Breaking News

ਪੰਜਾਬ ਦੇ ਸਿੱਖਿਆ ਢਾਂਚੇ ਨੇ ਦਿੱਲੀ ਦੇ ਸਿੱਖਿਆ ਮਾਡਲ ਦੀ ਮੁੜ ਕੱਢੀ ਫ਼ੂਕ

-ਗੁਰਦੀਪ ਸਿੰਘ

ਪੰਜਾਬੀਆਂ ਦੀ ਅਕਸਰ ਇਹ ਧਾਰਨਾ ਰਹੀ ਹੈ ਕਿ ਰਾਜਧਾਨੀਆਂ ਨੇ ਵੀ ਕਦੇ ਪੰਜਾਬ ਨੂੰ ਕੁਝ ਦਿੱਤਾ ਹੈ ? ਖ਼ਾਸ ਤੌਰ ‘ਤੇ ਗੱਲ ਜਦੋਂ ਦਿੱਲੀ ਦੀ ਹੋਵੇ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਪੰਜਾਬ ‘ਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਐਂਟਰੀ ਹੋਈ ਹੈ ਤਾਂ ਪਹਿਲੇ ਦਿਨ ਤੋਂ ਹੀ ‘ਆਪ’ ਆਗੂਆਂ ਵੱਲੋਂ ਹਰੇਕ ਖੇਤਰ ਵਿੱਚ, ਖ਼ਾਸ ਤੌਰ ‘ਤੇ ਸਿੱਖਿਆ ਦੇ ਖੇਤਰ ਵਿੱਚ ਦਿੱਲੀ ਮਾਡਲ ਦਾ ਹਵਾਲਾ ਅਕਸਰ ਬੜੇ ਮਾਣ ਨਾਲ ਦਿੱਤਾ ਜਾਂਦਾ ਹੈ। ਪੰਜਾਬ ‘ਚ ਆਪਣੀ ਸਰਕਾਰ ਬਣਾਉਣ ਤੋਂ ਬਾਅਦ ਵੀ ‘ਆਪ ਸਰਕਾਰ’ ਵੱਲੋਂ ਪੰਜਾਬ ਦੇ ਸਿੱਖਿਆ ਢਾਂਚੇ ਨੂੰ ਫ਼ੇਲ੍ਹ ਦੱਸਦੇ ਹੋਏ ਵਾਰ-ਵਾਰ ਦਿੱਲੀ ਦਾ ਸਿੱਖਿਆ ਮਾਡਲ ਥੋਪਣ ਦੀ ਗੱਲ ਕੀਤੀ ਜਾਂਦੀ ਹੈ। ਬੇਸ਼ੱਕ ਪਿਛਲੇ ਸਮੇਂ ਦੇ ਦੌਰਾਨ ਨੈਸ਼ਨਲ ਅਚੀਵਮੈਂਟ ਸਰਵੇਅ (NAS) ਸਮੇਤ ਹੋਰ ਕਈ ਰਾਸ਼ਟਰੀ ਪੱਧਰ ਦੇ ਹੋਏ ਸਰਵੇਖਣਾਂ ਵਿੱਚ ਇਹ ਗੱਲ ਖੁੱਲ੍ਹ ਕੇ ਸਾਹਮਣੇ ਆ ਚੁੱਕੀ ਹੈ ਕਿ ਪੰਜਾਬ ਦਾ ਸਿੱਖਿਆ ਮਾਡਲ ਦਿੱਲੀ ਦੇ ਸਿੱਖਿਆ ਮਾਡਲ ਨਾਲੋਂ ਕਿਤੇ ਜ਼ਿਆਦਾ ਬਿਹਤਰ ਹੈ ਪਰ ‘ਆਪ’ ਆਗੂ ਇਸ ਗੱਲ ਨੂੰ ਹਰਗਿਜ਼ ਮੰਨਣ ਲਈ ਤਿਆਰ ਨਹੀਂ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਦਾ ਸਿੱਖਿਆ ਮਾਡਲ ਹੀ ਬਿਹਤਰ ਹੈ।

ਪਰ ਬੀਤੇ ਦਿਨੀਂ ‘ਯੂਨੀਅਨ ਮਿਨਿਸਟਰੀ ਆਫ਼ ਐਜੂਕੇਸ਼ਨ ਐਂਡ ਨੈਸ਼ਨਲ ਕਾਊਂਸਲ ਆਫ਼ ਐਜੂਕੇਸ਼ਨਲ ਐਂਡ ਰਿਸਰਚ ਟਰੇਨਿੰਗ’ ਯਾਨੀ ਕਿ (NCERT) ਵੱਲੋਂ ਹਾਲ ਹੀ ਵਿੱਚ ਕੀਤੇ ਆਪਣੇ ਤਾਜ਼ਾ ਸਰਵੇਖਣ ਵਿੱਚ ਇੱਕ ਵਾਰ ਫ਼ੇਰ ਇਹ ਐਲਾਨਿਆ ਹੈ ਕਿ ਪੰਜਾਬ ਦਾ ਸਿੱਖਿਆ ਢਾਂਚਾ ਅਤੇ ਸਕੂਲ, ਦਿੱਲੀ ਦੇ ਸਿੱਖਿਆ ਮਾਡਲ ਨਾਲੋਂ ਕਿਤੇ ਜ਼ਿਆਦਾ ਬਿਹਤਰ ਹੈ। ਕੇਂਦਰੀ ਸਿੱਖਿਆ ਮੰਤਰਾਲਿਆ ਵੱਲੋਂ ਇਸੇ ਸਰਵੇਅ ਨਾਲ ਸਬੰਧਿਤ ਬੀਤੇ ਦਿਨੀਂ ਨਸ਼ਰ ਕੀਤੀ ਆਪਣੀ FLS ਯਾਨੀ ਕਿ ਫ਼ਾਉਂਡੇਸ਼ਨ ਲਰਨਿੰਗ ਸਟੱਡੀ 2022 ਦੀ ਰਿਪੋਰਟ ਵਿੱਚ ਸਾਫ਼ ਤੌਰ ‘ਤੇ ਪੰਜਾਬ ਦੇ ਸਿੱਖਿਆ ਢਾਂਚੇ ਨੂੰ ਦਿੱਲੀ ਦੇ ਮੁਕਾਬਲੇ ਕਈ ਗੁਣਾ ਕਾਮਯਾਬ ਅਤੇ ਵਿਕਸਿਤ ਢਾਂਚਾ ਦੱਸਿਆ ਹੈ, ਜੋ ਕਿ ਇੱਕ ਪਾਸੇ ਜਿੱਥੇ ਸਮੁੱਚੇ ਪੰਜਾਬ, ਪੰਜਾਬ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਹਰ ਇਕ ਪੰਜਾਬ ਦੇ ਬਾਸ਼ਿੰਦੇ ਲਈ ਮਾਣਮੱਤੀ ਗੱਲ ਹੈ ਅਤੇ ਦੂਜੇ ਪਾਸੇ ਇਸ ਰਿਪੋਰਟ ਨੇ 4 ਮਹੀਨਿਆਂ ਦੇ ਫ਼ਰਕ ਨਾਲ ਲਗਾਤਾਰ ਦੂਜੀ ਵਾਰ ਦਿੱਲੀ ਦੇ ਸਿੱਖਿਆ ਮਾਡਲ ਦੇ ਦਾਅਵਿਆਂ ਦੀ ਹਵਾ ਕੱਢ ਕੇ ਰੱਖ ਦਿੱਤੀ ਹੈ ਜੋ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਵੱਲੋਂ, ਧੱਕੇ ਨਾਲ ਪੰਜਾਬ ਸਿਰ ਥੋਪਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ।

ਜਿੱਥੋਂ ਤੱਕ ਗੱਲ ਪੰਜਾਬ ਦੇ ਦਿੱਲੀ ਨਾਲੋਂ, ਸਿੱਖਿਆ ਦੇ ਖੇਤਰ ਵਿੱਚ ਅਵਲ ਆਉਣ ਦੀ ਹੈ, ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਰਿਪੋਰਟ ਨੂੰ ਸੌਖੇ ਅਤੇ ਬਿਹਤਰ ਤਰੀਕੇ ਨਾਲ ਸਮਝਿਆ ਜਾਵੇ ਕਿ ਆਖ਼ਿਰ ਪੰਜਾਬ ਲਈ ਇਸ ਰਿਪੋਰਟ ਦੇ ਕਿ ਮਾਅਨੇ ਹਨ। ਇਸ ਰਿਪੋਰਟ ਨੂੰ ਸਮਝਣਾ ਹਰ ਇੱਕ ਪੰਜਾਬੀ ਲਈ ਇਸ ਲਈ ਵੀ ਜ਼ਰੂਰੀ ਹੈ ਕਿ ਜਦ ਕਾਂਗਰਸ ਦੀ ਪਿਛਲੀ ਸਰਕਾਰ ਦੌਰਾਨ, ਜਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ‘ਨੈਸ਼ਨਲ ਅਚੀਵਮੈਂਟ ਸਰਵੇਅ’ ਵਿੱਚ ਵੀ ਪੰਜਾਬ ਨੂੰ ਸਿੱਖਿਆ ਦੇ ਮਾਮਲੇ ਵਿੱਚ ਦੇਸ਼ ਭਰ ਵਿੱਚੋਂ ਪਹਿਲੇ ਨੰਬਰ ਦਾ ਦਰਜਾ ਦਿੱਤਾ ਗਿਆ ਸੀ ਪਰ ਉਸ ਸਮੇਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਆਗੂ ਇਸ ਰਿਪੋਰਟ ਨੂੰ ਮੰਨਣ ਤੋਂ ਮੁਨਕਰ ਹੋ ਗਏ ਸਨ। ਉਹਨਾਂ ਦਾ ਕਹਿਣਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ BJP ਨਾਲ ਦੋਸਤੀ ਹੈ ਜਿਸ ਕਰਕੇ ਉਹਨਾਂ ਨੇ ਕੇਂਦਰ ਪਾਸੋਂ ਪੰਜਾਬ ਨੂੰ ਲਿਹਾਜ਼ਨ ਪਹਿਲੇ ਨੰਬਰ ਦਾ ਦਰਜ ਦਿਵਾ ਲਿਆ ਹੈ। ਪਰ ਹੁਣ ਸਵਾਲ ਇਹ ਹੈ ਕਿ ਹੁਣ ਨਾਂ ਤਾਂ ਪੰਜਾਬ ‘ਚ ਕਾਂਗਰਸ ਦੀ ਸਰਕਾਰ ਹੈ ਤੇ ਨਾਂ ਹੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹਨ , ਹੁਣ ਦੁਬਾਰਾ ਸਿੱਖਿਆ ਦੇ ਮਾਮਲੇ ਵਿੱਚ ਪੰਜਾਬ ਦੁਬਾਰਾ ਦਿੱਲੀ ਤੋਂ ਨੰਬਰ ਤੇ ਕਿਵੈਂ ਆ ਗਿਆ ?

ਆਓ ਇੱਕ ਨਜ਼ਰ ਸਰਵੇਖਣ ਅਤੇ ਇਸ ਦੀ ਰਿਪੋਰਟ ਤੇ ਮਾਰਦੇ ਹਾਂ:

ਦਰਅਸਲ ਇਹ ਸਰਵੇਖਣ NCERT ਵੱਲੋਂ ਦੇਸ਼ ਭਰ ਦੇ ਤੀਸਰੀ ਜਮਾਤ ਦੇ, 7 ਤੋਂ 8 ਸਾਲ ਤੱਕ ਦੇ ਵਿਦਿਆਰਥੀਆਂ ਤੇ ਕੀਤਾ ਗਿਆ। ਜਿਸ ਵਿਚ ਕੁੱਲ 10 ਹਜ਼ਾਰ, ਸੂਬਾ ਅਤੇ ਕੇਂਦਰ ਸਰਕਾਰ ਅਧੀਨ ਆਉਂਦੇ ਸਰਕਾਰੀ ਅਤੇ ਚੋਟੀ ਦੇ ਪ੍ਰਾਈਵੇਟ ਸਕੂਲਾਂ ਦੇ ਕੁੱਲ 86 ਹਜ਼ਾਰ ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿੱਚ ਮੁੱਖ ਤੌਰ ਤੇ ਗਣਿਤ ਅਤੇ ਤਿੰਨ ਮੁੱਖ ਭਾਸ਼ਾਵਾਂ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਬਾਰੇ ਮੁੱਢਲੀ ਜਾਣਕਾਰੀ ਅਤੇ ਹੁਨਰ ਦੇਖਿਆ ਜਾਣਾ ਸੀ।

ਦੇਸ਼ ਭਰ ਵਿੱਚ ਸਰਵੇਖਣ ਹੋਣ ਉਪਰੰਤ ਜਦ ਇਸ ਦੀ ਰਿਪੋਰਟ ਨਸ਼ਰ ਕੀਤੀ ਗਈ ਤਾਂ ਰਿਪੋਰਟ ਵਿੱਚ ਇਹ ਸਾਫ਼ ਤੌਰ ਤੇ ਇਹ ਪਾਇਆ ਗਿਆ ਕਿ ਪੰਜਾਬ ਦੇ ਮੁਕਾਬਲੇ ਦਿੱਲੀ ਦੇ ਵਿਦਿਆਰਥੀਆਂ ਵਿੱਚ, ਇਹਨਾਂ ਵਿਸ਼ਿਆਂ ਨੂੰ ਲੈ ਕੇ ਸਭ ਤੋਂ ਜ਼ਿਆਦਾ ਮੁੱਢਲੀ ਜਾਣਕਾਰੀ ਦੀ ਘਾਟ ਦੇਖਣ ਨੂੰ ਮਿਲੀ ਜਦਕਿ ਪੰਜਾਬ ਦੇ ਵਿਦਿਆਰਥੀਆਂ ਦੀ ਇਹਨਾਂ ਵਿਸ਼ਿਆਂ ‘ਤੇ ਪਕੜ ਨੂੰ ਲੈ ਕੇ ਝੰਡੀ ਰਹੀ।

ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਪੰਜਾਬੀਆਂ ਨੂੰ ਆਮ ਤੌਰ ਤੇ ਅੰਗਰੇਜ਼ੀ ਭਾਸ਼ਾ ਵਿੱਚ ਕਮਜ਼ੋਰ ਸਮਝਿਆ ਜਾਂਦਾ ਹੈ, ਪਰ ਜਦ ਅੰਗਰੇਜ਼ੀ ਵਿਸ਼ੇ ਨੂੰ ਲੈ ਕੇ ਸਰਵੇਖਣ ਕੀਤਾ ਗਿਆ ਤਾਂ ਪੰਜਾਬ ਦੇ 47 ਪ੍ਰਤੀਸ਼ਤ ਵਿਦਿਆਰਥੀ ਹਾਈਐਸਟ ਸੂਚੀ ਵਿੱਚ ਸ਼ਾਮਲ ਹੋਏ ਜਦਕਿ ਦਿੱਲੀ ਦੇ 42 ਪ੍ਰਤੀਸ਼ਤ ਵਿਦਿਆਰਥੀ ਇਸ ਸੂਚੀ ਵਿੱਚ ਸ਼ਾਮਲ ਹੋ ਸਕੇ। ਅੰਗਰੇਜ਼ੀ ਭਾਸ਼ਾ ਦੇ ਮਾਮਲੇ ਵਿੱਚ ਪੰਜਾਬ ਦੇ 4 ਫ਼ੀਸਦੀ ਵਿਦਿਆਰਥੀਆਂ ਵਿੱਚ ਘਾਟ ਦੇਖਣ ਨੂੰ ਮਿਲੀ ਜਦਕਿ ਦਿੱਲੀ ਦੇ 17 ਫ਼ੀਸਦੀ ਵਿਦਿਆਰਥੀ, ਅੰਗਰੇਜ਼ੀ ਭਾਸ਼ਾ ਦੀ ਸਮਝ ਨੂੰ ਲੈ ਕੇ ਕਮਜ਼ੋਰ ਪਾਏ ਗਏ ਜੋ ਕਿ ਪੰਜਾਬ ਦੇ ਮੁਕਾਬਲੇ ਕੁੱਲ 13 ਫ਼ੀਸਦ ਜ਼ਿਆਦਾ ਹੈ।

ਅੰਗਰੇਜ਼ੀ ਤੋਂ ਬਾਅਦ ਗੱਲ ਜੇਕਰ ਹਿੰਦੀ ਭਾਸ਼ਾ ਨੂੰ ਮੂੰਹ-ਜ਼ੁਬਾਨੀ ਪੜ੍ਹਣ ਦੀ ਕੀਤੀ ਜਾਵੇ, ਤਾਂ ਦਿੱਲੀ ਦੇ 26 ਫ਼ੀਸਦ ਵਿਦਿਆਰਥੀਆਂ ਵਿੱਚ ਭਾਸ਼ਾ ਤੇ ਪਕੜ ਅਤੇ ਮੁਢਲੀ ਜਾਣਕਾਰੀ ਨੂੰ ਲੈ ਕੇ ਘਾਟ ਪਾਈ ਗਈ। ਜਦਕਿ ਪੰਜਾਬ ਦੇ ਸਿਰਫ਼ 16 ਫ਼ੀਸਦ ਵਿਦਿਆਰਥੀ ਵਿੱਚ ਹਿੰਦੀ ਭਾਸ਼ਾ ਦੇ ਮਾਮਲੇ ਵਿਚ ਪੰਜਾਬ ਦੇ 47 ਪ੍ਰਤੀਸ਼ਤ ਵਿਦਿਆਥੀਆਂ ਵਿੱਚ ਉੱਚ ਕੋਟਿ ਦਾ ਹੁਨਰ ਦੇਖਣ ਨੂੰ ਮਿਲਿਆ ਜਦਕਿ ਦਿੱਲੀ ਦੇ ਸਿਰਫ਼ 30 ਪ੍ਰਤੀਸ਼ਤ ਵਿਦਿਆਰਥੀਆਂ ਵਿੱਚ, ਜਦਕਿ ਹਿੰਦੀ ਨਾਂ ਸਿਰਫ਼ ਦਿੱਲੀ ਦੀ ਮੁੱਖ ਭਾਸ਼ਾ ਵੱਜੋਂ ਵਿਕਸਿਤ ਹੈ ਬਲਕਿ ਪੰਜਾਬ ‘ਚ ਵੀ ਸਭ ਤੋਂ ਘੱਟ ਬੋਲੀ ਜਾਣ ਵਾਲੀ ਬੋਲੀ ਵੀ ਹੈ।

ਰਿਪੋਰਟ ਵਿੱਚ ਸਾਫ਼ ਤੌਰ ਤੇ ਦੱਸਿਆ ਗਿਆ ਹੈ ਕਿ ਗਣਿਤ ਵਿਸ਼ੇ ਦੇ ਮਾਮਲੇ ਵਿੱਚ ਪੰਜਾਬ ਦੇ 45 ਪ੍ਰਤੀਸ਼ਤ ਵਿਦਿਆਰਥੀਆਂ ਕੋਲ ਮੁੱਢਲੀ ਜਾਣਕਾਰੀ ਮੌਜੂਦ ਹੈ ਜਦਕਿ ਦਿੱਲੀ ਦੇ 41 ਫ਼ੀਸਦ ਵਿਦਿਆਰਥੀਆਂ ਦੀ ਗਣਿਤ ‘ਤੇ ਪਕੜ ਹੈ।

ਗਣਿਤ ਸਮੇਤ ਦਿੱਲੀ ਦੀਆਂ ਮੁੱਖ ਭਾਸ਼ਾਵਾਂ, ਹਿੰਦੀ ਅਤੇ ਅੰਗਰੇਜ਼ੀ, ਜੋ ਕਿ ਪੰਜਾਬ ‘ਚ ਬਹੁਤ ਘੱਟ ਬੋਲੀਆਂ ਜਾਂਦੀਆਂ ਹਨ , ਉਹਨਾਂ ਦੇ ਮਾਮਲੇ ਵਿੱਚ ਵੀ ਪੰਜਾਬ ਦੇ ਵਿਦਿਆਰਥੀਆਂ ਨੇ ਨਾਂ ਸਿਰਫ਼ ਦਿੱਲੀ ਦੇ ਵਿਦਿਅਰਥੀਆਂ ਨਾਲੋਂ ਜ਼ਿਆਦਾ ਸਫ਼ਲ ਪ੍ਰਦਰਸ਼ਨ ਕੀਤਾ ਬਲਕਿ ਇਸ ਗੱਲ ਦੇ ‘ਤੇ ਮੋਹਰ ਵੀ ਲਗਾਈ ਕਿ ਪੰਜਾਬ ਦੇ ਸਿੱਖਿਆ ਢਾਂਚੇ ਨੂੰ ਕਿਸੇ ਹੋਰ ਬਾਹਰੀ ਮਾਡਲ ਦੀ ਲੋੜ ਨਹੀਂ ਹੈ। ਹੁਣ ਇਸ ਮੌਕੇ CM ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਲਈ ਸਵਾਲ ਇਹ ਉੱਠਦਾ ਹੈ ਕਿ ਪੰਜਾਬ ‘ਚ ਸਫਲਤਾਪੂਰਵਕ, ਸਿਖ਼ਰਾਂ ‘ਤੇ ਚੱਲ ਰਹੇ ਸਿੱਖਿਆ ਢਾਂਚੇ ਨੂੰ, ਦਿੱਲੀ ਦੇ ਸਿੱਖਿਆ ਮਾਡਲ ਨਾਲ ਬਦਲਣ ਦੀ ਆਖ਼ਿਰ ਕੀ ਲੋੜ ਹੈ, ਜਿਥੋਂ ਦੇ ਵਿਦਿਆਰਥੀ ਹਰ ਵਿਸ਼ੇ ਵਿੱਚ ਦਿੱਲੀ ਦੇ ਵਿਦਿਆਰਥੀਆਂ ਨਾਲੋਂ ਪਹਿਲੋਂ ਹੀ ਕਈ ਗੁਣਾ ਐ ਡਵਾਂਸ ਹਨ।

Check Also

ਮਨਪ੍ਰੀਤ ਬਾਦਲ ਦੀ ਗ੍ਰਿਫ਼ਤਾਰੀ ਲਈ ਵਿਜੀਲੈਂਸ ਨੇ ਕੱਸਿਆ ਸ਼ਿਕੰਜਾ, 6 ਸੂਬਿਆਂ ‘ਚ ਛਾਪੇਮਾਰੀ

ਚੰਡੀਗੜ੍ਹ:  ਪੰਜਾਬ ਵਿਜੀਲੈਂਸ ਦੀ ਟੀਮ ਵੱਲੋਂ ਭਾਜਪਾ ਨੇਤਾ ਮਨਪ੍ਰੀਤ ਸਿੰਘ ਬਾਦਲ ਖਿਲਾਫ ਵੱਡੀ ਕਾਰਵਾਈ ਕੀਤੀ …

Leave a Reply

Your email address will not be published. Required fields are marked *