ਐਸਟੀਐਫ ਮੁਲਜ਼ਮਾਂ ਦੇ ਗਲ ‘ਚ ਉਂਗਲਾਂ ਪਾ ਕੇ ਨਸ਼ਾ ਤਸਕਰੀ ਦੇ ਪੈਸੇ ਕੱਢ ਰਹੀ ਹੈ ਬਾਹਰ, ਸਨੇਟਾ ਪੁਲਿਸ ਚੌਂਕੀ ਦਾ ਸਾਬਕਾ ਇੰਚਾਰਜ ਕੀਤਾ ਗ੍ਰਿਫਤਾਰ

TeamGlobalPunjab
2 Min Read

ਚੰਡੀਗੜ੍ਹ : ਇੱਕ ਪਾਸੇ ਜਿੱਥੇ ਸੂਬੇ ‘ਚ ਦਿਨ- ਬ-ਦਿਨ ਵਧ ਰਹੇ ਨਸ਼ੇ ਨੂੰ ਠੱਲ ਪਾਉਣ ਲਈ ਸੂਬਾ ਸਰਕਾਰ ਵੱਲੋਂ ਪੰਜਾਬ ਪੁਲਿਸ ਨਾਲ ਮਿਲ ਕੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੁਣ ਨਸ਼ਾ ਰੋਕਣ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਵੱਲੋਂ ਇੱਕ ਅਜਿਹੇ ਪੁਲਿਸ ਅਧਿਕਾਰੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ ਜਿਸ ‘ਤੇ ਨਸ਼ਾ ਤਸਕਰਾਂ ਨਾਲ ਮਿਲੇ ਹੋਣ ਦਾ ਦੋਸ਼ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸਨੇਟਾ ਪੁਲਿਸ ਚੌਂਕੀ ਦੇ ਇੰਚਾਰਜ ਰਹੇ ਸੁਖਮੰਦਰ ਸਿੰਘ ਦੀ। ਜਿਸ ‘ਤੇ ਦੋਸ਼ ਹੈ ਕਿ ਉਹ ਨਸ਼ਾ ਤਸਕਰਾਂ ‘ਤੇ ਕੋਈ ਕਾਰਵਾਈ ਨਹੀਂ ਕਰਦਾ ਸੀ ਅਤੇ ਉਨ੍ਹਾਂ ਨੂੰ ਪੈਸੇ ਲੈ ਕੇ ਛੱਡ ਦਿੰਦਾ ਸੀ।

ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦੇ ਏਆਈਜੀ ਹਰਪ੍ਰੀਤ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਕੋਲ ਇਹ ਖੁਲਾਸਾ ਚੰਗੇਰਾ ਪਿੰਡ ਦੇ ਰਹਿਣ ਵਾਲੇ ਨਸ਼ਾ ਤਸਕਰੀ ਦੇ ਮੁਲਜ਼ਮ ਕੁਲਦੀਪ ਸਿੰਘ ਉਰਫ ਦੀਪੂ ਨੇ ਪੁੱਛਗਿੱਛ ਦੌਰਾਨ ਕੀਤਾ ਹੈ। ਇਸ ਪੁੱਛਗਿੱਛ ਦੌਰਾਨ ਦੀਪੂ ਨੇ ਐਸਟੀਐਫ ਕੋਲ ਬਿਆਨ ਦਰਜ ਕਰਵਾਏ ਹਨ ਕਿ ਇਸ ਤੋਂ ਪਹਿਲਾਂ ਵੀ ਉਸ ਨੂੰ ਗ੍ਰਿਫਤਾਰ ਕੀਤਾ ਜਾ ਚੁਕਿਆ ਹੈ ਪਰ ਉਸ ਸਮੇਂ ਥਾਣੇਦਾਰ ਸੁਖਮੰਦਰ ਸਿੰਘ ਨੇ ਉਸ ਕੋਲੋਂ 8 ਲੱਖ ਰੁਪਏ ਲੈ ਕੇ ਉਸ ਨੂੰ ਰਿਹਾਅ ਕਰ ਦਿੱਤਾ ਸੀ।

ਐਸਟੀਐਫ ਦੇ ਏਆਈਜੀ ਹਰਪ੍ਰੀਤ ਸਿੰਘ ਅਨੁਸਾਰ ਇਸ ਤੋਂ ਪਹਿਲਾਂ ਜਦੋਂ ਦੀਪੂ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਸ ਤੋਂ ਢਾਈ ਲੱਖ ਰੁਪਏ ਦੀ ਡਰੱਗ ਮਨੀ, 168.920 ਗ੍ਰਾਮ ਸੋਨੇ ਦੇ ਨਾਲ ਨਾਲ 370 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ ਸੀ। ਹਰਪ੍ਰੀਤ ਅਨੁਸਾਰ ਉਸ ਸਮੇਂ ਦੀਪੂ ਦੀ ਪਤਨੀ ਸਰਬਜੀਤ, ਅਰੁਣ ਕੁਮਾਰ, ਗਗਨਦੀਪ ਸਿੰਘ ਨਾਮਕ ਤਿੰਨ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਇਹ ਮਾਮਲਾ ਐਸਐਸਪੀ ਕੁਲਦੀਪ ਸਿਘੰ ਚਾਹਲ ਦੇ ਧਿਆਨ ‘ਚ ਲਿਆਂਦਾ ਗਿਆ ਹੈ ਜਿਸ ਤੋਂ ਬਾਅਦ ਸੁਖਮੰਦਰ ਸਿੰਘ ਨੂੰ ਪੁਲਿਸ ਲਾਈਨ ਭੇਜਦਿਆਂ ਉਸ ਖਿਲਾਫ ਵਿਭਾਗੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।

Share this Article
Leave a comment