ਸਿਮਰਜੀਤ ਸਿੰਘ ਬੈਂਸ ਦੀਆਂ ਵਧ ਸਕਦੀਆਂ ਹਨ ਮੁਸੀਬਤਾਂ? ਹੋ ਸਕਦੇ ਹਨ ਗ੍ਰਿਫਤਾਰ!

TeamGlobalPunjab
3 Min Read

ਗੁਰਦਾਸਪੁਰ : ਇੰਝ ਲਗਦਾ ਹੈ ਜਿਵੇਂ ਹੁਣ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨਾਲ ਬਦਸਲੂਕੀ ਮਾਮਲੇ ‘ਚ ਬੀਤੀ ਕੱਲ੍ਹ ਸੈਸ਼ਨ ਜੱਜ ਰਮੇਸ਼ ਕੁਮਾਰੀ ਨੇ ਬੈਂਸ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਜ਼ਮਾਨਤ ਅਰਜ਼ੀ ਰੱਦ ਹੋਣ ਤੋਂ ਬਾਅਦ ਇਹ ਚਰਚਾ ਹੈ ਕਿ ਹੁਣ ਬੈਂਸ ਨੂੰ ਪੁਲਿਸ ਕਿਸੇ ਵੀ ਸਮੇਂ ਗ੍ਰਿਫਤਾਰ ਕਰ ਸਕਦੀ ਹੈ। ਇੱਧਰ ਦੂਜੇ ਪਾਸੇ ਇਹ ਖ਼ਬਰਾਂ ਵੀ ਪ੍ਰਕਾਸ਼ ਵਿੱਚ ਆਈਆਂ ਸਨ ਕਿ ਬੈਂਸ ਅਰਜੀ ਰੱਦ ਹੋਣ ਤੋਂ ਬਾਅਦ ਹਾਈ ਕੋਰਟ ਅੰਦਰ ਅਪੀਲ ਕਰਨ ਜਾ ਰਹੇ ਹਨ।

ਪ੍ਰਾਪਤ ਜਾਣਕਾਰੀ ਮੁਤਾਬਿਕ ਜਿਲ੍ਹਾ ਅਟਾਰਨੀ ਵੱਲੋਂ ਆਪਣਾ ਪੱਖ ਰੱਖਦਿਆਂ ਇਹ ਕਿਹਾ ਗਿਆ ਸੀ ਕਿ ਬੈਂਸ ਵੱਲੋਂ ਡੀਸੀ ਨਾਲ ਬਦਸਲੂਕੀ ਮਾਮਲੇ ‘ਚ ਉਨ੍ਹਾਂ ਦੀ ਗ੍ਰਿਫਤਾਰੀ ਬੇਹੱਦ ਜਰੂਰੀ ਹੈ। ਸੂਤਰਾਂ ਅਨੁਸਾਰ ਉਨ੍ਹਾਂ ਇਹ ਵੀ ਕਿਹਾ ਕਿ ਘਟਨਾ ਸਮੇਂ ਬੈਂਸ ਨਾਲ ਵੱਡੀ ਤਦਾਦ ਵਿੱਚ ਲੋਕ ਮੌਜੂਦ ਸਨ ਅਤੇ ਉਨ੍ਹਾਂ ਦਾ ਇਰਾਦਾ ਠੀਕ ਨਹੀਂ ਸੀ ਇਸ ਲਈ ਬੈਂਸ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਪੁੱਛ ਗਿੱਛ ਕੀਤੀ ਜਾਵੇ ਤਾਂ ਜੋ ਮਾਮਲੇ ਦੀ ਸਹੀ ਛਾਣਬੀਣ ਹੋ ਸਕੇ।

ਦੂਜੇ ਪਾਸੇ ਖ਼ਬਰਾਂ ਮੁਤਾਬਿਕ ਬੈਂਸ ਦੇ ਵਕੀਲਾਂ ਨੇ ਸਰਕਾਰੀ ਪੱਖ ਵੱਲੋਂ ਲਾਏ ਗਏ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਬੈਸ ਨਾਲ ਉਸ ਦਿਨ ਜੋ ਵੀ ਡਿਪਟੀ ਕਮਿਸ਼ਨਰ ਦੇ ਦਫਤਰ ਅੰਦਰ ਗਏ ਸਨ ਉਹ ਬਟਾਲਾ ਫੈਕਟਰੀ ਧਮਾਕੇ ‘ਚ ਲਾਪਤਾ ਹੋਏ ਵਿਅਕਤੀ ਦਾ ਭਰਾ ਸਤਨਾਮ ਸਿੰਘ ਅਤੇ ਹੋਰ ਰਿਸ਼ਤੇਦਾਰ ਸਨ ਅਤੇ ਉਹ ਸਥਾਨਕ ਵਸਨੀਕ ਹੀ ਸਨ। ਪਤਾ ਇਹ ਵੀ ਲੱਗਾ ਹੈ ਕਿ ਇਸ ਬਹਿਸ ਦੌਰਾਨ ਮੁੱਖ ਮੰਤਰੀ ਦੇ ਉਸ ਬਿਆਨ ਦਾ ਵੀ ਹਵਾਲਾ ਦਿੱਤਾ ਗਿਆ ਜਿਸ ਵਿੱਚ ਉਹ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਇਹ ਪਰਚਾ ਉਨ੍ਹਾਂ ਦੇ ਕਹਿਣ ‘ਤੇ ਹੀ ਦਰਜ਼ ਹੋਇਆ ਹੈ। ਬੈਂਸ ਪੱਖ ਦੇ ਵਕੀਲਾਂ ਨੇ ਕਿਹਾ ਕਿ ਇਸ ਤੋਂ ਸਾਫ ਪਤਾ ਚਲਦਾ ਹੈ ਕਿ ਬੈਂਸ ਸਿਰਫ ‘ਤੇ ਸਿਰਫ ਰਾਜਨੀਤੀ ਦਾ ਸ਼ਿਕਾਰ ਹੋ ਰਹੇ ਹਨ।

ਦੱਸਣਯੋਗ ਹੈ ਕਿ ਵਿਧਾਇਕ ਬੈਂਸ ਖਿਲਾਫ ਬਟਾਲਾ ਪੁਲਿਸ ਵੱਲੋਂ ਲੰਘੀ 7 ਸਤੰਬਰ ਨੂੰ ਆਈਪੀਸੀ ਦੀ ਧਾਰਾ 353, 186, 451, 177, 505, 506 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪ੍ਰਾਪਤ ਜਾਣਕਾਰੀ ਮੁਤਾਬਿਕ ਇਹ ਮਾਮਲਾ ਬਟਾਲਾ ਦੇ ਐਸਡੀਐਮ ਬਲਬੀਰ ਰਾਜ ਸਿੰਘ ਦੀ ਸ਼ਿਕਾਇਤ ਦੇ ਅਧਾਰ ‘ਤੇ ਦਰਜ਼ ਕੀਤਾ ਗਿਆ ਸੀ। ਇਸ ਸ਼ਿਕਾਇਤ ਵਿੱਚ ਇਹ ਦੋਸ਼ ਲਾਇਆ ਗਿਆ ਸੀ ਕਿ ਬੈਂਸ ਆਪਣੇ ਹੋਰਨਾਂ ਸਾਥੀਆਂ ਸਮੇਤ ਜ਼ਬਰਦਸਤੀ ਦਾਖਲ ਹੋਏ ਅਤੇ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨਾਲ ਬਦਸਲੂਕੀ ਕੀਤੀ।

- Advertisement -

Share this Article
Leave a comment