ਜਸਟਿਨ ਟਰੂਡੋ ਦਾ ਐਲਾਨ : ਕੈਨੇਡਾ 31 ਅਗਸਤ ਤੋਂ ਬਾਅਦ ਵੀ ਅਫ਼ਗਾਨਿਸਤਾਨ ‘ਚ ਰੱਖੇਗਾ ਫ਼ੌਜ

TeamGlobalPunjab
2 Min Read

ਓਟਾਵਾ  : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਅਫਗਾਨਿਸਤਾਨ ‘ਚ ਤਾਇਨਾਤ ਉਨ੍ਹਾਂ ਦੇ ਦੇਸ਼ ਦੇ ਫੌਜੀ ਅਫਸਰ 31 ਅਗਸਤ ਦੀ ਸਮਾਂ ਸੀਮਾ ਖ਼ਤਮ ਹੋਣ ਤੋਂ ਬਾਅਦ ਵੀ ਉੱਥੋਂ ਕੂਚ ਨਹੀਂ ਕਰਨਗੇ।  ਅਮਰੀਕਾ ਦੀ Joe Biden ਸਰਕਾਰ ਤੇ ਤਾਲਿਬਾਨ ਦਰਮਿਆਨ 31 ਅਗਸਤ ਤਕ ਬਚਾਅ ਕਾਰਵਾਈ ਨੂੰ ਪੂਰਾ ਕਰਨ ਲੈਣ ‘ਤੇ ਸਹਿਮਤੀ ਪ੍ਰਗਟਾਈ ਗਈ ਸੀ।

ਕੈਨੇਡਾ ਦੇ ਪੀਐੱਮ ਟਰੂਡੋ ਨੇ ਕਿਹਾ ਕਿ ਅਸੀਂ ਤਾਲਿਬਾਨ ‘ਤੇ ਦਬਾਅ ਬਣਾਉਂਦੇ ਰਹਾਂਗੇ ਕਿ ਉਹ ਲੋਕਾਂ ਨੂੰ ਉੱਥੋਂ ਜਾਣ ਦੀ ਇਜਾਜ਼ਤ ਦੇਣਾ ਜਾਰੀ ਰੱਖੇ। ਸਾਡੀ ਇਹ ਵਚਨਬੱਧਤਾ ਹੈ ਕਿ ਮੌਜੂਦਾ ਦੌਰ ‘ਚ ਅਫ਼ਗਾਨਿਸਤਾਨ ਦਾ ਖ਼ਾਤਮਾ ਨਾ ਹੋ ਸਕੇ। ਅਸੀਂ ਹਰ ਰੋਜ਼ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਉੱਥੋਂ ਕੱਢਣ ਦੀ ਕੋਸ਼ਿਸ਼ ਕਰਦੇ ਰਹਾਂਗੇ। ਜੀ-ਸੱਤ ਦੇ ਸਾਡੇ ਹੋਰ ਸਹਿਯੋਗੀਆਂ ਦੀ ਵੀ ਇਹੀ ਵਚਨਬੱਧਤਾ ਹੈ ਕਿ ਅਸੀਂ ਰਲ਼ ਮਿਲ ਕੇ ਵੱਧ ਤੋਂ ਵੱਧ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ।

 

 

 

ਟਰੂਡੋ ਦਾ ਬਿਆਨ G-7 ਦੀ ਮੰਗਲਵਾਰ ਨੂੰ ਹੋਈ ਬੈਠਕ ਦੇ ਬਾਅਦ ਆਇਆ ਹੈ ਜਿਸ ਵਿਚ ਆਗੂਆਂ ਨੇ 31 ਅਗਸਤ ਦੀ ਸਮਾਂ ਸੀਮਾ ਨੂੰ ਅੱਗੇ ਵਧਾਉਣ ‘ਤੇ ਚਰਚਾ ਕੀਤੀ। ਇਸੇ ਦਿਨ ਅਮਰੀਕੀ ਫ਼ੌਜ ਦੀ ਵਾਪਸੀ ਤੇ ਬਚਾਅ ਕਾਰਵਾਈ ਨੂੰ ਬੰਦ ਕਰਨ ‘ਤੇ ਤਾਲਿਬਾਨ ਦਾ ਜ਼ੋਰ ਤੇ ਅਮਰੀਕਾ ਦੀ ਸਹਿਮਤੀ ਹੈ, ਜਦਕਿ ਅਮਰੀਕਾ ਸਮੇਤ ਹੋਰ ਨਾਟੋ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਨਾਗਰਿਕਾਂ ਤੇ ਉਨ੍ਹਾਂ ਨਾਲ ਜੁੜੇ ਅਫ਼ਗਾਨ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਏਅਰ ਲਿਫਟ ਕਾਰਵਾਈ ਚਲਾ ਰਹੀ ਹੈ।

- Advertisement -

ਇਸ ਦੌਰਾਨ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇਸ ਵਰਚੁਅਲ ਸੰਮੇਲਨ ਨੂੰ ਅਪੀਲ ਕਰ ਕੇ ਇਸ ਵਿਸ਼ੇ ‘ਤੇ ਚਰਚਾ ਕਰਾਈ ਹੈ। ਕੈਨੇਡਾ ਵੀ ਕਾਬੁਲ ਏਅਰਪੋਰਟ ਤੋਂ ਜਾਰੀ ਫੌਜੀ ਕਾਰਵਾਈ ਦਾ ਹਿੱਸਾ ਹੈ ਜਿਸਦੀ ਅਗਵਾਈ ਅਮਰੀਕੀ ਫੌਜ ਕਰ ਰਹੀ ਹੈ। ਸੋਮਵਾਰ ਨੂੰ ਕੈਨੇਡਾ ਦੀ ਫ਼ੌਜ ਦਾ ਜਹਾਜ਼ ਕਾਬੁਲ ਤੋਂ 500 ਤੋਂ ਜ਼ਿਆਦਾ ਲੋਕਾਂ ਨੂੰ ਕੱਢ ਚੁੱਕਾ ਹੈ। ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਟਵੀਟ ਕਰ ਕੇ ਕਿਹਾ ਕਿ ਜਦੋਂ ਤਕ ਵੀ ਹਾਲਾਤ ਸਾਥ ਦੇਣਗੇ, ਕੈਨੇਡਾ ਬਚਾਅ ਕਾਰਵਾਈ ਉਡਾਣਾਂ ਸੰਚਾਲਿਤ ਕਰਦਾ ਰਹੇਗਾ।

Share this Article
Leave a comment