ਸੁਖਬੀਰ ਅਤੇ ਚੰਦੂਮਾਜਰਾ ਦੀ ਚੰਡੀਗੜ੍ਹ ਮੀਟਿੰਗ, ਢੀਂਡਸਾ ਵਿਰੁੱਧ ਬਿਆਨ ਤੋਂ ਨਾਂਹ ਕਾਰਨ ਪ੍ਰੇਸ਼ਾਨੀ

TeamGlobalPunjab
6 Min Read

ਜਗਤਾਰ ਸਿੰਘ ਸਿੱਧੂ

ਲੜੀ ਜੋੜਨ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ

ਪੰਜਾਬ ‘ਚ ਸੰਕਟ ਲਈ ਜ਼ਿੰਮੇਵਾਰ ਧਿਰਾਂ ਹੁਣ ਛੁਣਛੁਣਿਆਂ ਦੀ ਰਾਜਨੀਤੀ ‘ਤੇ ਉਤਰ…..

- Advertisement -

 

ਚੰਡੀਗੜ੍ਹ : ਅਸਲ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਤੋਂ ਪੰਜਾਬੀਆਂ ‘ਚ ਪੈਦਾ ਹੋਈ ਨਿਰਾਸ਼ਤਾ ਦਾ ਫਾਇਦਾ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਲਾ ਅਕਾਲੀ ਦਲ ਉਠਾਉਣ ਦੀ ਕੋਸ਼ਿਸ਼ ਤਾਂ ਕਰ ਰਿਹਾ ਹੈ ਪਰ ਇਨ੍ਹਾਂ ਯਤਨਾਂ ਦੇ ਬਾਵਜੂਦ ਅਕਾਲੀ ਦਲ ਨੂੰ ਹੁੰਗਾਰਾ ਨਹੀਂ ਮਿਲ ਰਿਹਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਅਕਾਲੀ ਦਲ ਦੇ ਕੱਦਾਵਰ ਆਗੂਆਂ ਵੱਲੋਂ ਲਗਾਤਾਰ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਘਟਨਾਕ੍ਰਮ ਦੀ ਸਭ ਤੋਂ ਤਾਜ਼ਾ ਮਿਸਾਲ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਵਿਰੁੱਧ ਮੀਡੀਆ ‘ਚ ਦਿੱਤੇ ਬਿਆਨਾਂ ਤੋਂ  ਯੂਟਰਨ ਲੈਣਾ ਹੈ। ਕੁਝ ਦਿਨ ਪਹਿਲਾਂ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਨਾਂ ਹੇਠਾਂ ਮੀਡੀਆ ‘ਚ ਬਿਆਨ ਜਾਰੀ ਹੋਇਆ ਸੀ।

ਇਸ ਬਿਆਨ ‘ਚ ਢੀਂਡਸਾ ਆਗੂਆਂ ਦੀ ਸਖਤ ਭਾਸ਼ਾ ‘ਚ ਆਲੋਚਨਾ ਕੀਤੀ ਗਈ ਸੀ। ਇਸ ਬਿਆਨ ਦੇ ਅਗਲੇ ਹੀ ਦਿਨ ਪ੍ਰੋ. ਚੰਦੂਮਾਜਰਾ ਨੇ ਮੀਡੀਆ ਨੂੰ ਹੀ ਬਿਆਨ ਦਿੱਤਾ ਕਿ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਬਾਰੇ ਪਾਰਟੀ ਵੱਲੋਂ ਜਾਰੀ ਬਿਆਨ ਉਸ ਕੋਲੋਂ ਪੁੱਛ ਕੇ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਢੀਂਡਸਾ ਵੱਲੋਂ ਵਰਤੀ ਸ਼ਬਦਾਵਲੀ ਵੀ ਸਹੀ ਨਹੀਂ ਹੈ। ਇਹ ਪਹਿਲਾਂ ਮੌਕਾ ਹੈ ਜਦੋਂ ਪ੍ਰੋ. ਚੰਦੂਮਾਜਰਾ ਨੇ ਪਾਰਟੀ ਦੀ ਇਸ ਕਾਰਵਾਈ ਦੀ ਮੀਡੀਆ ‘ਚ ਆਲੋਚਨਾ ਕੀਤੀ। ਉਸੇ ਹੀ ਦਿਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ‘ਚ ਬਿਜਲੀ ਦਰਾਂ ਦੇ ਵਾਧੇ ਵਿਰੁੱਧ ਰਾਜਪਾਲ ਪੰਜਾਬ ਨੂੰ ਮੰਗ ਪੱਤਰ ਦਿੱਤਾ ਗਿਆ। ਪ੍ਰੋ. ਚੰਦੂਮਾਜਰਾ ਮੰਗ ਪੱਤਰ ਦੇਣ ਵਾਲੇ ਵਫਦ ‘ਚ ਸ਼ਾਮਲ ਸਨ। ਚੰਡੀਗੜ੍ਹ ਦੇ ਮੀਡੀਆ ਨੇ ਉਸ ਮੌਕੇ ‘ਤੇ ਪ੍ਰੋ. ਚੰਦੂਮਾਜਰਾ ਨੂੰ ਸੁਆਲ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਸੁਖਬੀਰ ਬਾਦਲ ਉਸ ਨੂੰ ਆਪਣੇ ਨਾਲ ਹੀ ਗੱਡੀ ‘ਚ ਬਿਠਾ ਕੇ ਲੈ ਗਿਆ।

ਅਕਾਲੀ ਦਲ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਰਾਜਪਾਲ ਨੂੰ ਮੰਗ ਪੱਤਰ ਦੇਣ ਵਾਲੇ ਦਿਨ ਹੀ ਸੁਖਬੀਰ ਬਾਦਲ ਨੇ ਪ੍ਰੋ. ਚੰਦੂਮਾਜਰਾ ਨਾਲ ਮੀਟਿੰਗ ਕਰਕੇ ਕਿਹਾ ਕਿ ਉਸ ਦੇ ਬਿਆਨ ਨਾਲ ਪਾਰਟੀ ਦੀ ਸਥਿਤੀ ਲੋਕਾਂ ‘ਚ ਖਰਾਬ ਹੋਈ ਹੈ। ਪਤਾ ਲੱਗਾ ਹੈ ਕਿ ਸੁਖਬੀਰ ਬਾਦਲ, ਪ੍ਰੋ. ਚੰਦੂਮਾਜਰਾ ਵੱਲੋਂ ਢੀਂਡਸਾ ਵਿਰੁੱਧ ਬਿਆਨ ਦੇਣ ਤੋਂ ਪਿੱਛੇ ਹਟਣ ਨਾਲ ਅੰਦਰੋਂ ਅੰਦਰ ਪ੍ਰੇਸ਼ਾਨ ਸਨ। ਪਰ ਮੌਜੂਦਾ ਸਥਿਤੀ ‘ਚ ਪ੍ਰੋ. ਚੰਦੂਮਾਜਰਾ ਨਾਲ ਕੋਈ ਨਵਾਂ ਵਿਵਾਦ ਨਹੀਂ ਖੜ੍ਹਾ ਕਰਨਾ ਚਾਹੁੰਦੇ ਸਨ। ਸ਼ਾਇਦ ਸੁਖਬੀਰ ਬਾਦਲ ਵੱਲੋਂ ਪ੍ਰਧਾਨ ਬਣਨ ਬਾਅਦ ਇਹ ਪਹਿਲਾਂ ਮੌਕਾ ਸੀ ਜਦੋਂ ਉਸ ਨੂੰ ਕਿਸੇ ਪਾਰਟੀ ਮਾਮਲੇ ‘ਤੇ ਸਬਰ ਦਾ ਘੁੱਟ ਭਰਨਾ ਪਿਆ। ਇੱਕ ਪਾਸੇ ਤਾਂ ਸੁਖਬੀਰ ਬਾਦਲ ਤੇ ਉਸ ਦੇ ਸਾਥੀ ਪਾਰਟੀ ਅੰਦਰ ਅਨੁਸ਼ਾਸਨ ਦੇ ਮੁੱਦੇ ‘ਤੇ ਢੀਂਡਸਾ ਪਰਿਵਾਰ ਵਿਰੁੱਧ ਕਾਰਵਾਈ ਨੂੰ ਸਹੀ ਠਹਿਰਾ ਰਹੇ ਹਨ ਪਰ ਦੂਜੇ ਪਾਸੇ ਪ੍ਰੋ. ਚੰਦੂਮਾਜਰਾ ਵੱਲੋਂ ਮੀਡੀਆ ‘ਚ ਪਾਰਟੀ ਦੇ ਕੰਮ ਕਰਨ ਦੇ ਢੰਗ ਦੀ ਸ਼ਰੇਆਮ ਆਲੋਚਨਾ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਇੱਕ ਵਾਰ ਸੁਖਦੇਵ ਸਿੰਘ ਢੀਂਡਸਾ ਨੇ ਵੀ ਪਾਰਟੀ ਵੱਲੋਂ ਬਗੈਰ ਪੁੱਛੇ ਉਨ੍ਹਾਂ ਦੇ ਨਾਂ ਹੇਠ ਜਾਰੀ ਕੀਤੇ ਬਿਆਨ ‘ਤੇ ਇਤਰਾਜ਼ ਉਠਾਇਆ ਸੀ। ਅਕਾਲੀ ਦਲ ਅੰਦਰ ਹੋਰ ਵੀ ਅਜਿਹੇ ਨੇਤਾ ਹਨ ਜਿਹੜੇ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਟਕਸਾਲੀਆਂ ਬਾਰੇ ਸਖਤ ਬਿਆਨ ਦੇਣ ਦੇ ਬਾਵਜੂਦ ਖੁੱਲ੍ਹ ਕੇ ਢੀਂਡਸਾ ਪਰਿਵਾਰ ਵਿਰੁੱਧ ਮੈਦਾਨ ‘ਚ ਨਹੀਂ ਆ ਰਹੇ।

- Advertisement -

ਉਂਝ ਵੀ ਸੁਖਬੀਰ ਬਾਦਲ ਦਾ ਇਹ ਪੁਰਾਣਾ ਫਾਰਮੂਲਾ ਬਹੁਤਾ ਕਿਸੇ ਨੂੰ ਸਹਿਮਤ ਨਹੀਂ ਕਰਵਾ ਸਕਦਾ ਕਿ ਜੋ ਵੀ ਪਾਰਟੀ ਛੱਡ ਕੇ ਜਾਂਦਾ ਹੈ, ਉਹ ਕਾਂਗਰਸ ਦਾ ਪਿੱਠੂ ਹੈ। ਅਜਿਹੇ  ਦੋਸ਼ਾਂ ਨਾਲ ਤਾਂ ਅਕਾਲੀ ਦਲ ਦੀ ਹੋਂਦ ਹੀ ਖਤਰੇ ‘ਚ ਪੈ ਜਾਂਦੀ ਹੈ ਕਿ ਅਕਾਲੀ ਦਲ ਦੀਆਂ ਸੀਨੀਅਰ ਪੁਜੀਸ਼ਨਾਂ ‘ਚ ਕਾਂਗਰਸ ਦੇ ਪਿੱਠੂ ਦਹਾਕਿਆਂ ਤੱਕ ਕਿਵੇਂ ਬੈਠੇ ਰਹੇ? ਕਦੇ ਇਹ ਦੋਸ਼ ਵੱਡੇ ਬਾਦਲ ਨਾਲੋਂ ਵੱਖ ਹੋਣ ਵੇਲੇ ਜਥੇਦਾਰ ਗੁਰਚਰਨ ਸਿੰਘ ਟੌਹੜਾ ‘ਤੇ ਬਾਦਲਾਂ ਵੱਲੋਂ ਲਾਏ ਗਏ ਸਨ। ਪ੍ਰੋ. ਚੰਦੂਮਾਜਰਾ ਉਸ ਵੇਲੇ ਜਥੇਦਾਰ ਟੌਹੜਾ ਨਾਲ ਸਨ ਤੇ ਉਨ੍ਹਾਂ ਨੂੰ ਇਸ ਬਾਰੇ ਸਭ ਕੁਝ ਭਲੀਭਾਂਤ ਪਤਾ ਹੈ। ਸ਼ਾਇਦ ਇਸੇ ਲਈ ਜਦੋਂ ਪ੍ਰੋ. ਚੰਦੂਮਾਜਰਾ ਦੇ ਨਾਂ ਹੇਠ ਢੀਂਡਸਾ ‘ਤੇ ਕਾਂਗਰਸ ਨਾਲ ਮਿਲੇ ਹੋਣ ਦਾ ਦੋਸ਼ ਲਾਇਆ ਗਿਆ ਤਾਂ ਪ੍ਰੋ. ਚੰਦੂਮਾਜਰਾ ਨੂੰ ਇਸ ਦੋਸ਼ ਦੀ ਪੀੜ ਇਸ ਤਰ੍ਹਾਂ ਮਹਿਸੂਸ ਹੋਈ ਜਿਵੇਂ ਪੋਹ ਦੇ ਮਹੀਨੇ ‘ਚ ਕਿਸੇ ਪੁਰਾਣੀ ਸੱਟ ਦੀ ਚੀਸ ਰਾਤ ਨੂੰ ਸੌਂਣ ਨਹੀਂ ਦਿੰਦੀ।

ਹੁਣ ਦਿੱਲੀ ‘ਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਪ੍ਰੋ. ਚੰਦੂਮਾਜਰਾ ਨਾਲ ਉਨ੍ਹਾਂ ਦੀ ਦਿੱਲੀ ਸਥਿਤ ਰਹਾਇਸ਼ ‘ਤੇ ਮੁਲਾਕਾਤ ਕੀਤੀ ਹੈ। ਮੀਡੀਆ ਨੂੰ ਬੇਸ਼ਕ ਪ੍ਰੋ. ਚੰਦੂਮਾਜਰਾ ਨੇ ਕਿਹਾ  ਹੈ ਕਿ ਮਨਜੀਤ ਸਿੰਘ ਅਚਾਨਕ ਹੀ ਆਏ ਹਨ। ਪਰ ਇਨ੍ਹਾਂ ਦਿਨਾਂ ‘ਚ ਅਚਾਨਕ ਅਜਿਹੀਆਂ ਮੁਲਾਕਾਤਾਂ ਬਾਦਲਾਂ ਦੀ ਨੀਂਦ ਉਡਾ ਸਕਦੀਆਂ ਹਨ। ਦੂਜੇ ਪਾਸੇ ਸੁਖਦੇਵ ਸਿੰਘ ਢੀਂਡਸਾ ਤੇ ਦੂਜੇ ਟਕਸਾਲੀ ਆਗੂ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ‘ਤੇ ਲਗਾਤਾਰ ਹਮਲੇ ਕਰ ਰਹੇ ਹਨ ਤੇ ਪੰਥਕ ਮੁੱਦਿਆਂ ‘ਤੇ ਘੇਰ ਰਹੇ ਹਨ। ਇਸ ਲਈ ਆਉਣ ਵਾਲੇ ਦਿਨ ਜਿੱਥੇ ਸੁਖਬੀਰ ਬਾਦਲ ਦੀ ਲੀਡਰਸ਼ਿਪ ਲਈ ਚੁਣੌਤੀ ਵਾਲੇ ਹਨ ਉੱਥੇ ਇਹ ਵੇਖਣਾ ਹੋਵੇਗਾ ਕਿ ਬਾਗੀ ਤੇ ਟਕਸਾਲੀ ਆਗੂਆਂ ਨੂੰ ਕਿੰਨਾ ਕੁ ਹੁੰਗਾਰਾ ਮਿਲਦਾ ਹੈ।

Share this Article
Leave a comment