ਪੰਜ ਮੈਂਬਰੀ ਕਮੇਟੀ ਵੱਲੋਂ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤਲਬ

TeamGlobalPunjab
2 Min Read

ਪਟਿਆਲਾ :  ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੇ 22 ਦਸੰਬਰ ਨੂੰ ਤਲਬ  ਕੀਤਾ ਹੈ। ਇਹ ਕਮੇਟੀ ਢੱਡਰੀਆਂ ਵਾਲਿਆਂ ਖਿਲਾਫ ਆਈਆਂ ਸ਼ਿਕਾਇਤਾਂ ਬਾਰੇ ਘੋਖ ਪੜਤਾਲ ਲਈ ਬਣਾਈ ਗਈ ਹੈ।

 

ਪੰਜ ਵਿਦਵਾਨਾਂ ਦੀ ਕਮੇਟੀ ਵੱਲੋਂ ਢੱਡਰੀਆਂ ਵਾਲਿਆਂ ਨੂੰ ਕੁਝ ਵਿਵਾਦਤ ਕਥਨਾਂ ਬਾਰੇ ਵਿਚਾਰਾਂ ਕਰਨ ਸਬੰਧੀ 22 ਦਸੰਬਰ ਨੂੰ 12 ਵਜੇ, ਪਟਿਆਲਾ ਦੇ ਗੁਰਦੁਆਰਾ ਦੂਖ-ਨਿਵਾਰਨ ਸਾਹਿਬ ਵਿਖੇ ਆਉਣ ਲਈ ਸੱਦਾ ਭੇਜਿਆ ਗਿਆ ਹੈ। ਜਾਣਕਾਰੀ ਮੁਤਾਬਕ ਗਿਆਨੀ ਹਰਪ੍ਰੀਤ ਸਿੰਘ ਦੀਆਂ ਹਦਾਇਤਾਂ ਹਨ ਕਿ ਉਕਤ ਸਾਰੇ ਮਾਮਲੇ ਬਾਰੇ ਢੱਡਰੀਆਂ ਵਾਲੇ ਨਾਲ ਗੱਲਬਾਤ 5 ਮੈਂਬਰੀ ਕਮੇਟੀ ਹੀ ਕਰੇਗੀ। ਚਾਹੇ ਕਮੇਟੀ ਉਸ ਨੂੰ ਆਪਣੇ ਕੋਲ ਬੁਲਾਵੇ ਜਾਂ ਕਿਤੇ ਜਾ ਕੇ ਗੱਲਬਾਤ ਕਰੇ। ਭਾਵੇਂ ਕਿ ਸੱਦਾ ਪੱਤਰ ਢੱਡਰੀਆਂਵਾਲਿਆਂ ਨੂੰ ਪ੍ਰਾਪਤ ਹੋ ਗਿਆ ਹੈ ਪਰ ਇਸ ਵਿੱਚ ਇਹ ਬੇਯਕੀਨੀ ਬਰਕਰਾਰ ਹੈ ਕਿ ਉਹ ਤਲਬ ਹੋਣਗੇ।

 

ਰਣਜੀਤ ਸਿੰਘ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਉਨ੍ਹਾਂ ਵੱਲੋਂ ਬਣਾਈ ਗਈ ਕਮੇਟੀ ਨੂੰ ਕੋਈ ਅਹਿਮੀਅਤ ਨਾ ਦੇਣ ਤੇ ਕਿਨਾਰਾ ਕਰਨ ਸਬੰਧੀ ਕਈ ਵਾਰ ਬਿਆਨ ਦਿੱਤੇ ਜਾ ਚੁੱਕੇ ਹਨ। ਸਬ ਕਮੇਟੀ ਦੇ ਕੋਆਰਡੀਨੇਟਰ ਡਾ: ਚਮਕੌਰ ਸਿੰਘ ਵਲੋਂ ਜਾਰੀ ਪੱਤਰ ਵਿਚ ਉਨ੍ਹਾਂ ਢੱਡਰੀਆਂ ਵਾਲਿਆਂ ਨੂੰ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪ੍ਰਾਪਤ ਹੋਏ ਆਦੇਸ਼ ਅਨੁਸਾਰ ਆਪ ਜੀ ਨਾਲ ਕੁਝ ਵਿਵਾਦਿਤ ਕਥਨਾਂ ‘ਤੇ ਵਿਚਾਰ ਕਰਨ ਲਈ ਪੰਜ ਵਿਦਵਾਨਾਂ ਦੀ ਕਮੇਟੀ ਬਣਾਈ ਗਈ ਹੈ। ਜਿਨਾਂ ‘ਚ ਡਾ: ਪਰਮਵੀਰ ਸਿੰਘ, ਪ੍ਰਿੰ: ਪ੍ਰਭਜੋਤ ਕੌਰ, ਸ: ਗੁਰਮੀਤ ਸਿੰਘ , ਡਾ: ਅਮਰਜੀਤ ਸਿੰਘ ਅਤੇ ਇੰਦਰਜੀਤ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ, ਵਲੋਂ ਢੱਡਰੀਆਂ ਵਾਲਿਆਂ ਨਾਲ ਇਕਲਿਆਂ ਬੈਠ ਕੇ ਵਿਚਾਰ ਵਟਾਂਦਰਾ ਕਰਨ ਲਈ 22 ਨੂੰ ਪਟਿਆਲਾ ਦੇ ਗੁਰਦੁਆਰਾ ਦੂਖ-ਨਿਵਾਰਨ ਸਾਹਿਬ ਦੇ ਮੀਟਿੰਗ ਹਾਲ ਵਿਖੇ ਦੁਪਹਿਰ 12 ਵਜੇ ਪਹੁੰਚਣ ਲਈ ਕਿਹਾ ਹੈ।

Share This Article
Leave a Comment