਪਰਖ ਰਿਪੋਰਟ ਅਨੁਸਾਰ ਖਾਦਾਂ ਦੀ ਮਾਤਰਾ ਵਧਾਈ ਜਾਂ ਘਟਾਈ ਜਾ ਸਕਦੀ ਹੈ। ਰਸਾਇਣਕ ਖਾਦਾਂ ਦੀ ਮਾਤਰਾ ਹੇਠਾਂ ਦੱਸੀ ਗਈ ਹੈ।

ਬਾਇਓਜ਼ਾਈਮ ਦੀ ਵਰਤੋਂ ਨਾਲ ਆਲੂਆਂ ਦੀ ਪੈਦਾਵਾਰ ਵਧਦੀ ਹੈ। ਬਾਇਓਜ਼ਾਈਮ 8 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲਾਂ ਆਲੂਆਂ ਦੀ ਬਿਜਾਈ ਸਮੇਂ ਅਤੇ ਫਿਰ 8 ਕਿਲੋ ਪ੍ਰਤੀ ਏਕੜ ਮਿੱਟੀ ਚੜਾਉਣ ਸਮੇਂ ਪਾ ਦਿਉ। ਇਸ ਤੋਂ ਇਲਾਵਾ ਬਾਇਓਜ਼ਾਈਮ ਤਰਲ ਦੀ ਵਰਤੋਂ 200 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।

ਬਿਜਾਈ ਤੋਂ ਬਾਅਦ

- Advertisement -

ਜ਼ਮੀਨ ਦੀ ਨਮੀ ਨੂੰ ਵੇਖਦੇ ਹੋਏ, ਪਹਿਲਾ ਪਾਣੀ ਬਿਜਾਈ ਤੋਂ ਤੁਰੰਤ ਬਾਅਦ ਲਾਉ ਜਿਸ ਨਾਲ ਫ਼ਸਲ ਠੀਕ ਉਗਦੀ ਹੈ। ਸਿੰਚਾਈ ਸਮੇਂ ਖਿਆਲ ਰੱਖੋ ਕਿ ਪਾਣੀ ਵੱਟਾਂ ਦੇ ਉਪਰ ਦੀ ਨਾ ਵਗੇ ਕਿਉਂਕਿ ਇਸ ਤਰ੍ਹਾਂ ਵੱਟਾਂ ਦੀ ਮਿੱਟੀ ਸੁੱਕ ਕੇ ਸਖ਼ਤ ਹੋ ਜਾਂਦੀ ਹੈ ਅਤੇ ਆਲੂਆਂ ਦੇ ਉਗਣ ਅਤੇ ਵਾਧੇ ਤੇ ਮਾੜਾ ਅਸਰ ਪੈਂਦਾ ਹੈ। ਆਲੂ ਦੀ ਫਸਲ ਲਈ ਕੁੱਲ 7-8 ਸਿੰਚਾਈਆਂ ਕਾਫ਼ੀ ਹੁੰਦੀਆਂ ਹਨ। ਰਵਾਇਤੀ ਢੰਗ ਨਾਲੋਂ ਤੁਪਕਾ ਸਿੰਚਾਈ ਵਿਧੀ ਨਾਲ ਝਾੜ ਵੀ ਵੱਧਦਾ ਹੈ ਅਤੇ 38 ਪ੍ਰਤੀਸ਼ਤ ਪਾਣੀ ਅਤੇ 20 ਪ੍ਰਤੀਸ਼ਤ ਖਾਦ ਦੀ ਬੱਚਤ ਵੀ ਹੁੰਦੀ ਹੈ।

ਮਲਚਿੰਗ ਕਰਨ ਨਾਲ ਫਸਲ ਨੂੰ ਨਦੀਨ, ਠੰਢ, ਗਰਮੀ ਅਤੇ ਸੋਕੇ ਤੋਂ ਬਚਾਇਆ ਜਾ ਸਕਦਾ ਹੈ। ਇਸ ਵਿਚ ਜਿਥੇ ਝੋਨੇ ਦੀ ਪਰਾਲੀ (25 ਕੁਇੰਟਲ ਪ੍ਰਤੀ ਏਕੜ) ਨਾਲ ਮਲਚਿੰਗ ਕਰਨ ਨਾਲ ਆਲੂ ਦੇ ਝਾੜ ਵਿੱਚ ਵੱਧਾ ਹੁੰਦਾ ਹੈ, ਉਥੇ 18 ਕਿਲੋ ਨਾਈਟ੍ਰੋਜਨ ਅਤੇ ਦੋ ਪਾਣੀਆਂ ਦੀ ਵੀ ਬੱਚਤ ਹੁੰਦੀ ਹੈ।ਜੇ ਮਲਚਿੰਗ ਨਹੀਂ ਕੀਤੀ ਹੈ ਤਾਂ, ਨਦੀਨਾਂ ਦੀ ਰੋਕਥਾਮ ਲਈ ਸੈਨਕੋਰ/ ਤਨੋਸ਼ੀ 70 ਡਬਲਯੂ ਪੀ (ਮੈਟਰੀਬਿਊਜਿਨ) ਨਦੀਨ ਨਾਸ਼ਕ ਦੀ 200 ਗ੍ਰਾਮ/ਏਕੜ ਦੇ ਹਿਸਾਬ ਨਾਲ ਨਦੀਨਾਂ ਦੇ ਜੰਮ ਤੋ ਪਹਿਲਾ ਅਤੇ ਪਹਿਲੇ ਪਾਣੀ ਤੋ ਬਾਅਦ ਵਰਤੋ ਕਰ ਲੈਣੀ ਚਾਹੀਦੀ ਹੈ, ਜੇ ਕਰ ਫੇਰ ਵੀ ਨਦੀਨ ਜੰਮ ਪੈਣ ਤਾਂ ਗਰੈਮੌਕਸੋਨ/ ਕਬੂਟੋ 24 ਤਾਕਤ (ਪੈਰਾਕੂਐਟ) ਨਦੀਨ ਨਾਸ਼ਕ ਦੀ 500-750 ਮਿਲੀਲਿਟਰ ਮਿਕਦਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਆਲੂਆਂ ਦਾ ਜੰਮ 5-10 ਪ੍ਰਤੀਸ਼ਤ ਹੋਣ ਤੇ ਕੀਤੀ ਜਾ ਸਕਦੀ ਹੈ। ਮਿੱਟੀ ਚੜਾਉਣ ਦੌਰਾਨ ਮੁੱਖ ਤਣੇ ਦੁਆਲੇ ਮਿੱਟੀ ਚੜਾਈ ਜਾਂਦੀ ਹੈ ਜਿਸ ਨਾਲ ਪੌਦਾ ਸਿੱਧਾ ਰਹਿੰਦਾ ਹੈ ਅਤੇ ਆਲੂ ਦਾ ਵਿਕਾਸ ਵਧੀਆ ਹੁੰਦਾ ਹੈ।ਮਿੱਟੀ ਚੜਾਉਣ ਲਈ ਦੁਵੱਲੇ ਫਾਲਿਆਂ ਵਾਲਾ ਮਿੱਟੀ ਪਲਟਾਊ ਹਲ ਜਾਂ ਵੱਟਾਂ ਬਣਾਉਣ ਵਾਲੇ ਹਲ ਦੀ ਵਰਤੋਂ, ਬਿਜਾਈ ਤੋਂ ਕੋਈ 25-30 ਦਿਨਾਂ ਬਾਅਦ ਕੀਤੀ ਜਾਂਦੀ ਹੈ। ਨਦੀਨਾਂ ਦੇ ਨਾਲ-ਨਾਲ, ਆਲੂ ਵਿੱਚ ਵਿਸ਼ਾਣੂ ਰੋਗ ਬਹੁਤ ਵੱਡੀ ਸਮੱਸਿਆ ਹੈ, ਜਿਨ੍ਹਾਂ ਨੂੰ ਫੈਲਾਉਣ ਵਿੱਚ ਰਸ ਚੂਸਣ ਵਾਲੇ ਕੀੜਿਆਂ ਦਾ ਮੁੱਖ ਯੋਗਦਾਨ ਹੈ। ਇਸ ਤੋਂ ਇਲਾਵਾ ਪਿਛੇਤਾ ਝੁਲਸ ਰੋਗ ਵੀ ਆਲੂ ਦੀ ਪ੍ਰਮੁੱਖ ਬਿਮਾਰੀ ਹੈ।ਇਹਨਾਂ ਸਮੱਸਿਆਵਾਂ ਲਈ ਫਸਲ ਦਾ ਲਗਾਤਾਰ ਸਰਵੇਖਣ ਕਰਨਾ ਬਹੁਤ ਜ਼ਰੂਰੀ ਹੈ ਅਤੇ ਸਿਫਾਰਿਸ਼ ਕੀਤੇ ਤਰੀਕਿਆਂ ਨਾਲ ਸਮੇਂ ਸਿਰ ਰੋਕਥਾਮ ਕਰਨੀ ਚਾਹੀਦੀ ਹੈ।

ਪੁਟਾਈ ਸਮੇਂ

ਪੁਟਾਈ ਵਿੱਚ ਆਸਾਨੀ ਲਈ ਦੋ ਹਫਤੇ ਪਹਿਲਾਂ ਹੀ ਪੌਦੇ ਦੇ ਜ਼ਮੀਨ ਤੋਂ ਉੱਪਰ ਵਾਲੇ ਭਾਗ ਨੂੰ ਕੱਟ ਦਿਉ। ਆਲੂ ਦੀ ਪੁਟਾਈ ਲਈ ਖੁਰਪੇ/ ਹਲ ਜਾਂ ਆਲੂ ਪੁੱਟਣ ਵਾਲੀ ਮਸ਼ੀਨ ਦੀ ਵਰਤੋਂ ਕਰ ਸਕਦੇ ਹਾਂ। ਜੇਕਰ ਆਲੂ ਦਾ ਭੰਡਾਰ ਕਰਨਾ ਹੋਵੇ ਤਾਂ ਉਹਨਾਂ ਨੂੰ ਕੁਝ ਦਿਨ ਹੋਰ ਮਿੱਟੀ ਵਿੱਚ ਦੱਬੇ ਰਹਿਣ ਦਿਉ। ਇਸ ਤਰ੍ਹਾਂ ਕਰਨ ਨਾਲ ਆਲੂਆਂ ਦੀ ਚਮੜੀ ਮੋਟੀ ਹੋ ਜਾਵੇਗੀ ਜਿਸ ਨਾਲ ਆਲੂ ਦੇ ਸੁੰਗੜਨ ਦੀ ਸਮੱਸਿਆ ਨਹੀਂ ਆਵੇਗੀ ਅਤੇ ਭੰਡਾਰਨ ਦੌਰਾਨ ਬਿਮਾਰੀ ਤੋਂ ਵੀ ਬਚਾਅ ਹੋਵੇਗਾ। ਪਰ ਆਲੂਆਂ ਨੂੰ ਜ਼ਿਆਦਾ ਦੇਰ ਵੀ ਮਿੱਟੀ ਵਿੱਚ ਛੱਡਣਾ ਠੀਕ ਨਹੀਂ ਕਿਉਂਕਿ ਇਸ ਨਾਲ ਖਰੀਂਢ ਰੋਗ ਦਾ ਖਤਰਾ ਵਧ ਜਾਂਦਾ ਹੈ। ਪੁਟਾਈ ਸਮੇਂ ਜ਼ਮੀਨ ਵਿਚ ਠੀਕ ਵੱਤਰ ਹੋਣਾ ਚਾਹੀਦਾ ਹੈ। ਨਹੀ ਤਾਂ ਢੀਮਾਂ ਮਸ਼ੀਨਾਂ ਚੱਲਣ ਵਿੱਚ ਵਿਘਨ ਪਾਉਂਦੀਆਂ ਹਨ। ਪੁਟਾਈ ਸਮੇਂ ਧਿਆਨ ਰੱਖੋ ਕਿ ਆਲੂ ਉੱਪਰ ਕਿਸੇ ਵੀ ਕਿਸਮ ਦੀ ਰਗੜ ਨਾ ਲੱਗੇ ਕਿ ਇਹ ਆਲੂ ਨੂੰ ਭੰਡਾਰਨ ਸਮੇਂ ਲੱਗਣ ਵਾਲੀਆਂ ਬਿਮਾਰੀਆਂ ਦਾ ਖਤਰਾ ਵਧਾਉਂਦੇ ਹਨ।

ਬੀਜ ਵਾਲੀ ਫਸਲ ਲਈ ਜਰੂਰੀ ਨੁਕਤੇ

ਉੱਪਰ ਦੱਸੇ ਗਏ ਨੁਕਤਿਆਂ ਅਨੁਸਾਰ ਆਲੂ ਦੀ ਚੰਗੀ ਫਸਲ ਤਿਆਰ ਕੀਤੀ ਜਾ ਸਕਦੀ ਹੈ, ਪਰ ਵਿਸ਼ਾਣੂੰ ਰਹਿਤ ਬੀਜ ਤਿਆਰ ਕਰਨ ਲਈ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਇਸ ਵਿੱਚ ਸੀਡ ਪਲੋਟ ਤਕਨੀਕ ਰਾਹੀ ਆਲੂ ਬੀਜ ਤਿਆਰ ਕਰਨ ਦਾ ਇਕ ਮਨੋਰਥ ਹੈ ਜਿਸ ਨਾਲ ਪੰਜਾਬ ਵਿੱਚ ਅਰੋਗ ਫ਼ਸਲ ਪੈਦਾ ਕਿਤੀ ਜਾਵੇ, ਜਦੋਂ ਕਿ ਤੇਲਾ ਘੱਟ ਤੋਂ ਘੱਟ ਹੋਵੇ।ਇਹ ਕੀੜਾ ਕਈ ਵਿਸ਼ਾਣੂੰ ਰੋਗਾਂ ਨੂੰ ਫੈਲਾਉਂਦਾ ਹੈ ਜਿਵੇਂ ਕਿ ਪੱਤਾ ਮੁੜਨ ਦਾ ਰੋਗ, ਵਿਸ਼ਾਣੂੰ ‘ਐਕਸ’, ਵਿਸ਼ਾਣੂੰ ‘ਏ’ ਤੇ ਵਿਸ਼ਾਣੂੰ ‘ਵਾਈ’। ਤੇਲੇ ਅਤੇ ਦੂਸਰੇ ਕੀੜਿਆਂ ਦੀ ਰੋਕਥਾਮ ਲਈ ਸਿਫ਼ਾਰਸ਼ ਕੀਤੀਆਂ ਹਦਾਇਤਾਂ ਤੇ ਅਮਲ ਕਰਨਾ ਚਾਹੀਦਾ ਹੈ । ਜੇ ਕੋਈ ਬੂਟਾ ਦੇਖਣ ਨੂੰ ਰੋਗੀ ਜਾਪੇ ਤਾਂ ਉਸ ਨੂੰ ਕੱਢ ਦੇਣਾ ਚਾਹੀਦਾ ਹੈ। ਦਸੰਬਰ ਦੇ ਅਖੀਰ ਜਾਂ ਜਨਵਰੀ ਦੇ ਪਹਿਲੇ ਹਫ਼ਤੇ ਜਦ ਕਿ ਤੇਲੇ ਦੀ ਗਿਣਤੀ 20 ਕੀੜੇ ਪ੍ਰਤੀ 100 ਪੱਤੇ ਹੋ ਜਾਵੇ ਤਾਂ ਪੱਤੇ ਕੱਟ ਦਿਉ। ਇਸ ਤੋਂ ਬਾਅਦ ਤਕਰੀਬਨ 15 ਦਿਨਾਂ ਲਈ ਜ਼ਮੀਨ ਵਿੱਚ ਰਹਿਣ ਦਿਉ ਤਾਂ ਕਿ ਆਲੂ ਪੂਰੀ ਤਰ੍ਹਾਂ ਤਿਆਰ ਹੋ ਜਾਣ। ਫ਼ਸਲ ਪੁੱਟਣ ਉਪਰੰਤ ਦਰਜਾਬੰਦੀ ਕਰਕੇ ਕੋਲਡ ਸਟੋਰ ਵਿੱਚ ਰੱਖਣ ਲਈ ਭੇਜ ਦਿਉ ਤੇ ਪੱਤਝੜ ਦੀ ਫ਼ਸਲ ਲਾਉਣ ਤੱਕ ਉਥੇ ਹੀ ਰੱਖੋ ।ਬੀਜ Àਤਪਾਦਨ ਵੇਲੇ ਜੇ ਪੋਦੇ ਸੰਘਣੇ ਰੱਖੇ ਜਾਣ ਤਾਂ ਬੀਜ ਦੇ ਲਈ ਨਿਰਧਾਰਿਤ ਮਾਪਦੰਡਾਂ ਅਨੁਸਾਰ ਸਹੀ ਅਕਾਰ ਅਤੇ ਵਜ਼ਨ ਦੇ ਆਲੂ ਪ੍ਰਾਪਤ ਕਿਤੇ ਜਾ ਸਕਦੇ ਹਨ।

ਪੁਟਾਈ ਉਪਰੰਤ ਸੰਭਾਲ

ਪੁਟਾਈ ਉਪਰੰਤ ਆਲੂ ਦੀ ਸਹੀ ਤਰੀਕੇ ਨਾਲ ਸੰਭਾਲ, ਸਫਾਈ, ਦਰਜਾਬੰਦੀ (ਗ੍ਰੇਡਿੰਗ), ਪੈਕਿੰਗ, ਭੰਡਾਰਨ ਆਦਿ ਬਹੁਤ ਮਹੱਤਵਪੂਰਨ ਹੈ। ਆਲੂ ਦੇ ਵਧਿਆਂ ਮੰਡੀਕਰਨ ਲਈ ਇਸ ਦੀ ਗ੍ਰੇਡਿੰਗ ਕਰ ਲੈਣ ਚਾਹਿਦੀ ਹੈ।ਪੁਟਾਈ ਤੋਂ ਬਾਅਦ ਆਲੂਆਂ ਦੇ 4 ਦਰਜੇ ਬਨਾਉਣੇ ਚਾਹੀਦੇ ਹਨ: ਛੋਟਾ ਆਕਾਰ (25 ਗ੍ਰਾਮ ਤੋਂ ਘੱਟ), ਦਰਮਿਆਨਾ ਆਕਾਰ (25-50 ਗ੍ਰਾਮ), ਵੱਡਾ ਆਕਾਰ (50-75 ਗ੍ਰਾਮ), ਬਹੁਤ ਵੱਡਾ ਆਕਾਰ (75 ਗ੍ਰਾਮ ਤੋਂ ਵੱਧ)। ਆਲੂਆਂ ਦੀ ਪੈਕੇਜ਼ਿੰਗ ਅਤੇ ਭੰਡਾਰਣ ਲੀਨੋ ਬੋਰੀ (ਜਿਹੜੀ ਵਰਜ਼ਿਨ ਪੋਲੀਪ੍ਰੋਪਲੀਨ ਦੀ ਬਣੀ ਹੋਵੇ ਅਤੇ ਭਾਰ ਲਗਭਗ 50 ਗ੍ਰਾਮ ਹੋਵੇ) ਦੀ ਵਰਤੋਂ ਨਾਲ ਕੀਤੀ ਜਾ ਸਕਦੀ ਹੈ। ਆਲੂ ਦੇ ਬੀਜ ਨੂੰ ਭੰਡਾਰ ਕਰਨ ਲਈ ਕੋਲਡ ਸਟੋਰ ਵਿੱਚ ਤਾਪਮਾਨ 2-4 ਡਿਗਰੀ ਸੈਂਟੀਗ੍ਰੇਡ ਅਤੇ ਨਮੀਂ 75-80 ਪ੍ਰਤੀਸ਼ਤ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਖਾਣ ਲਈ ਆਲੂ ਦੀਆਂ ਤਿੰਨ ਕਿਸਮਾਂ ਕੁਫ਼ਰੀ ਚੰਦਰਮੁਖੀ, ਕੁਫ਼ਰੀ ਜਯੋਤੀ ਅਤੇ ਕੁਫ਼ਰੀ ਚਿਪਸੋਨਾ-1 ਨੂੰ ਪੰਜ ਮਹੀਨੇ ਲਈ 10+1 ਡਿਗਰੀ ਸੈਂਟੀਗ੍ਰੇਡ ਤਾਪਮਾਨ ਅਤੇ 90-95% ਨਮੀ ਵਾਲੇ ਸਟੋਰ ਵਿੱਚ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇਨ੍ਹਾਂ ਕਿਸਮਾਂ ਨੂੰ ਸਟੋਰ ਦੌਰਾਨ ਕਲੋਰਪ੍ਰੋਫਾਮ (ਸੀ. ਆਈ. ਪੀ. ਸੀ.) ਦਾ ਧੂੰਆਂ 40 ਮਿਲੀਲਿਟਰ ਪ੍ਰਤੀ ਟਨ, ਦੋ ਵਾਰ ਦੇਣਾ ਜ਼ਰੂਰੀ ਹੈ।ਪਹਿਲਾ ਧੂੰਆਂ ਫੁਟਾਰਾ ਸ਼ੁਰੂ ਹੋਣ ਦੇ ਤੁਰੰਤ ਬਾਅਦ ਅਤੇ ਦੂਜਾ ਧੂੰਆਂ ਪਹਿਲੇ ਧੂੰਏਂ ਤੋਂ 60 ਦਿਨਾਂ ਬਾਅਦ ਕਰਨਾ ਚਾਹੀਦਾ ਹੈ। ਇਸ ਵਿਧੀ ਨਾਲ ਸਟੋਰ ਕੀਤੇ ਗਏ ਆਲੂਆਂ ਵਿੱਚ ਮਿਠਾਸ (0.25%) ਬਹੁਤ ਘੱਟ ਹੁੰਦੀ ਹੈ ਅਤੇ ਆਲੂਆਂ ਨੂੰ ਵਧੀਆ ਚਿਪਸ ਅਤੇ ਸਬਜ਼ੀ ਬਣਾਉਣ ਵਾਸਤੇ ਵਰਤਿਆ ਜਾ ਸਕਦਾ ਹੈ।

ਕਿਸਾਨਾਂ ਵਿੱਚ ਆਲੂ ਦੀ ਖੇਤੀ ਬਹੁਤ ਪ੍ਰਚੱਲਿਤ ਹੈ ਅਤੇ ਇਸ ਤੋਂ ਜਿਆਦਾ ਮੁਨਾਫਾ ਲੈਣ ਲਈ ਕਾਸ਼ਤ ਦੇ ਸਹੀ ਤਰੀਕਿਆਂ ਦੀ ਪਾਲਣਾ ਬਹੁਤ ਜ਼ਰੂਰੀ ਹੈ। ਉਪਰ ਦੱਸੇ ਗਏ ਨੁਕਤਿਆਂ ਦੀ ਸਮੇਂ ਸਿਰ ਪਾਲਣਾ ਕਰਨ ਨਾਲ ਚੰਗੀ ਅਤੇ ਉੱਚ ਗੁਣਵੱਤਾ ਵਾਲੀ ਫਸਲ ਲਈ ਜਾ ਸਕਦੀ ਹੈ।

ਸੰਪਰਕ: 94631-31081

Share this Article
Leave a comment