ਕੈਨੇਡਾ ‘ਚ ਬੰਦ ਹੋ ਚੁੱਕੀ ਚਰਚ ਦੀ ਇਮਾਰਤ ਨੂੰ ਕੀਤਾ ਗਿਆ ਗੁਰੂਘਰ ‘ਚ ਤਬਦੀਲ

Prabhjot Kaur
2 Min Read

ਐਲਬਰਟਾ: ਐਲਬਰਟਾ ਦੇ ਰੈਡ ਡੀਅਰ ਖੇਤਰ ‘ਚ ਸਿੱਖ ਭਾਈਚਾਰੇ ਵੱਲੋਂ ਬੰਦ ਹੋ ਚੁੱਕੀ ਚਰਚ ਦੀ ਇਮਾਰਤ ਨੂੰ ਗੁਰੂ ਘਰ ‘ਚ ਤਬਦੀਲ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ। ਸੰਗਤ ਨੇ ਗੁਰੂਘਰ ਲਈ 4.50 ਲੱਖ ਡਾਲਰ ਇਕੱਠੇ ਕਰ ਲਏ ਅਤੇ ਬਗੈਰ ਮੌਰਗੇਜ਼ ਤੋਂ ਇਮਾਰਤ ਖਰੀਦ ਲਈ ਗਈ।

ਗੁਰੂਘਰ ਲਈ ਇਮਾਰਤ ਖਰੀਦਣ ਤੋਂ ਪਹਿਲਾਂ ਸਿੱਖ ਭਾਈਚਾਰਾ ਮਹੀਨੇ ‘ਚ ਇਕ ਵਾਰ ਬੋਅਰ ਕਮਿਊਨਿਟੀ ਸੈਂਟਰ ਵਿਖੇ ਇਕੱਠਾ ਹੁੰਦਾ ਸੀ ਜਦਕਿ ਹੁਣ ਇਲਾਕੇ ਵਿੱਚ ਵਸਦੇ ਲਗਭਗ 150 ਪਰਿਵਾਰਾਂ, 250 ਤੋਂ ਵੱਧ ਕੌਮਾਂਤਰੀ ਵਿਦਿਆਰਥੀਆਂ ਅਤੇ ਭਾਰਤ ਤੋਂ ਆਏ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਗੁਰੂ ਘਰ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ।

ਕੈਲਗਰੀ, ਐਡਮਿੰਟਨ ਅਤੇ ਇਥੋਂ ਤੱਕ ਕਿ ਬੀ.ਸੀ. ਦੇ ਸਰੀ ਸ਼ਹਿਰ ‘ਚ ਵਸਦੀ ਸੰਗਤ ਨੇ ਰੈਡ ਡੀਅਰ ਵਿਖੇ ਗੁਰੂ ਘਰ ਬਣਾਉਣ ਲਈ ਯੋਗਦਾਨ ਪਾਇਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਸ਼ਾਨ ਸਿੰਘ ਸੰਧੂ ਨੇ ਦੱਸਿਆ ਕਿ ਓਨਟਾਰੀਓ ਦੀ ਸੰਗਤ ਵੀ ਪਿੱਛੇ ਨਹੀਂ ਰਹੀ ਅਤੇ ਐਲਬਰਟਾ ਦੇ ਰੈਡ ਡੀਅਰ ਇਲਾਕੇ ਵਿੱਚ ਗੁਰੂ ਘਰ ਦੀ ਉਸਾਰੀ ਦਾ ਸੁਪਨਾ ਜਲਦ ਪੂਰਾ ਹੋ ਗਿਆ। ਪਿਛਲੇ ਸਾਲ 21 ਦਸੰਬਰ ਨੂੰ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਸੇਵਾ ਸ਼ੁਰੂ ਕਰਵਾ ਦਿੱਤੀ। ਇਮਾਰਤ ਵਿੱਚ ਸਭ ਤੋਂ ਪਹਿਲਾਂ ਦਰਬਾਰ ਹਾਲ ਅਤੇ ਫਿਰ ਵੱਡੀ ਬੇਸਮੈਂਟ ਵਿੱਚ ਲੰਗਰ ਹਾਲ ਤਿਆਰ ਕੀਤਾ ਗਿਆ।

- Advertisement -

ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਗੁਰਚਰਨ ਸਿੰਘ ਗਿੱਲ ਨੇ ਕਿਹਾ ਕਿ ਇੱਥੋਂ ਦੇ ਲੋਕ ਸਿੱਖ ਧਰਮ ਬਾਰੇ ਕੁਝ ਨਹੀਂ ਜਾਣਦੇ। ਦਸਤਾਰ ਨੂੰ ਬੜੀ ਹੈਰਾਨੀ ਨਾਲ ਦੇਖਦੇ ਹਨ ਪਰ ਗੁਰੂ ਘਰ ਦੀ ਸਥਾਪਤੀ ਤੋਂ ਬਾਅਦ ਇਲਾਕੇ ਦੇ ਹਰ ਵਿਅਕਤੀ ਨੂੰ ਸਿੱਖ ਧਰਮ ਬਾਰੇ ਜਾਣਨ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਖਾਲਸਾ ਸਾਜਨਾ ਦਿਹਾੜੇ ‘ਤੇ ਨਗਰ ਕੀਰਤਨ ਸਜਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਸ ਨਾਲ ਸ਼ਹਿਰ ‘ਚ ਸਿੱਖੀ ਨੂੰ ਪ੍ਰਫੁੱਲਤ ਕਰਨ ‘ਚ ਮਦਦ ਮਿਲੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੋਂ ਬਾਅਦ ਰੈਡ ਡੀਅਰ ਦੀ ਸਿੱਖ ਸੰਗਤ ਵੱਲੋਂ ਨਿਸ਼ਾਨ ਸਾਹਿਬ ਦੀ ਸਥਾਪਤੀ ਲਈ ਯਤਨ ਆਰੰਭ ਦਿੱਤੇ ਗਏ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment