ਪੰਜਾਬ ਸਰਕਾਰ ਨੇ ਟੈਕਸ ਚੋਰੀ ਰੋਕਣ ਲਈ ਅਹਿਮ ਕਦਮ ਚੁਕਿਆ ਹੈ। ਪੰਜਾਬ ਸਰਕਾਰ ਨੇ 21 ਅਗਸਤ 2023 ਨੂੰ ‘ਮੇਰਾ ਬਿੱਲ’ ਐਪ ਲਾਂਚ ਕਰਨ ਦੇ ਨਾਲ ‘ਬਿੱਲ ਲਿਆਉ, ਇਨਾਮ ਪਾਉ’ ਸਕੀਮ ਵੀ ਲਾਂਚ ਕੀਤੀ ਹੈ। ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਦਾਅਵਾ ਕੀਤਾ ਸੀ ਕਿ ਇਸ ਨਾਲ ਲੋਕਾਂ ਵਿਚ ਜਾਗਰੂਕਤਾ ਵਧੇਗੀ। ਇਸ ਨਾਲ ਟੈਕਸ ਦੀ ਵਸੂਲੀ ਵੀ ਵਧੇਗੀ ਅਤੇ ਗਾਹਕ ਵੀ ਦੁਕਾਨਦਾਰਾਂ ਤੋਂ ਬਿੱਲ ਵਸੂਲਣ ਲਈ ਪ੍ਰੇਰਿਤ ਹੋਣਗੇ।
10,000 ਰੁਪਏ ਤੱਕ ਦੇ ਇਨਾਮ
ਘੱਟੋ-ਘੱਟ 200 ਰੁਪਏ ਦੀ ਖਰੀਦਦਾਰੀ ਕਰਨ ‘ਤੇ 10,000 ਰੁਪਏ ਤੱਕ ਦੇ ਇਨਾਮ ਦਿੱਤੇ ਜਾਣਦੇ ਹਨ। ਜੇਕਰ ਕੋਈ ਗਾਹਕ 200 ਰੁਪਏ ਦੀ ਕੋਈ ਚੀਜ਼ ਖਰੀਦਦਾ ਹੈ ਤਾਂ ਉਸ ਨੂੰ 1,000 ਤੋਂ ਲੈ ਕੇ ਵੱਧ ਤੋਂ ਵੱਧ 10,000 ਹਜ਼ਾਰ ਰੁਪਏ ਤੱਕ ਦਾ ਇਨਾਮ ਦਿੱਤਾ ਜਾਂਦਾਂ ਹੈ। ਪੰਜਾਬ ਸਰਕਾਰ ਵੱਲੋਂ ਹਰ ਮਹੀਨੇ ਡਰਾਅ ਕੱਢਿਆ ਜਾਂਦਾਂ ਹੈ ਅਤੇ ਡਰਾਅ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ। ਡਰਾਅ ਹਰ ਮਹੀਨੇ ਦੇ ਪਹਿਲੇ ਹਫ਼ਤੇ ਕੱਢਿਆ ਜਾਂਦਾਂ ਹੈ। ਹੁਣ ਤੱਕ ਪੰਜਾਬ ਸਰਕਾਰ ਵੱਲੋਂ 1,51,62,355 ਰੁਪਏ ਦੇ ਇਨਾਮ ਵੰਡੇ ਜਾ ਚੁੱਕੇ ਹਨ।
ਕਿਵੇਂ ਕਰੀਏ ਅਪਲਾਈ
ਗਾਹਕ ਨੂੰ ਮਾਈ ਬਿੱਲ ਐਪ ਵਿਚ ਬਿੱਲ/ਕੈਸ਼ ਮੀਮੋ/ਰਿਟੇਲ ਇਨਵੌਇਸ ਦੇ ਵੇਰਵੇ ਦਰਜ ਕਰਨੇ ਪੈਣਗੇ। ਗਾਹਕ ਨੂੰ ਫੋਟੋ ਦੇ ਨਾਲ ਡੀਲਰ ਦਾ GSTIN, ਡੀਲਰ ਦਾ ਪਤਾ, ਬਿੱਲ ਅਤੇ ਚਲਾਨ ਨੰਬਰ ਅਤੇ ਬਿੱਲ ਅਤੇ ਚਲਾਨ ਦੀ ਰਕਮ ਵੀ ਦਰਜ ਕਰਨੀ ਹੋਵੇਗੀ। ਜਿਸ ਮਹੀਨੇ ਖਰੀਦਦਾਰੀ ਕੀਤੀ ਗਈ ਹੈ, ਉਸ ਮਹੀਨੇ ਐਪ ਵਿਚ ਵੇਰਵੇ ਦਰਜ ਕਰਨੇ ਹੋਣਗੇ, ਤਾਂ ਹੀ ਗਾਹਕ ਇਨਾਮ ਲਈ ਯੋਗ ਹੋਵੇਗਾ।
ਜੇਤੂਆਂ ਦੀ ਸੂਚੀ ਵੈਬਸਾਈਟ ‘ਤੇ ਹੋਵੇਗੀ ਪ੍ਰਦਰਸ਼ਤ
ਇਨਾਮ ਦਾ ਦਾਅਵਾ ਕਰਨ ਦੀ ਪ੍ਰਕਿਰਿਆ ਡਰਾਅ ਕਮੇਟੀ ਦੀ ਮੌਜੂਦਗੀ ਵਿਚ ਇਲੈਕਟ੍ਰਾਨਿਕ ਤਰੀਕੇ ਨਾਲ ਕੀਤੀ ਜਾਵੇਗੀ। ਜੇਤੂਆਂ ਦੀ ਸੂਚੀ ਵੈਬਸਾਈਟ ‘ਤੇ ਪ੍ਰਦਰਸ਼ਤ ਕੀਤੀ ਜਾਵੇਗੀ। ਜੇਤੂਆਂ ਦੇ ਮੋਬਾਈਲ ਫੋਨਾਂ ‘ਤੇ ਸੂਚਨਾ ਭੇਜੀ ਜਾਵੇਗੀ। ਇਨਾਮ ਦਾ ਦਾਅਵਾ ਕਰਨ ਲਈ, ਵਿਜੇਤਾ ਨੂੰ ਅਪਣਾ ਬੈਂਕ ਖਾਤਾ ਨੰਬਰ ਅਤੇ IFSC ਕੋਡ ਐਪ ‘ਤੇ ਅਪਲੋਡ ਕਰਨਾ ਹੋਵੇਗਾ।
- Advertisement -
ਲੋਕਾਂ ਨੂੰ ਟੈਕਸ ਕਾਨੂੰਨਾਂ ਦੀ ਪਾਲਣ ਕਰਨ ਸੂਬੇ ਦੇ ਵਿਕਾਸ ਵਿਚ ਅਹਿਮ ਭਾਈਵਾਲ ਬਣਨ ਦਾ ਸੱਦਾ ਦਿੰਦਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਟੈਕਸ ਦੀ ਪਾਲਣਾ ਕਰਨ ਦਾ ਸੰਦੇਸ਼ ਘਰ-ਘਰ ਤੱਕ ਪਹੁੰਚਾਉਣ ਦੀ ਲੋੜ ਹੈ ਤਾਂ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਮੁੜ ‘ਰੰਗਲਾ ਪੰਜਾਬ ਬਨਾਉਣ’ ਅਤੇ ਸਮਾਜ ਭਲਾਈ ਲਈ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਯੋਜਨਾਵਾਂ ਨੂੰ ਲੋੜੀਂਦੀ ਰਫਤਾਰ ਮਿਲ ਸਕੇ।