ਕਿਹੜੀ ਮਾਂ ਦੇ ਹੱਕਾਂ ਦੀ ਗੱਲ ਕਰ ਰਹੇ ਹਨ ਇਹ ਨੌਜਵਾਨ

TeamGlobalPunjab
3 Min Read

ਅਵਤਾਰ ਸਿੰਘ

-ਸੀਨੀਅਰ ਪੱਤਰਕਾਰ

ਕਹਿੰਦੇ ਨੇ ਕਿ ਕੋਈ ਵੀ ਮਾਂ ਬੋਲੀ ਉਦੋਂ ਤਕ ਨਹੀਂ ਮਰਦੀ ਜਦੋਂ ਤਕ ਉਸ ਭਾਸ਼ਾ ਦੇ ਵਾਰਸ ਉਸ ਦੇ ਹੱਕਾਂ ‘ਤੇ ਪਹਿਰਾ ਦਿੰਦੇ ਰਹਿਣ। ਇਸ ਤਰ੍ਹਾਂ ਮਾਂ ਬੋਲੀ ਪੰਜਾਬੀ ਨੂੰ ਕੋਈ ਖ਼ਤਰਾ ਨਹੀਂ ਲੱਗਦਾ ਹੈ। ਦੇਸ਼ ਵਿਦੇਸ਼ ਵਿੱਚ ਵਸਦੇ ਵਾਰਸ ਇਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਹਰ ਵਕਤ ਫ਼ਿਕਰਮੰਦ ਰਹਿੰਦੇ ਹਨ। ਲੇਖਕਾਂ, ਬੁੱਧੀਜੀਵੀਆਂ ਅਤੇ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਹਰ ਵੇਲੇ ਹਾਕਮਾਂ ਦੇ ਕੰਨਾਂ ਤਕ ਇਸ ਨਾਲ ਹੁੰਦੀ ਬੇਇਨਸਾਫ਼ੀ ਦੀ ਆਵਾਜ ਉਠਾਉਂਦੀਆਂ ਰਹਿੰਦੀਆਂ ਹਨ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਿਦਿਆਰਥੀਆਂ ਵਲੋਂ ਇਕ ਨਿਵੇਕਲਾ ਕਾਰਜ ਕੀਤਾ ਗਿਆ। ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ‘ਮੇਲਾ ਮਾਂ ਬੋਲੀਆਂ ਦਾ’ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਭਾਰਤ ਅੰਦਰ ਵੱਖ-ਵੱਖ ਬੋਲੀਆਂ ਬੋਲਦੇ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਗਈ| ਇਸ ਮੇਲੇ ਲਈ ਯੂਨੀਵਰਸਿਟੀ ਦੇ ਸਟੂਡੈਂਟਸ ਸੈਂਟਰ ਨੂੰ ਸੁਚੱਜੇ ਢੰਗ ਨਾਲ ਸਜਾਇਆ ਗਿਆ ਸੀ। ਹੱਥ ਨਾਲ ਤਿਆਰ ਕੀਤੇ ਗਏ ਖੂਬਸੂਰਤ ਪੰਜਾਬੀ ਪੋਸਟਰ ਬਾਬਾ ਫ਼ਰੀਦ ਤੋਂ ਲੈ ਕੇ ਅਜੋਕੇ ਪੰਜਾਬੀ ਸਾਹਿਤਕਾਰਾਂ ਦੀ ਗੈਲਰੀ, ਪੰਜਾਬੀ ਅੱਖਰਕਾਰੀ ਤੇ ਪੰਜਾਬੀ ਸਾਹਿਤ ਦੀ ਸਟਾਲ ਲਾਈ ਗਈ| ਪ੍ਰੋਗਰਾਮ ਵਿੱਚ ਪੰਜਾਬੀ ਸੰਗੀਤ, ਬੁਝਾਰਤਾਂ, ਗੀਤ ਤੇ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆਂ|
ਪੀ.ਐੱਸ.ਯੂ (ਲਲਕਾਰ) ਦੇ ਕਨਵੀਨਰ ਅਮਨਦੀਪ ਨੇ ਦੱਸਿਆ ਕਿ ਅਸਲ ਵਿੱਚ ਭਾਰਤ ਅੰਦਰ ਸੈਂਕੜੇ ਭਾਸ਼ਾਵਾਂ ਬੋਲਣ ਵਾਲੇ ਲੋਕ ਰਹਿੰਦੇ ਹਨ ਪਰ ਕੇਂਦਰ ਤੇ ਸੂਬਾ ਸਰਕਾਰਾਂ ਦੀ ਇਹ 1947 ਤੋਂ ਹੀ ਨੀਤੀ ਰਹੀ ਹੈ ਕਿ ਇਹਨਾਂ ਵੱਖ-ਵੱਖ ਬੋਲੀਆਂ ਨੂੰ ਵਿਕਸਤ ਨਾ ਕੀਤਾ ਜਾਵੇ ਤੇ ਇੱਕ ਦੇਸ਼ ਇੱਕ ਭਾਸ਼ਾ ਦੇ ਸੰਕਲਪ ਨੂੰ ਲਾਗੂ ਕਰਦਿਆਂ ਹਿੰਦੀ-ਅੰਗਰੇਜ਼ੀ ਥੋਪੀ ਜਾਵੇ | ਮੌਜੂਦਾ ਭਾਜਪਾ ਸਰਕਾਰ ਆਉਣ ਮਗਰੋਂ ਇਹ ਏਜੰਡਾ ਹੋਰ ਵੀ ਤੇਜ ਹੋ ਗਿਆ ਹੈ| ਇਸ ਨਾਲ਼ ਭਾਰਤ ਵਿੱਚ ਬੋਲੀਆਂ ਜਾਣ ਵਾਲਿਆਂ ਸੈਂਕੜੇ ਬੋਲੀਆਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ ਕਿਉਂਕਿ ਜਿਆਦਾਤਰ ਬੋਲੀਆਂ ਸਕੂਲੀ ਸਿੱਖਿਆ ਦਾ ਮਾਧਿਅਮ ਵੀ ਨਹੀਂ ਹਨ| ਪੀ.ਐੱਸ.ਯੂ ਵੱਲੋਂ ਲਗਾਤਾਰ ਤਿੰਨ ਹਫ਼ਤਿਆਂ ਤੋਂ ‘ਮਾਂ ਬੋਲੀ ਚੇਤਨਾ ਮੁਹਿੰਮ’ ਚਲਾਈ ਗਈ ਹੈ। ਜਿਸ ਤਹਿਤ ਹਜ਼ਾਰਾਂ ਦੀ ਗਿਣਤੀ ਵਿੱਚ ਪਰਚੇ , ਪੋਸਟਰ ਪੂਰੇ ਪੰਜਾਬ ਵਿੱਚ ਵੰਡੇ ਤੇ 10 ਨਵੰਬਰ ਨੂੰ ਬਠਿੰਡਾ ਵਿੱਚ ਸੂਬਾ ਪੱਧਰੀ ਕਨਵੈਨਸ਼ਨ ਹੋਈ ਸੀ |
ਪੰਜਾਬੀ ਭਾਈਚਾਰੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਨੌਜਵਾਨਾਂ ਦੀ ਇਸ ਸੰਸਥਾ ਵੱਲੋਂ ਪੰਜਾਬੀ ਦੇ ਵਿਕਾਸ ਲਈ ਸੁਝਾਏ ਜਾਂਦੇ ਦੋ ਸੁਝਾਵਾਂ ਨੂੰ ਅਪਣਾਇਆ ਗਿਆ ਅਤੇ ਇਨਾਂ ਨੂੰ ਅਮਲੀ ਰੂਪ ਦੇਣ ਲਈ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ। ਆਉਣ ਵਾਲ਼ੇ ਸਮੇਂ ਵਿੱਚ ਪੰਜਾਬੀ ਬੋਲੀ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਉਣ ਲਈ ਤੇ ਸਰਕਾਰੀ ਪੱਧਰ ‘ਤੇ ਇਸ ਨੂੰ ਲਾਗੂ ਕਰਾਉਣ ਲਈ ਸੰਘਰਸ਼ ਵਿੱਢਿਆ ਜਾਵੇਗਾ | ਪੰਜਾਬੀ ਦੇ ਹੱਕ ਵਿੱਚ ਡਟੇ ਨੌਜਵਾਨਾਂ ਵਲੋਂ ਵਿੱਢਿਆ ਇਹ ਕਾਰਜ ਜ਼ਰੂਰ ਰੰਗ ਲਿਆਏਗਾ।

Share this Article
Leave a comment