ਆਹ ਸੀ ਲੁਧਿਆਣਾ ਜੇਲ੍ਹ ਕਾਂਡ ‘ਚ ਘਟਨਾ ਮੌਕੇ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਅਸਲ ਸੱਚ !!

TeamGlobalPunjab
5 Min Read

ਲੁਧਿਆਣਾ – ਬੀਤੇ ਦਿਨੀਂ ਜਦੋਂ ਲੁਧਿਆਣਾ ਦੀ ਕੇਂਦਰੀ ਜੇਲ੍ਹ ਅੰਦਰ ਖੂਨੀ ਜੰਗ ਦੀਆਂ ਖਬਰਾਂ ਬਾਹਰ ਆਈਆਂ ਤਾਂ ਉਨ੍ਹਾਂ ਕੈਦੀਆਂ ਤੇ ਹਵਾਲਾਤੀਆਂ ਦੇ ਪਰਿਵਾਰਾਂ ਦੇ ਕਾਲਜੇ ਮੂੰਹ ਨੂੰ ਆ ਗਏ ਜਿਨ੍ਹਾਂ ਦੇ ਆਪਣੇ ਇਸ ਜੇਲ੍ਹ ਦੀਆਂ ਚਾਰ ਦੀਵਾਰੀਆਂ ਅੰਦਰ ਚਲਦੀਆਂ ਗੋਲੀਆਂ ਦੌਰਾਨ ਬੰਦ ਸਨ। ਉਸ ਵੇਲੇ ਹਰ ਕੋਈ ਰੱਬ ਨੂੰ ਏਹੋ ਅਰਦਾਸ ਕਰ ਰਿਹਾ ਸੀ, ਰੱਬਾ ਖੈਰ ਕਰੀਂ। ਦੋ ਘੰਟੇ ‘ਚ ਸਭ ਕੁਝ ਸ਼ਾਂਤ ਹੋ ਗਿਆ, ਤੇ ਫੇਰ ਸਾਹਮਣੇ ਆਉਂਣੀਆਂ ਸ਼ੁਰੂ ਹੋਈਆਂ ਵੱਖ-ਵੱਖ ਕਹਾਣੀਆਂ। ਅਜਿਹੇ ਵਿੱਚ ਕੁਝ ਵੀਡੀਓ ਵੀ ਵਾਇਰਲ ਹੋਈਆਂ ਜਿਸ ਵਿੱਚ ਰੋਂਦੇ ਕੁਰਲਾਉਂਦੇ ਕੈਦੀ ਤੇ ਹਵਾਲਾਤੀ ਜੇਲ੍ਹ ਦੇ ਹਸਪਤਾਲ ਵਿੱਚ ਖੂਨ ਨਾਲ ਲੱਥ ਪੱਥ ਪਏ ਦਿਖਾਈ ਦਿੱਤੇ। ਕੁੱਲ ਮਿਲਾ ਕੇ ਪੁਲਿਸ ਨੇ ਹੁਣ ਪਰਚਾ ਵੀ ਦਰਜ ਕਰ ਲਿਆ ਹੈ ਤੇ ਹੁਣ ਮਾਹੌਲ ਵੀ ਸ਼ਾਂਤ ਹੈ ਪਰ  ਇਸ ਦੇ ਬਾਵਜੂਦ ਅੱਜ ਹਰ ਕੋਈ ਇਹ ਜਾਣਨ ਨੂੰ ਉਤਾਵਲਾ ਹੈ ਕਿ ਆਖਰ ਜੇਲ੍ਹ ਅੰਦਰ ਅਜਿਹਾ ਕੀ ਹੋਇਆ ਸੀ ਕਿ ਜਿਸ ਨਾਲ ਕੈਦੀ ਭੜਕ ਗਏ ਤੇ ਪੁਲਿਸ ਨੇ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ ? ਚਲੋ ਅਸੀਂ ਤੁਹਾਨੂੰ ਦੱਸਦੇ ਹਾਂ ਘਟਨਾ ਵਾਲੇ ਦਿਨ ਦਾ ਉਹ ਸੱਚ ਜਿਸ ਨੂੰ ਜਾਣ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ।

ਜੇਲ੍ਹ ਅਧਿਕਾਰੀਆਂ ਅਤੇ ਅਦਰੂਨ ਸੂਤਰਾਂ ਦੀ ਗੱਲ ਨੂੰ ਜੇਕਰ ਸੱਚ ਮੰਨੀਏ ਤਾਂ ਇਹ ਸਾਰਾ ਕਾਂਡ ਜੇਲ੍ਹ ਅੰਦਰ ਬੰਦ ਉਨ੍ਹਾਂ ਦੋ ਗੈਂਗਸਟਰਾਂ ਵੱਲੋਂ ਕੀਤਾ ਗਿਆ ਸੀ ਜਿਨ੍ਹਾਂ ਨੂੰ ਗੁਰਦਾਸਪੁਰ ਜੇਲ੍ਹ ਅੰਦਰ 24 ਮਾਰਚ 2017 ਨੂੰ ਏਸੇ ਤਰ੍ਹਾਂ ਦਾ ਹੰਗਾਮਾ ਕਰਨ ਤੋਂ ਬਾਅਦ ਲੁਧਿਆਣਾ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਸੀ। ਉਹ ਦੋ ਕੈਦੀ ਹਨ ਬਿੰਨੀ ਗੁੱਜਰ ਗੈਂਗ ਦੇ ਭੁਪਿੰਦਰ ਸਿੰਘ ਉਰਫ ਭਿੰਦਾ ਤੇ ਹਰਵਿੰਦਰ ਸਿੰਘ ਉਰਫ ਹਿੰਦਾ। ਇਨ੍ਹਾਂ ਦੋਵਾਂ ‘ਤੇ ਦੋਸ਼ ਹੈ ਕਿ ਇਨ੍ਹਾਂ ਨੇ ਇਹ ਸਾਰਾ ਕਾਂਡ ਜੇਲ੍ਹ ਵਿੱਚੋਂ ਭੱਜਣ ਲਈ ਕੀਤਾ ਸੀ। ਕੁਲ ਮਿਲਾ ਕੇ ਜੇਕਰ ਗੱਲ ਦੀ ਤਹਿ ਵੱਲ ਜਾਈਏ ਤਾਂ ਪਤਾ ਲੱਗਦਾ ਹੈ ਕਿ ਸੰਦੀਪ ਸੂਦ ਉਰਫ਼ ਸਨੀ ਨਾਮਕ ਕੈਦੀ ਦੀ ਜੇਲ੍ਹ ਵਿੱਚੋਂ ਸਹੀ ਇਲਾਜ਼ ਨਾ ਮਿਲਣ ਕਾਰਨ ਹੋਈ ਮੌਤ ਦੇ ਦੋਸ਼ਾਂ ਨੂੰ ਇਨ੍ਹਾਂ ਦੋਵਾਂ ਗੈਂਗਸਟਰਾਂ ਨੇ ਹਥਿਆਰ ਵਾਂਗ ਵਰਤਿਆ ਤੇ ਭਿੰਦਾ ਅਤੇ ਹਿੰਦਾ ਨੇ ਇਹ ਸੂਚਨਾ ਮਿਲਦਿਆਂ ਹੀ ਆਪਣੇ ਨਾਲ 17 ਹੋਰ ਕੈਦੀਆਂ ਤੇ ਹਵਾਲਾਤੀਆਂ ਨੂੰ ਰਲਾ ਲਿਆ। ਜੇਲ੍ਹ ਵਿੱਚੋਂ ਕੈਦੀਆਂ ਦੀ ਬੰਦੀ ਖੁੱਲ੍ਹਦਿਆਂ ਹੀ ਇਨ੍ਹਾਂ ਲੋਕਾਂ ਨੇ ਆਪਣੇ ਸਾਥੀ ਕੈਦੀ ਨੂੰ ਜੇਲ੍ਹ ਵਾਲਿਆਂ ਵੱਲੋਂ ਮਾਰ ਦੇਣ ਦੀ ਗੱਲ ਫੈਲਾਅ ਕੇ ਉੱਥੇ ਡਰ ਅਤੇ ਗੁੱਸੇ ਵਾਲਾ ਮਾਹੌਲ ਤਿਆਰ ਕਰ ਲਿਆ । ਜਿਸ ਤੋਂ ਬਾਅਦ ਜਜ਼ਬਾਤ ‘ਚ ਆਏ ਬਾਕੀ ਕੈਦੀ ਵੀ ਇਨ੍ਹਾਂ ਦੇ ਨਾਲ ਹੋ ਤੁਰੇ ਤੇ ਦਰਜਨਾਂ ਦੀ ਗਿਣਤੀ ਵਿੱਚ ਕੈਦੀਆਂ ਤੇ ਹਵਾਲਾਤੀਆਂ ਨੇ ਭੜਕ ਕੇ ਪਹਿਲਾਂ ਲੁਧਿਆਣਾ ਜੇਲ੍ਹ ਦੇ ਉਸ ਰਿਕਾਰਡਰੂਮ ਨੂੰ ਅੱਗ ਲਗਾਈ ਜਿੱਥੇ ਚਾਰ ਮੁਲਾਜਮ ਕੰਮ ਕਰ ਰਹੇ ਸਨ। ਦੋਸ਼ ਹੈ ਕਿ ਇਨ੍ਹਾਂ ਕੈਦੀਆਂ ਨੇ ਇਨ੍ਹਾਂ ਚਾਰਾਂ ਮੁਲਾਜਮਾਂ ਨੂੰ ਉੱਥੇ ਸਾੜ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਮੌਕੇ ਤੇ ਮੌਜੂਦ ਕੈਦੀਆਂ, ਹਵਾਲਾਤੀਆਂ ਤੇ ਮੁਲਾਜਮਾਂ ਨੇ ਮੌਤ ਦੇ ਮੂੰਹ ਵਿੱਚੋਂ ਬਾਹਰ ਕੱਢਿਆ।

ਜਾਣਕਾਰੀ ਮੁਤਾਬਿਕ ਅੱਖਾਂ ਵਿੱਚ ਖੂਨ ਲਈ ਫਿਰ ਰਹੇ ਇਨ੍ਹਾਂ ਕੈਦੀਆਂ ਨੇ ਜੇਲ੍ਹ ਵਿੱਚ ਕੁੱਲ ਸੱਤ ਸਿਲੰਡਰਾਂ ਨੂੰ ਅੱਗ ਲਾਈ ਤੇ ਬਲਦਾ-ਬਲਦਾ ਇੱਕ ਸਿਲੰਡਰ ਜੇਲ੍ਹ ਸੁਪਰਡੈਂਟ ਦੀ ਗੱਡੀ ਹੇਠ ਰੱਖ ਦਿੱਤਾ ਜਿਸ ਨਾਲ ਉਹ ਗੱਡੀ ਧੂ-ਧੂ ਕੇ ਸੜ੍ਹ ਗਈ। ਇਸ ਤੋਂ ਬਾਅਦ ਇਹ ਖੂੰਖਾਰ ਕੈਦੀਆਂ ਦੀ ਭੀੜ ਜੇਲ੍ਹ ਦੀ ਫੈਕਟਰੀ ਤੇ ਰਸੋਈ ਵਿੱਚ ਜਾ ਵੜ੍ਹੀ ਜਿੱਥੇ ਕੰਮ ਕਰ ਰਹੇ ਕੈਦੀਆਂ ਨੇ ਦੌੜ ਕੇ ਦਰਵਾਜੇ ਬੰਦ ਕਰ ਲਏ ਤੇ ਜਿਆਦਾ ਨੁਕਸਾਨ ਹੋਣੋ ਬਚ ਗਿਆ। ਸੂਤਰਾਂ ਅਨੁਸਾਰ ਇਨ੍ਹਾਂ ਕੈਦੀਆਂ ਨੇ ਜੇਲ੍ਹ ਅੰਦਰ ਕੁੱਲ ਇਕ ਦਰਜਨ ਥਾਵਾਂ ਤੇ ਸਾੜ-ਫੂਕ ਕਰਨ ਦੇ ਨਾਲ-ਨਾਲ ਜੇਲ੍ਹ ਅੰਦਰ ਲੱਗੇ ਸਾਰੇ ਸੀਸੀਟੀਵੀ ਕੈਮਰੇ ਤੋੜ ਦਿੱਤੇ। ਇਸ ਦੌਰਾਨ ਪੁਲਿਸ ਫੋਰਸ ਤੇ ਜੇਲ੍ਹ ਮੁਲਾਜਮਾਂ ਨੇ ਰਲ ਕੇ ਇਸ ਹਿੰਸਕ ਭੀੜ ਉੱਤੇ ਕਾਬੂ ਪਾਉਣ ਲਈ ਪਹਿਲਾਂ ਹੰਝੂ ਗੈਸ ਦੇ ਗੋਲੇ ਸੁੱਟੇ ਤੇ ਫੇਰ ਹਵਾਈ ਫਾਇਰ ਕੀਤੇ, ਤੇ ਜਦੋਂ ਮੂੰਹ ਤੇ ਕੱਪੜਾ ਬੰਨ੍ਹੀ ਇਨ੍ਹਾਂ ਕੈਦੀਆਂ ਨੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ ਤੇ ਅੱਗ ਲਾਉਣ  ਤੋਂ ਇਲਾਵਾ ਭੰਨ-ਤੋੜ ਦੀਆਂ ਘਟਨਾਵਾਂ ਵੱਧਣ ਲੱਗੀਆਂ ਤਾਂ ਪੁਲਿਸ ਨੂੰ ਗੋਲੀ ਚਲਾਉਣੀ ਪਈ। 

ਪੁਲਿਸ ਅਨੁਸਾਰ ਇਸ ਦੌਰਾਨ ਗੋਲੀਆਂ ਲੱਗਣ ਨਾਲ ਪੰਜ ਕੈਦੀ ਜਖਮੀ ਹੋਏ ਤੇ ਇਕ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਜੇਲ੍ਹ ਵਿਭਾਗ ਦਾ ਇਕ ਡੀਐਸਪੀ ਤੇ ਚਾਰ ਪੁਲਿਸ ਵਾਲੇ ਵੀ ਫੱਟੜ ਹੋਏ। ਹੁਣ ਪੁਲਿਸ ਨੇ ਜਿੱਥੇ ਇਸ ਕਾਂਡ ਵਿੱਚ ਸ਼ਾਮਿਲ ਕੁਲ 20 ਕੈਦੀਆਂ ‘ਤੇ ਕੇਸ ਦਰਜ ਕੀਤਾ ਹੈ ਉੱਥੇ ਦੂਜੇ ਪਾਸੇ ਜੇਲ੍ਹ ਵਿਭਾਗ ਨੇ ਇਸ ਪੂਰੇ ਘਟਨਾਕ੍ਰਮ ਦੌਰਾਨ ਬਹਾਦਰੀ ਦਿਖਾਉਣ ਵਾਲੇ ਜੇਲ੍ਹ ਮੁਲਾਜਮਾਂ, ਅਧਿਕਾਰੀਆਂ ਤੇ ਮਦਦਗਾਰ ਕੈਦੀਆਂ ਦਾ 5-5 ਹਾਜ਼ਰ ਰੁਪਏ ਨਗਦ ਰਾਸ਼ੀ ਦੇਕੇ ਸਨਮਾਨ ਕਰਨ ਦਾ ਵੀ ਐਲਾਨ ਕੀਤਾ ਹੈ । ਇੱਧਰ ਜੇਕਰ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੀ ਗੱਲ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਕੈਦੀਆਂ ਨੇ ਹੰਗਾਮਾ ਕੀਤਾ ਹੈ ਉਹ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਸਖਤੀ ਤੋਂ ਪ੍ਰੇਸ਼ਾਨ ਸਨ ਕਿਉਂਕਿ ਜੇਲ੍ਹ ਪ੍ਰਸ਼ਾਸਨ ਉਨ੍ਹਾਂ ਕੈਦੀਆਂ ਨੂੰ ਮਨਮਰਜੀ ਨਾਲ ਜੇਲ੍ਹ ਅੰਦਰ ਘੁੰਮਣ ਦੀ ਇਜਾਜ਼ਤ ਨਹੀਂ ਦਿੰਦਾ ਸੀ।      

- Advertisement -

Share this Article
Leave a comment