ਅਮਰੀਕਾ ‘ਚ 64 ਸਾਲਾ ਸਿੱਖ ਦੇ ਹੱਥ-ਪੈਰ ਬੰਨ੍ਹ ਕੇ ਦਾੜ੍ਹੀ ਕੀਤੀ ਗਈ ਸ਼ੇਵ

TeamGlobalPunjab
3 Min Read

ਫ਼ਿਨਿਕਸ: ਅਮਰੀਕਾ ‘ਚ 64 ਸਾਲਾ ਸਿੱਖ ਸੁਰਜੀਤ ਸਿੰਘ ਦੀ ਦਾੜ੍ਹੀ ਜ਼ਬਰਦਸਤੀ ਸ਼ੇਵ ਕਰ ਕੇ ਉਨ੍ਹਾਂ ਦੀ ਦਸਤਾਰ  ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੁਰਜੀਤ ਸਿੰਘ ਨਾਲ ਹੋਈ ਧੱਕੇਸ਼ਾਹੀ ਖਿਲਾਫ ਅਮਰੀਕੀ ਸਿਵਲ ਲਿਬਰਟੀਜ਼ ਯੂਨੀਅਨ ਅਤੇ ਸਿੱਖ ਕੁਲੀਸ਼ਨ ਵੱਲੋਂ ਫ਼ੈਡਰਲ ਨਿਆਂ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਸਿੱਖ ਕੋਲੀਸ਼ਨ ਨੇ ਦੱਸਿਆ ਕਿ ਸੁਰਜੀਤ ਸਿੰਘ ਨੂੰ ਇਕ ਜਾਨਲੇਵਾ ਸੜਕ ਹਾਦਸੇ ਦੇ ਮਾਮਲੇ ‘ਚ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਸਜ਼ਾ ਭੁਗਤਣ ਲਈ ਐਰੀਜ਼ੋਨਾ ਦੀ ਇੱਕ ਜੇਲ੍ਹ ‘ਚ ਲਿਜਾਇਆ ਗਿਆ। ਜਿਥੇ ਜੇਲ੍ਹ ਅਧਿਕਾਰੀਆਂ ਨੇ ਪਿਛਲੇ ਸਾਲ ਅਗਸਤ ‘ਚ ਸੁਰਜੀਤ ਸਿੰਘ ਦੀ ਦਸਤਾਰ ਖੋਹ ਲਈ ਅਤੇ ਹੱਥ-ਪੈਰ ਬੰਨ੍ਹ ਕੇ ਦਾੜ੍ਹੀ ਸ਼ੇਵ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਹ ਸਭ ਉਨ੍ਹਾਂ ਦੀ ਤਸਵੀਰ ਖਿੱਚਣ ਲਈ ਕੀਤਾ ਗਿਆ।

<

ਫ਼ੈਡਰਲ ਨਿਆਂ ਵਿਭਾਗ ਨੂੰ ਕੀਤੀ ਸ਼ਿਕਾਇਤ ‘ਚ ਦੋਸ਼ ਲਾਏ ਗਏ ਹਨ ਕਿ ਸੁਰਜੀਤ ਸਿੰਘ ਨੇ ਜ਼ਿੰਦਗੀ ‘ਚ ਕਦੇ ਵੀ ਆਪਣੇ ਕੇਸ ਕਤਲ ਨਹੀਂ ਕਰਵਾਏ। ਐਰੀਜ਼ੋਨਾ ਜੇਲ੍ਹ ਵਿਭਾਗ ਨੇ ਸਿੱਧੇ ਤੌਰ ‘ਤੇ ਸੁਰਜੀਤ ਸਿੰਘ ਦੇ ਸੰਵਿਧਾਨਕ ਹੱਕਾਂ ਦੀ ਉਲੰਘਣਾ ਕੀਤੀ। ਸ਼ਿਕਾਇਤ ਮੁਤਾਬਕ ਸੁਰਜੀਤ ਸਿੰਘ ਨੂੰ ਅੰਗਰੇਜ਼ੀ ਨਹੀਂ ਆਉਂਦੀ ਤੇ ਉਨ੍ਹਾਂ ਨੂੰ ਟਰਾਂਸਲੇਟਰ ਵੀ ਨਹੀਂ ਦਿੱਤਾ ਗਿਆ।

ਸੁਰਜੀਤ ਸਿੰਘ ਨੇ ਦਾਇਰ ਸ਼ਿਕਾਇਤ ‘ਚ ਕਿਹਾ ਕਿ, ‘ਮੇਰਾ ਧਰਮ ਮੇਰੇ ਲਈ ਸਭ ਤੋਂ ਉਪਰ ਹੈ ਅਤੇ ਜੇਲ੍ਹ ਵਿਚ ਬੰਦ ਕੈਦੀਆਂ ਨੂੰ ਵੀ ਆਪਣਾ ਧਰਮ ਨਿਭਾਉਣ ਤੋਂ ਨਹੀਂ ਰੋਕਿਆ ਜਾ ਸਕਦਾ।’

ਉਧਰ ਐਰੀਜ਼ੋਨਾ ਡਿਪਾਰਟਮੈਂਟ ਆਫ਼ ਕੁਰੈਕਸ਼ਨਜ਼ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਇਹ ਮਾਮਲਾ 6 ਮਹੀਨੇ ਪਹਿਲਾਂ ਹੀ ਸੁਲਝਾ ਲਿਆ ਗਿਆ ਸੀ। ਨਵੰਬਰ 2020 ਵਿਚ ਜੇਲ੍ਹ ਵਿਭਾਗ ਵੱਲੋਂ ਨਿਊ ਯਾਰਕ ਸਥਿਤ ਸਿੱਖ ਕੁਲੀਸ਼ਨ ਦੇ ਲੀਗਲ ਡਾਇਰੈਕਟਰ ਨੂੰ ਦੋ ਚਿੱਠੀਆਂ ਲਿਖ ਕੇ ਮੁਆਫ਼ੀ ਮੰਗੀ ਜਾ ਚੁੱਕੀ ਹੈ। ਹੁਣ ਸੁਰਜੀਤ ਸਿੰਘ ਨੂੰ ਫ਼ਿਨਿਕਸ ਜੇਲ੍ਹ ਤੋਂ ਡਗਲਸ ਜੇਲ੍ਹ ਵਿਚ ਭੇਜਿਆ ਜਾ ਚੁੱਕਾ ਹੈ ਜਿਥੇ ਉਹ ਪੂਰਨ ਧਾਰਮਿਕ ਆਜ਼ਾਦੀ ਨਾਲ ਆਪਣੀ ਸਜ਼ਾ ਕੱਟ ਰਹੇ ਹਨ।

Share This Article
Leave a Comment