ਐਡਮਿੰਟਨ ‘ਚ ਪੰਜਾਬੀ ਕਾਰੋਬਾਰੀ ਦਾ ਕਤਲ, ਲੁਟੇਰੇ ਨੂੰ ਰੋਕਣ ਦੀ ਕੋਸ਼ਿਸ਼ ‘ਚ ਗਈ ਜਾਨ

Global Team
3 Min Read

ਐਡਮਿੰਟਨ: ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਇੱਕ ਪੰਜਾਬੀ ਕਾਰੋਬਾਰੀ ਦਾ ਉਸ ਵੇਲੇ ਕਤਲ ਕਰ ਦਿੱਤਾ ਗਿਆ, ਜਦੋਂ ਉਹ ਆਪਣੇ ਕਾਰੋਬਾਰ ਨੂੰ ਲੁੱਟ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। 48 ਸਾਲਾ ਸੁਖਜੀਤ ਰੰਧਾਵਾ ਦੀ ਮੌਤ ਦੀ ਇਸ ਘਟਨਾ ਨਾਲ ਸਥਾਨਕ ਪੰਜਾਬੀ ਭਾਈਚਾਰੇ ਵਿੱਚ ਸੋਗ ਦੇ ਨਾਲ-ਨਾਲ ਰੋਸ ਵੀ ਪਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਛੋਟੇ ਕਾਰੋਬਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋਏ ਹਨ।

ਸ਼ਰਾਬ ਦੇ ਸਟੋਰ ‘ਚ ਲੁੱਟ ਦੀ ਕੋਸ਼ਿਸ਼

ਜਾਣਕਾਰੀ ਮੁਤਾਬਕ ਇਹ ਘਟਨਾ 112 ਐਵਿਨਿਊ ਅਤੇ 82 ਸਟਰੀਟ ਨੇੜੇ ਇੱਕ ਸਟ੍ਰਿਪ ਮਾਲ ਵਿੱਚ ਸਥਿਤ ਸ਼ਰਾਬ ਦੇ ਸਟੋਰ ‘ਤੇ ਵਾਪਰੀ। ਸੁਖਜੀਤ ਰੰਧਾਵਾ ਉਸ ਸਮੇਂ ਸਟੋਰ ਵਿੱਚ ਮੌਜੂਦ ਸਨ, ਜਦੋਂ ਇੱਕ ਵਿਅਕਤੀ ਸ਼ਰਾਬ ਦੀਆਂ ਬੋਤਲਾਂ ਲੈ ਕੇ ਬਿਨਾਂ ਪੈਸੇ ਦਿੱਤੇ ਬਾਹਰ ਜਾਣ ਲੱਗਾ।

ਰੰਧਾਵਾ ਨੇ ਲੁਟੇਰੇ ਨੂੰ ਰੋਕਣ ਲਈ ਸਟੋਰ ਦਾ ਦਰਵਾਜ਼ਾ ਬੰਦ ਕਰ ਦਿੱਤਾ। ਪੁਲੀਸ ਮੁਤਾਬਕ ਆਪਣੇ ਆਪ ਨੂੰ ਘਿਰਿਆ ਹੋਇਆ ਦੇਖ ਕੇ ਮੁਲਜ਼ਮ ਨੇ ਰੰਧਾਵਾ ‘ਤੇ ਹਿੰਸਕ ਹਮਲਾ ਕਰ ਦਿੱਤਾ। ਹਮਲੇ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਏ।

ਹਸਪਤਾਲ ‘ਚ ਹੋਈ ਮੌਤ, ਕਤਲ ਦਾ ਕੇਸ ਦਰਜ

ਜ਼ਖ਼ਮੀ ਸੁਖਜੀਤ ਰੰਧਾਵਾ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਡਾਕਟਰ ਉਨ੍ਹਾਂ ਦੀ ਜਾਨ ਨਹੀਂ ਬਚਾ ਸਕੇ। ਪੋਸਟਮਾਰਟਮ ਤੋਂ ਬਾਅਦ ਪੁਲੀਸ ਨੇ ਮਾਮਲੇ ਨੂੰ ਅਧਿਕਾਰਕ ਤੌਰ ‘ਤੇ ਕਤਲ ਕਰਾਰ ਦਿੱਤਾ ਹੈ।

ਐਡਮਿੰਟਨ ਪੁਲੀਸ ਨੇ 22 ਸਾਲਾ ਨਿਕੋਲਸ ਬਟਲਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਖ਼ਿਲਾਫ਼ ਦੂਜੇ ਦਰਜੇ ਦੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਮੁਤਾਬਕ ਫਿਲਹਾਲ ਕਿਸੇ ਹੋਰ ਸ਼ੱਕੀ ਦੀ ਭਾਲ ਨਹੀਂ ਕੀਤੀ ਜਾ ਰਹੀ।

ਛੋਟੇ ਕਾਰੋਬਾਰੀਆਂ ਦੀ ਸੁਰੱਖਿਆ ‘ਤੇ ਉੱਠੇ ਸਵਾਲ

ਸੁਖਜੀਤ ਰੰਧਾਵਾ ਦੇ ਦੋਸਤ ਅਤੇ ਸਥਾਨਕ ਕਾਰੋਬਾਰੀ ਰਵੀ ਪ੍ਰਕਾਸ਼ ਨੇ ਕਿਹਾ ਕਿ ਇਹ ਸਿਰਫ਼ ਇੱਕ ਪਰਿਵਾਰ ਦਾ ਨੁਕਸਾਨ ਨਹੀਂ, ਸਗੋਂ ਪੂਰੇ ਕਾਰੋਬਾਰੀ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਮੁਤਾਬਕ ਛੋਟੇ ਕਾਰੋਬਾਰੀਆਂ ਨੂੰ ਅਕਸਰ ਚੋਰੀ, ਧਮਕੀਆਂ ਅਤੇ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਸੁਖਜੀਤ ਨੂੰ ਉਸ ਦੇ ਆਪਣੇ ਸਟੋਰ ਵਿੱਚ ਮਾਰ ਦਿੱਤਾ ਗਿਆ ਅਤੇ ਕਾਰੋਬਾਰੀ ਹਰ ਰੋਜ਼ ਡਰ ਦੇ ਮਾਹੌਲ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਛੋਟੇ ਕਾਰੋਬਾਰੀਆਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਚੁੱਕੇ।

ਘਟਨਾ ਤੋਂ ਬਾਅਦ ਐਡਮਿੰਟਨ ਦੇ ਪੰਜਾਬੀ ਭਾਈਚਾਰੇ ਵਿੱਚ ਗਹਿਰਾ ਸੋਗ ਹੈ। ਇਸ ਦੇ ਨਾਲ ਹੀ ਕਾਰੋਬਾਰੀਆਂ ਵਿੱਚ ਗੁੱਸਾ ਵੀ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਹਿੰਸਕ ਅਪਰਾਧਾਂ ‘ਤੇ ਕਾਬੂ ਪਾਉਣ ਅਤੇ ਛੋਟੇ ਕਾਰੋਬਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਠੋਸ ਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਮੰਗ ਕੀਤੀ ਹੈ।

Share This Article
Leave a Comment