[alg_back_button]
ਲੁਧਿਆਣਾ : ਬਟਾਲਾ ਪੁਲਿਸ ਵੱਲੋਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਖਿਲਾਫ ਦਰਜ ਕੀਤੇ ਪਰਚੇ ਦੀ ਖ਼ਬਰ ਸੁਣਨਸਾਰ ਬੈਂਸ ਨੇ ਇਹ ਕਹਿ ਕੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਸਿੱਧਾ ਵਾਰ ਕੀਤਾ ਹੈ ਕਿ ਇਹ ਪਰਚਾ ਡੀਸੀ ਨੇ ਨਹੀਂ ਕੈਪਟਨ ਨੇ ਦਰਜ ਕਰਵਾਇਆ ਹੈ ਜਿਨ੍ਹਾਂ ਖਿਲਾਫ ਉਹ ਸਿਟੀ ਸੈਂਟਰ ਘੁਟਾਲੇ ਵਿੱਚ ਅਦਾਲਤੀ ਕਾਰਵਾਈ ਕਰਵਾਉਣ ਲਈ ਯਤਨਸ਼ੀਲ ਹਨ। ਬੈਂਸ ਅਨੁਸਾਰ ਉਹ ਨਾ ਤਾਂ ਪਰਚਿਆਂ ਤੋਂ ਡਰਦੇ ਹਨ ਤੇ ਨਾ ਹੀ ਗ੍ਰਿਫਤਾਰੀ ਤੋਂ ਕਿਉਂਕਿ ਇਸ ਤੋਂ ਪਹਿਲਾਂ ਅਕਾਲੀ ਭਾਜਪਾ ਸਰਕਾਰ ਨੇ ਉਸ ‘ਤੇ 13 ਪਰਚੇ ਦਰਜ ਕਰਵਾਏ ਸਨ ਤੇ ਕੈਪਟਨ ਸਰਕਾਰ ਨੇ 5।
ਗਲੋਬਲ ਪੰਜਾਬ ਟੀਵੀ ਦੇ ਲੁਧਿਆਣਾ ਤੋਂ ਪੱਤਰਕਾਰ ਰਜਿੰਦਰ ਅਰੋੜਾ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜੇਕਰ ਡੀਸੀ ਨੇ ਉਨ੍ਹਾਂ ‘ਤੇ ਪਰਚਾ ਦਰਜ ਕਰਵਾਉਣਾ ਹੁੰਦਾ ਤਾਂ ਉਹ ਉਸੇ ਵੇਲੇ ਕਰਵਾ ਸਕਦੇ ਸਨ ਕਿਉਂਕਿ ਐਸਐਸਪੀ ਵੀ ਉੱਥੇ ਹੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਉਹ ਮਜ਼ਲੂਮਾਂ ਨਾਲ ਪਹਿਲਾਂ ਵੀ ਖੜ੍ਹਦੇ ਆਏ ਹਨ ਤੇ ਅੱਗੋਂ ਵੀ ਖੜ੍ਹਦੇ ਰਹਿਣਗੇ ਕਿਉਂਕਿ ਇਹ ਸਰਕਾਰੀ ਅਧਿਕਾਰੀ ਆਪਣੇ ਆਪ ਨੂੰ ਕਿਸੇ ਦੂਜੇ ਗ੍ਰਹਿ ਦੇ ਪਰਾਣੀ ਸਮਝਦੇ ਹਨ ਜੋ ਕਿ ਕਿਸੇ ਵੱਲੋਂ ਬੁਲਾਈ ਗਈ ਫਤਹਿ ਦਾ ਜਵਾਬ ਦੇਣਾ ਵੀ ਮੁਨਾਸਿਫ ਨਹੀਂ ਸਮਝਦੇ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਵਿਰੁੱਧ ਉਨ੍ਹਾਂ ਦੀ ਜੰਗ ਹਰ ਹਾਲਤ ਵਿੱਚ ਜਾਰੀ ਰਹੇਗੀ ਤੇ ਇਸੇ ਜੰਗ ਤਹਿਤ ਹੀ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਪੂਰੇ ਪਰਿਵਾਰ ਵਿਰੁੱਧ ਸਿਟੀ ਸੈਂਟਰ ਘੁਟਾਲੇ ਦੇ ਕੇਸਾਂ ਵਿੱਚ ਅਦਾਲਤੀ ਕਾਰਵਾਈ ਕਰਵਾਉਣ ਲਈ ਕਾਰਵਾਈ ਆਰੰਭੀ ਹੋਈ ਹੈ। ਸਿਮਰਜੀਤ ਸਿੰਘ ਬੈਂਸ ਅਨੁਸਾਰ ਕੈਪਟਨ ਨੇ ਇਹ ਸਭ ਉਨ੍ਹਾਂ ਨੂੰ ਸਿਟੀ ਸੈਂਟਰ ਘੁਟਾਲਾ ਕੇਸ ‘ਚੋਂ ਹਟਾਉਣ ਲਈ ਕੀਤਾ ਹੈ ਕਿਉਂਕਿ ਇਸ ਦੀ ਪੇਸ਼ੀ 19 ਸਤੰਬਰ ਨੂੰ ਆ ਰਹੀ ਹੈ ਤੇ ਉਹ ਇਹ ਸਭ ਦਬਾਅ ਪਾਉਣ ਲਈ ਪਾ ਰਹੇ ਹਨ।
[alg_back_button]