ਸੀਨੀਅਰ ਪੱਤਰਕਾਰ ਸ਼ੰਗਾਰਾ ਸਿੰਘ ਭੁੱਲਰ ਦਾ ਦੇਹਾਂਤ

TeamGlobalPunjab
2 Min Read

ਚੰਡੀਗੜ੍ਹ: ਪੰਜਾਬੀ ਟ੍ਰਿਬਿਊਨ ਅਤੇ ਪੰਜਾਬੀ ਜਾਗਰਣ ਦੇ ਸਾਬਕਾ ਸੰਪਾਦਕ ਅਤੇ ਉੱਘੇ ਕਾਲਮ ਨਵੀਸ ਸ਼ੰਗਾਰਾ ਸਿੰਘ ਭੁੱਲਰ (74) ਦਾ ਅੱਜ ਸ਼ਾਮੀ ਪੰਜ ਵਜੇ  ਮੋਹਾਲੀ ਦੇ ਪ੍ਰਾਈਵੇਟ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਹਨਾਂ 1982 ਵਿੱਚ ਪੰਜਾਬੀ ਟ੍ਰਿਬਿਊਨ ਵਿੱਚ ਬਤੌਰ ਸਹਾਇਕ ਸੰਪਾਦਕ ਸੇਵਾ ਸ਼ੁਰੂ ਕੀਤੀ ਅਤੇ 2006 ਵਿੱਚ ਸੰਪਾਦਕ ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਪੰਜਾਬੀ ਟ੍ਰਿਬਿਊਨ, ਚੰਡੀਗੜ੍ਹ ਵਿੱਚ ਆਉਣ ਤੋਂ ਪਹਿਲਾਂ ਉਹ ਦਿੱਲੀ ਵਿੱਚ ਪੱਤਰਕਾਰੀ ਕਰਦੇ ਸਨ। ਉਹਨਾਂ ਦੇ ਪਰਿਵਾਰ ਵਿੱਚ ਪਤਨੀ, ਦੋ ਲੜਕੇ ਤੇ ਇਕ ਲੜਕੀ ਹਨ। ਪੰਜਾਬੀ ਪੱਤਰਕਾਰੀ ਵਿੱਚ ਉਹ ਇਕਲੌਤੇ ਅਜਿਹੇ ਪੱਤਰਕਾਰ ਸਨ ਜਿਨ੍ਹਾਂ ਨੂੰ ਚਾਰ ਰੋਜ਼ਾਨਾ ਅਖਬਾਰਾਂ ਦੇ ਸੰਪਾਦਕ ਰਹਿਣ ਦਾ ਮਾਣ ਹਾਸਲ ਹੋਇਆ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸ਼ੰਗਾਰਾ ਸਿੰਘ ਭੁੱਲਰ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ।ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਸ਼੍ਰੀ ਭੁੱਲਰ ਦੇ ਤੁਰ ਜਾਣ ਉੱਤੇ ਜਿੱਥੇ ਪੱਤਰਕਾਰੀ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ ਉਥੇ ਉਨ੍ਹਾਂ ਨੇ ਵੀ ਆਪਣਾ ਨਿੱਜੀ ਦੋਸਤ ਗੁਆ ਲਿਆ। ਉਨ੍ਹਾਂ ਕਿਹਾ ਕਿ ਸ. ਭੁੱਲਰ ਨੇ ਉਨ੍ਹਾਂ ਦੇ ਜ਼ਿਲੇ ਗੁਰਦਾਸਪੁਰ ਦੇ ਪਿੰਡ ਭੁੱਲਰ ਤੋਂ ਉਠ ਕੇ ਪੱਤਰਕਾਰੀ ਖੇਤਰ ਵਿੱਚ ਨਵੀਆਂ ਸਿਖਰਾਂ ਛੂਹੀਆਂ। ਮੌਜੂਦਾ ਸਮੇਂ ਉਹ ‘ਰੋਜ਼ਾਨਾ ਸਪੋਕਸਮੈਨ’ ਦੇ ਸੰਪਾਦਕ ਸਨ। ਪੱਤਰਕਾਰੀ ਖੇਤਰ ਵਿੱਚ ਪਾਏ ਯੋਗਦਾਨ ਸਦਕਾ ਸ਼ੰਗਾਰਾ ਸਿੰਘ ਭੁੱਲਰ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ‘ਸ਼੍ਰੋਮਣੀ ਪੱਤਰਕਾਰ’ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ। ਉਹਨਾਂ ਦਾ ਅੰਤਿਮ ਸੰਸਕਾਰ 12 ਦਸੰਬਰ ਨੂੰ ਮੋਹਾਲੀ ਦੇ ਸ਼ਮਸ਼ਾਨਘਾਟ ਸੈਕਟਰ 57 (ਨੇੜੇ ਸਿੱਖ ਅਜਾਇਬਘਰ) ਵਿਖੇ ਬਾਅਦ ਦੁਪਹਿਰ 3 ਵਜੇ ਹੋਵੇਗਾ।

Share this Article
Leave a comment