ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਬੇਨਤੀ ‘ਤੇ ਰੂਸ ਅਤੇ ਯੂਕਰੇਨ 3 ਦਿਨ ਦੀ ਜੰਗਬੰਦੀ ਅਤੇ ਕੈਦੀਆਂ ਦੇ ਅਦਲਾ-ਬਦਲੀ ਲਈ ਸਹਿਮਤ ਹੋ ਗਏ ਹਨ। ਟਰੰਪ ਨੇ ਕਿਹਾ ਕਿ ਇਹ ਕਦਮ ਲੰਬੇ ਸਮੇਂ ਤੋਂ ਚੱਲ ਰਹੇ ਯੁੱਧ ਨੂੰ ਖਤਮ ਕਰਨ ਦੀ ਦਿਸ਼ਾ ‘ਚ ‘ਅੰਤ ਦੀ ਸ਼ੁਰੂਆਤ’ ਸਾਬਿਤ ਹੋ ਸਕਦਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਯੂਰੀ ਉਸ਼ਾਕੋਵ ਨੇ ਵੀ ਸਮਝੌਤੇ ਦੀ ਪੁਸ਼ਟੀ ਕੀਤੀ ਹੈ।
ਵ੍ਹਾਈਟ ਹਾਊਸ ਤੋਂ ਬਾਹਰ ਨਿਕਲਦੇ ਹੋਏ ਟਰੰਪ ਨੇ ਕਿਹਾ ਮੈਂ ਦੋਵਾਂ ਨੇਤਾਵਾਂ ਨੂੰ ਜੰਗ ਰੋਕਣ ਦੀ ਅਪੀਲ ਕੀਤੀ ਸੀ। ਰਾਸ਼ਟਰਪਤੀ ਪੁਤਿਨ ਨੇ ਸਹਿਮਤੀ ਦਿੱਤੀ ਅਤੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਵੀ ਤੁਰੰਤ ਸਹਿਮਤੀ ਦਿੱਤੀ। ਕੁਝ ਸਮੇਂ ਲਈ ਲੋਕ ਇੱਕ ਦੂਜੇ ਨੂੰ ਨਹੀਂ ਮਾਰਨਗੇ, ਇਹ ਬਹੁਤ ਚੰਗੀ ਗੱਲ ਹੈ। ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੰਦੇ ਹੋਏ ਟਰੰਪ ਨੇ ਕਿਹਾ ਕਿ ਜੰਗਬੰਦੀ ਸ਼ਨੀਵਾਰ ਤੋਂ ਸੋਮਵਾਰ ਤੱਕ ਲਾਗੂ ਰਹੇਗੀ। ਉਨ੍ਹਾਂ ਦੱਸਿਆ ਕਿ ਇਹ ਫੈਸਲਾ ਰੂਸ ਦੇ ‘ਵਿਕਟਰੀ ਦਿਵਸ’ ਦੇ ਜਸ਼ਨਾਂ ਦੌਰਾਨ ਲਿਆ ਗਿਆ ਹੈ। ਦੂਜੇ ਵਿਸ਼ਵ ਯੁੱਧ ਵਿਚ ਨਾਜ਼ੀ ਜਰਮਨੀ ‘ਤੇ ਜਿੱਤ ਦੀ ਯਾਦ ਵਿਚ ਰੂਸ ਵਿਚ ‘ਜਿੱਤ ਦਿਵਸ’ ਮਨਾਇਆ ਜਾਂਦਾ ਹੈ।
ਟਰੰਪ ਨੇ ਲਿਖਿਆ, ‘ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਰੂਸ ਅਤੇ ਯੂਕਰੇਨ ਵਿਚਾਲੇ 9, 10 ਅਤੇ 11 ਮਈ ਨੂੰ ਤਿੰਨ ਦਿਨ ਦੀ ਜੰਗਬੰਦੀ ਹੋਵੇਗੀ। ਰੂਸ ‘ਚ ਇਹ ਜਿੱਤ ਦਿਵਸ ਦਾ ਜਸ਼ਨ ਹੈ ਪਰ ਯੂਕਰੇਨ ਦੂਜੇ ਵਿਸ਼ਵ ਯੁੱਧ ਦਾ ਵੱਡਾ ਹਿੱਸਾ ਅਤੇ ਮਹੱਤਵਪੂਰਨ ਸਹਿਯੋਗੀ ਵੀ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਜੰਗਬੰਦੀ ਦੌਰਾਨ ਸਾਰੀਆਂ ਫੌਜੀ ਗਤੀਵਿਧੀਆਂ ਨੂੰ ਰੋਕ ਦਿੱਤਾ ਜਾਵੇਗਾ ਅਤੇ ਦੋਵੇਂ ਦੇਸ਼ 1000-1000 ਜੰਗੀ ਕੈਦੀਆਂ ਦੀ ਅਦਲਾ-ਬਦਲੀ ਕਰਨਗੇ। ਹਾਲਾਂਕਿ ਰੂਸ ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਜੰਗਬੰਦੀ ਦਾ ਐਲਾਨ ਕੀਤਾ ਸੀ ਪਰ ਇਹ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ।
ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਇਹ ਬੇਨਤੀ ਸਿੱਧੇ ਤੌਰ ‘ਤੇ ਦੋਵਾਂ ਰਾਸ਼ਟਰਪਤੀਆਂ ਨੂੰ ਕੀਤੀ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਸਮਝੌਤਾ ਫਰਵਰੀ 2022 ਤੋਂ ਚੱਲੀ ਆ ਰਹੀ ਇਸ ਭਿਆਨਕ ਜੰਗ ਨੂੰ ਖ਼ਤਮ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਸਾਬਿਤ ਹੋਵੇਗਾ। ਟਰੰਪ ਨੇ ਇਹ ਵੀ ਕਿਹਾ ਕਿ ਜੰਗ ਨੂੰ ਖ਼ਤਮ ਕਰਨ ਲਈ ਗੱਲਬਾਤ ਜਾਰੀ ਹੈ ਅਤੇ ‘ਹਰ ਰੋਜ਼ ਅਸੀਂ ਇੱਕ ਹੱਲ ਦੇ ਨੇੜੇ ਜਾ ਰਹੇ ਹਾਂ।’ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਕਿ ਯੂਕਰੇਨ ਨੇ ਖਾਸ ਤੌਰ ‘ਤੇ ਜੰਗੀ ਕੈਦੀਆਂ ਦੀ ਰਿਹਾਈ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸਮਝੌਤੇ ਨੂੰ ਸਵੀਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਯੁੱਧ ਦੌਰਾਨ ਯੂਕਰੇਨ ਲਗਾਤਾਰ ਆਪਣੇ ਸੈਨਿਕਾਂ ਅਤੇ ਨਾਗਰਿਕਾਂ ਦੀ ਵਾਪਸੀ ਦੀ ਮੰਗ ਕਰਦਾ ਰਿਹਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

