ਵੇਰਕਾ ਨੂੰ ਮੰਤਰੀ ਬਣਾਉਣ ‘ਤੇ ਭਗਵੰਤ ਮਾਨ ਕੈਪਟਨ ਵਿਰੁੱਧ ਹੋਇਆ ਔਖਾ-ਭਾਰਾ, ਖੋਲ੍ਹ ‘ਤੇ ਕਈ ਰਾਜ਼?

TeamGlobalPunjab
2 Min Read

ਚੰਡੀਗੜ੍ਹ : ਸੱਤਾਧਾਰੀ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੂੰ ਕੈਬਨਿਟ ਰੈਂਕ ਦਾ ਆਹੁਦਾ ਦਿੱਤੇ ਜਾਣ ‘ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਜੋਰਦਾਰ ਸ਼ਬਦਾਂ ਵਿੱਚ ਵਿਰੋਧ ਕੀਤਾ ਹੈ। ਮਾਨ ਦਾ ਕਹਿਣਾ ਹੈ ਕਿ ਕੈਪਟਨ ਇਹ ਆਹੁਦੇ ਸਿਰਫ ਤੇ ਸਿਰਫ ਆਪਣੀ ਕੁਰਸੀ ਬਚਾਉਣ ਲਈ ਵੰਡ ਰਹੇ ਹਨ। ਉਨ੍ਹਾਂ ਇਸ ‘ਤੇ ਅੱਗੇ ਟਿੱਪਣੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਅਜਿਹਾ ਕਰਕੇ ਉਸ ਖਜ਼ਾਨੇ ਨੂੰ ਤਾਸ਼ ਦੇ ਪੱਤਿਆਂ ਵਾਂਗ ਉਡਾ ਰਹੇ ਹਨ ਜਿਹੜਾ ਲੋਕਾਂ ਦੀ ਭਲਾਈ ਲਈ ਵਰਤਿਆ ਜਾਣਾ ਸੀ।

ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਕਾਂਗਰਸ ਅੰਦਰ ਕੁਝ ਵੀ ਠੀਕ ਨਹੀਂ ਹੈ, ਜਿਸ ਕਾਰਨ ਵਿਧਾਇਕਾਂ ਅਤੇ ਲੀਡਰਾਂ ਨੂੰ ਇਹ ਆਹੁਦਿਆਂ ਦੇ ਲਾਲਚ ਦਿੱਤੇ ਜਾ ਰਹੇ ਹਨ। ਮਾਨ ਅਨੁਸਾਰ ਰਾਜ ਕੁਮਾਰ ਵੇਰਕਾ ਨੂੰ ਕੈਬਨਿਟ ਰੈਂਕ ਦੇ ਮੰਤਰੀ ਵਾਲੀਆਂ ਸਹੂਲਤਾਂ ਦੇ ਕੇ ਕਾਂਗਰਸ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ। ਮਾਨ ਅਨੁਸਾਰ ਜਦੋਂ ਵੀ ਪਾਰਟੀ ਅੰਦਰ ਕੋਈ ਤੂਫ਼ਾਨ ਉੱਠਦਾ ਹੈ ਤਾਂ ਕੈਪਟਨ ਕੈਬਨਿਟ ਮੰਤਰੀਆਂ ਦੇ ਆਹੁਦੇ ਵੰਡਣ ਲੱਗ ਪੈਂਦੇ ਹਨ। ਉਨ੍ਹਾਂ ਕਿਹਾ ਕਿ ਚਲੋ ਮੰਨਿਆ ਕਿ ਸਿੱਧੂ ਵਾਲਾ ਆਹੁਦਾ ਖਾਲੀ ਪਿਆ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਵਜ਼ਾਰਤ ਵਿੱਚ ਪਹਿਲਾਂ ਹੀ 17 ਦੇ ਕਰੀਬ ਕੈਬਨਿਟ ਮੰਤਰੀ ਹਨ।ਇਸ ਲਈ ਇੱਕ ਹੋਰ ਵਿਧਾਇਕ ਨੂੰ ਕੈਬਨਿਟ ਰੈਂਕ ਦੇਣ ਦੀ ਕੀ ਲੋੜ ਪਈ ਸੀ। ਭਗਵੰਤ ਮਾਨ ਅਨੁਸਾਰ ਇਨ੍ਹਾਂ ਮੰਤਰੀਆਂ ਦੀਆਂ ਆਲੀਸ਼ਾਨ ਕਾਰਾਂ ਅਤੇ ਭੱਤਿਆਂ ਦਾ ਸਾਰਾ ਦਾ ਸਾਰਾ ਬੋਝ ਪੰਜਾਬ ਦੇ ਲੋਕਾਂ ਦੇ ਸਿਰ ਪੈ ਰਿਹਾ ਹੈ, ਤੇ ਮੌਜਾਂ ਕਰਨਗੇ ਸੱਤਾਧਾਰੀ ਲੋਕ।

Share this Article
Leave a comment