ਭ੍ਰਿਸ਼ਟਾਚਾਰ ਦੇ ਪਰਛਾਵੇਂ ਹੇਠ ਪੰਜਾਬ

Global Team
4 Min Read

ਜਗਤਾਰ ਸਿੰਘ ਸਿੱਧੂ

ਮੈਨੇਜਿੰਗ ਐਡੀਟਰ

ਪੰਜਾਬ ਵਿਧਾਨਸਭਾ ਦੇ ਬਜਟ ਦੇ ਮੌਕੇ ’ਤੇ ਪੰਜਾਬ ਵਿਚ ਕਿਹੋ ਜਿਹਾ ਮਾਹੌਲ ਬਣਿਆ ਹੋਇਆ ਹੈ? ਇਹ ਮਾਹੌਲ ਪੰਜਾਬ ਦੀ ਰਾਜਸੀ ਲੀਡਰਸ਼ਿਪ ਅਤੇ ਪੰਜਾਬ ਦੇ ਭਵਿੱਖ ਬਾਰੇ ਵੀ ਵੱਡੇ ਸਵਾਲ ਖੜੇ ਕਰਦਾ ਹੈ। ਮਸਾਲ ਵਜੋਂ ਜਿਸ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮੰਤਰੀ ਮੰਡਲ ਮੀਟਿੰਗ ਕਰਕੇ ਤਿੰਨ ਮਾਰਚ ਨੂੰ ਹੋਣ ਜਾ ਰਹੇ ਬਜਟ ਸੈਸ਼ਨ ਦਾ ਫੈਸਲਾ ਲੈ ਰਿਹਾ ਸੀ, ਉਸ ਦਿਨ ਹੀ ਸੀ.ਬੀ.ਆਈ ਵੱਲੋਂ ਪੰਜਾਬ ਭਰ ਵਿਚ 30 ਥਾਵਾਂ ਉਪਰ ਛਾਪੇਮਾਰੀ ਕੀਤੀ ਗਈ ਸੀ। ਮੁੱਦਾ ਇਹ ਸੀ ਕਿ ਐਫ.ਸੀ.ਆਈ ਦੇ ਕਣਕ ਘੁਟਾਲੇ ਨਾਲ ਸੰਬੰਧਿਤ ਦੋਸ਼ੀਆਂ ਦਾ ਪਤਾ ਲਾਉਣਾ ਹੈ। ਇਸ ਤਰ੍ਹਾਂ ਪੰਜਾਬ ਅੰਦਰ ਕਈ ਅਧਿਕਾਰੀਆਂ, ਕਾਰੋਬਾਰੀਆਂ, ਆੜਤੀਆਂ, ਸ਼ੈਲਰ ਮਾਲਕਾਂ ਅਤੇ ਕਈ ਕਿਸਾਨਾਂ ਦੇ ਘਰਾਂ ਅੰਦਰ ਛਾਪੇਮਾਰੀ ਕੀਤੀ ਗਈ। ਬੇਸ਼ੱਕ ਅਧਿਕਾਰਿਤ ਤੌਰ ’ਤੇ ਕੁੱਝ ਵੀ ਸਾਹਮਣੇ ਨਹੀਂ ਆਇਆ ਪਰ ਮੀਡੀਆ ਦੀ ਜਾਣਕਾਰੀ ਮੁਤਾਬਕ ਇਹ ਸਾਰੇ ਛਾਪੇ ਕਣਕ ਘੁਟਾਲੇ ਨਾਲ ਜੁੜੇ ਹੋਏ ਹਨ। ਇਹ ਵੱਖਰੀ ਗੱਲ ਹੈ ਕਿ ਕੁੱਝ ਕਿਸਾਨ ਆਗੂਆਂ ਨੇ ਆਪਣੇ ਬਿਆਨ ਵਿਚ ਕਿਹਾ ਕਿ ਮਾਰਚ ਮਹੀਨੇ ਵਿਚ ਪਾਰਲੀਮੈਂਟ ਦਾ ਕਿਸਾਨਾਂ ਵੱਲੋਂ ਘਿਰਾਓ ਕੀਤਾ ਜਾ ਰਿਹਾ ਹੈ, ਇਸ ਲਈ ਕਿਸਾਨਾਂ ਨੂੰ ਡਰਾਉਣ ਲਈ ਇਹ ਛਾਪੇਮਾਰੀ ਕੀਤੀ ਗਈ। ਕੇਵਲ ਐਨਾਂ ਹੀ ਨਹੀਂ ਇਸੇ ਹੀ ਦਿਨ ਗੈਂਗਸਟਰਾਂ ਅਤੇ ਖਾੜਕੂਆਂ ਦੇ ਆਪਸੀ ਗੱਠਜੋੜ ਦਾ ਪਤਾ ਲਾਉਣ ਲਈ ਕੇਂਦਰੀ ਏੰਜਸੀ ਐਨ.ਆਈ.ਏ ਵੱਲੋਂ ਦੂਜੇ ਰਾਜਾਂ ਸਮੇਤ ਪੰਜਾਬ ਵਿਚ ਵੀ ਕਈ ਠਿਕਾਣਿਆ ਉਪਰ ਛਾਪੇਮਾਰੀ ਕੀਤੀ ਗਈ। ਹੁਣ ਜੇਕਰ ਪੰਜਾਬ ਦੀ ਵਿਜੀਲੈਂਸ ਦੀ ਗੱਲ ਕੀਤੀ ਜਾਵੇ ਤਾਂ ਘੱਟੋ-ਘੱਟ ਅੱਠ ਸਾਬਕਾ ਮੰਤਰੀ ਆਮਦਨ ਸਰੋਤਾਂ ਤੋਂ ਵਧੇਰੇ ਜ਼ਾਇਦਾਤਾਂ ਬਣਾਉਣ ਲਈ ਪੁੱਛਗਿੱਛ ਦੇ ਕਟਿਹਰੇ ਵਿਚ ਹਨ। ਇਹਨਾਂ ਵਿਚੋਂ ਕੁੱਝ ਇਸ ਵੇਲੇ ਜੇਲ੍ਹ ਵਿਚ ਬੈਠੇ ਹਨ ਅਤੇ ਕਈ ਜ਼ਮਾਨਤ ’ਤੇ ਬਾਹਰ ਹਨ। ਇਹ ਸਾਬਕਾ ਮੰਤਰੀ ਪਿਛਲੀ ਕਾਂਗਰਸ ਸਰਕਾਰ ਦੇ ਮੰਤਰੀ ਮੰਡਲ ਵਿਚ ਸਨ ਪਰ ਇਹਨਾਂ ਵਿਚੋਂ ਕਈ ਛਾਲ ਮਾਰ ਕੇ ਭਾਜਪਾ ਵਿਚ ਆ ਚੁੱਕੇ ਹਨ। ਇਹ ਦੱਸਣਾ ਜ਼ਰੂਰੀ ਹੈ ਕਿ ਕਾਂਗਰਸ ਪਾਰਟੀ ਪੰਜਾਬ ਵਿਧਾਨਸਭਾ ਵਿਚ ਮੁੱਖ ਵਿਰੋਧੀ ਧਿਰ ਹੈ। ਇਹੋ ਜਿਹੀ ਸਥਿਤੀ ਵਿਚ ਕਾਂਗਰਸ ਵਿਧਾਇਕ ਦਲ ਕਿਨੀਂ ਮਜ਼ਬੂਤੀ ਨਾਲ ਹਾਕਿਮ ਧਿਰ ਨੂੰ ਪੰਜਾਬ ਦੇ ਮੁੱਦਿਆਂ ਉਪਰ ਘੇਰੇਗਾ, ਇਹ ਆਉਣ ਵਾਲੇ ਦਿਨ ਹੀ ਦੱਸਣਗੇ। ਹਾਕਿਮ ਧਿਰ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਜ਼ੀਰੋ ਟਾਲਰੈਂਸ ਦੀ ਨੀਤੀ ਉਪਰ ਸਰਕਾਰ ਚੱਲ ਰਹੀ ਹੈ। ਇਸ ਦੇ ਵਿਰੋਧ ਵਿਚ ਵਿਰੋਧੀ ਧਿਰ ਦੇ ਆਗੂਆਂ ਦਾ ਕਹਿਣਾ ਹੈ ਕਿ ਆਪ ਦੇ ਦੋ ਸਾਬਕਾ ਮੰਤਰੀਆਂ ਉਪਰ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹੋਏ ਹਨ। ਇੱਕ ਮੌਜ਼ੂਦਾ ਵਿਧਾਇਕ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਆਪ ਵੱਲੋਂ ਦੋਹਰੀ ਨੀਤੀ ਅਪਨਾਈ ਜਾ ਰਹੀ ਹੈ। ਜੇਕਰ ਆਪ ਦੇ ਆਗੂਆਂ ਉਪਰ ਦੋਸ਼ ਲੱਗੇ ਹਨ ਤਾਂ ਉਹਨਾਂ ਆਗੂਆਂ ਬਾਰੇ ਨੀਤੀ ਹੋਰ ਹੈ ਪਰ ਵਿਰੋਧੀ ਧਿਰ ਦੇ ਆਗੂਆਂ ਨਾਲ ਬਦਲੇ ਦੀ ਭਾਵਨਾ ਨਾਲ ਕਾਰਵਾਈ ਕੀਤੀ ਜਾ ਰਹੀ ਹੈ।

 

- Advertisement -

ਸਵਾਲ ਇਹ ਪੈਦਾ ਹੁੰਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿਚ ਨਿਵੇਸ਼ ਸੰਮੇਲਨ ਕਰਨ ਜਾ ਰਹੇ ਹਨ। ਪੰਜਾਬ ਵਿਚ ਜਿਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਦਾ ਬੋਲ-ਬਾਲਾ ਹੈ ਅਤੇ ਅਮਨ-ਕਾਨੂੰਨ ਦੀ ਸਥਿਤੀ ਬਾਰੇ ਰਾਜਪਾਲ ਸਮੇਤ ਕੇਂਦਰੀ ਏੰਜਸੀਆਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ, ਅਜਿਹੀ ਸਥਿਤੀ ਵਿਚ ਸਨਅਤਕਾਰ ਜਾਂ ਹੋਰ ਕਾਰੋਬਾਰੀ ਪੰਜਾਬ ਵੱਲ ਮੂੰਹ ਕਰਨਗੇ? ਇਹ ਸਥਿਤੀ ਅੰਦਰ ਪੰਜਾਬ ਦੀ ਬਿਹਤਰੀ ਲਈ ਮਾਨ ਸਰਕਾਰ ਸਦਨ ਅੰਦਰ ਪੰਜਾਬੀਆਂ ਅੱਗੇ ਕੀ ਰੂਪ ਰੇਖਾ ਪੇਸ਼ ਕਰਦੀ ਹੈ, ਇਸ ਦਾ ਇੰਤਜ਼ਾਰ ਰਹੇਗਾ।

Share this Article
Leave a comment