ਸਿੱਖ ਮਰਿਯਾਦਾ ਦਾ ਕੀਤਾ ਖੰਡਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚੌਂਕ ‘ਚ ਲਾਈ ਮੂਰਤੀ, SGPC ਕਰੇਗੀ ਕਾਰਵਾਈ

TeamGlobalPunjab
2 Min Read

ਅੰਮ੍ਰਿਤਸਰ ਸਾਹਿਬ : ਗੁਰਬਾਣੀ ‘ਚ ਸਾਫ ਲਿਖਿਆ ਹੈ ਕਿ ਕਬੀਰ ਪਾਥਰ ਪੂਜਹਿ ਮੋਲ ਲੇ ਮਨਿ ਹਠੁ ਤੀਰਥ ਜਾਹਿ॥ ਦੇਖਾ ਦੇਖੀ ਸੁਵਾਂਗ ਧਰਿ ਭੂਲੇ ਭਟਕਾ ਖਾਹਿ॥  ਭਾਵ ਕਿ ਮੂਰਤੀ ਪੂਜਾ ਨੂੰ ਸਿੱਖ ਧਰਮ ਵਿੱਚ ਕੋਈ ਥਾਂ ਨਹੀਂ ਦਿੱਤੀ ਗਈ। ਇਸ ਦੇ ਚਲਦਿਆਂ ਇੱਕ ਅਜਿਹਾ ਵਾਕਿਆ ਸਾਹਮਣੇ ਆਇਆ ਹੈ ਜਿਸ ਨੇ ਸਾਰਿਆਂ ਨੂੰ ਹੈਰਾਨੀ ਅਤੇ ਚਿੰਤਾ ‘ਚ ਪਾ ਦਿੱਤਾ ਹੈ। ਦਰਅਸਲ ਗੁਜਰਾਤ ਦੇ ਇੱਕ ਸ਼ਹਿਰ ਭਾਵਨਗਰ ਦੇ ਇੱਕ ਚੌਂਕ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ‘ਤੇ ਬਕਾਇਦਾ ਤੌਰ ‘ਤੇ ਇੱਕ ਸ਼ੈਡ ਬਣਾ ਕੇ ਇਸ ਨੂੰ ਸਜਾਇਆ ਗਿਆ ਹੈ। ਮੂਰਤੀ ਲਾਏ ਜਾਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਫ ਤੌਰ ‘ਤੇ ਜਿੱਥੇ ਕਾਰਵਾਈ ਤਾਂ ਕੀਤੀ ਹੀ ਹੈ ਉੱਥੇ ਹੀ ਉਸ ਇਸ ‘ਤੇ ਇਤਰਾਜ ਜਾਹਰ ਕਰਦਿਆਂ ਕਿਹਾ ਹੈ ਕਿ ਮੂਰਤੀ ਪੂਜਾ ਦਾ ਸਿੱਖ ਧਰਮ ਵਿੱਚ ਕੋਈ ਸਥਾਨ ਨਹੀਂ ਹੈ। ਜਿਕਰਯੋਗ ਹੈ ਕਿ ਇਸ ਮੂਰਤੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ ਵੀ ਟਿੱਪਣੀਆਂ ਹੋਈਆਂ ਸਨ।

ਇਸ ਸਬੰਧੀ ਬੋਲਦਿਆਂ ਡਾ ਰੂਪ ਸਿੰਘ ਨੇ ਕਿਹਾ ਕਿ ਇਹ ਕਾਰਵਾਈ ਕਿਸੇ ਸਾਜਿਸ਼ ਦਾ ਹਿੱਸਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਇਸ ‘ਤੇ ਕਾਰਵਾਈ ਕਰਦਿਆਂ ਇੱਕ ਵਫਦ ਨੂੰ ਗੁਜਰਾਤ ਭੇਜਣ ਦਾ ਫੈਸਲਾ ਕਰ ਲਿਆ ਹੈ। ਇਸ ਤੋਂ ਬਾਅਦ ਇਹ ਵਫਦ ਆਪਣੀ ਕਾਰਵਾਈ ਦੀ ਸਾਰੀ ਰਿਪੋਰਟ ਲਿਆ ਕੇ ਉਨ੍ਹਾਂ ਨੂੰ ਦੇਵੇਗਾ। ਡਾ. ਰੂਪ ਸਿੰਘ ਨੇ ਇਸ ਨੂੰ ਸਿੱਖ ਧਰਮ, ਸਿੱਖ ਸਿਧਾਂਤਾ ਨੂੰ ਰਲਗੱਡ ਕਰਨ ਦੀ ਕੋਸ਼ਿਸ਼ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਨੂੰ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Share this Article
Leave a comment