ਵੋਟ ਤੇ ਤੋਹਫ਼ੇ – ਅਕਾਲੀਆਂ ਦੇ 200 ਯੂਨਿਟ, ਆਪ ਦੇ 300 ਯੂਨਿਟ ਤੇ ਕਾਂਗਰਸ ਦੇ ਕਿੰਨ੍ਹੇ ਹੋਣਗੇ!

TeamGlobalPunjab
6 Min Read

-ਬਿੰਦੂ ਸਿੰਘ;

ਪੰਜਾਬ ‘ਚ ਹੋਣ ਵਾਲੀਆਂ ਚੋਣਾਂ ਦਾ ਸਮਾਂ ਜਿਵੇਂ-ਜਿਵੇਂ ਨੇੜੇ ਆ ਰਿਹਾ ਹੈ ਪੰਜਾਬ ਦੀ ਸਿਆਸਤ ਨੇ ਵੀ ਲਗਾਤਾਰ ਕਰਵਟਾਂ ਲੈਣੀਆਂ ਸ਼ੁਰੂ ਕਰ ਦਿਤੀਆਂ ਹਨ। ਅਜੇ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਨੂੰ ਲਗਭਗ ਸੱਤ-ਅੱਠ ਮਹੀਨੇ ਬਾਕੀ ਹਨ ਪਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੇ ਚੰਡੀਗੜ੍ਹ ਦੇ ਦੌਰੇ ਦੌਰਾਨ ਪੰਜਾਬ ਦੇ ਲੋਕਾਂ ਨਾਲ ਉਹਨਾਂ ਦੀ ਪਾਰਟੀ ਦੀ ਸਰਕਾਰ ਆਉਣ ‘ਤੇ ਦਿੱਤੀ ਜਾਣ ਵਾਲੀ ਪਹਿਲੀ ਗਰੰਟੀ ਦੇਣ ਦਾ ਕਰਾਰ ਕਰ ਦਿੱਤਾ। ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਦੌਰਾਨ ਬੋਲਦੇ ਹੋਏ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨਾਲ ‘ਬਿਜਲੀ ਬਿੱਲਾਂ ਤੇ ਮੁਫ਼ਤ ਬਿਜਲੀ’ ਬਾਰੇ ਕੁਝ ਨੁੱਕਤੇ ਸਾਂਝੇ ਕੀਤੇ ਜਿਸ ਨਾਲ ਸੂਬੇ ਦੇ ਲੋਕਾਂ ਨੂੰ ਸੁੱਖ ਦਾ ਸਾਹ ਆਉਣ ਦੀ ਗਰੰਟੀ ਵੀ ਦਿੱਤੀ। ਇਸ ਪਿੱਛੇ ਕੇਜਰੀਵਾਲ ਨੇ ਦਿੱਲੀ ਵਿੱਚ ਉਹਨਾਂ ਦੀ ਸਰਕਾਰ ਵਲੋਂ 200 ਯੂਨਿਟ ਤੱਕ ਬਿਜਲੀ ਲੋਕਾਂ ਨੂੰ ਮੁਫਤ ਮੁਹੱਈਆ ਕਰਵਾਉਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਕੇ ਵਖਾਉਣ ਦਾ ਉਧਾਰਣ ਦਿੱਤਾ। ਓਹਨਾਂ ਜ਼ੋਰ ਦੇ ਕੇ ਕਿਹਾ ਇਸੇ ਤਰਜ਼ ‘ਤੇ 2022 ਦੀਆਂ ਪੰਜਾਬ ਵਿਧਾਨਸਭਾ ਚੋਣਾਂ ‘ਚ ਜੇ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਦੇ ਹਰੇਕ ਪਰਿਵਾਰ ਨੂੰ 300 ਯੂਨਿਟ ਬਿਜਲੀ ਬਿਲਕੁਲ ਮੁਫਤ ਦਿੱਤੀ ਜਾਵੇਗੀ। ਪਰ ਇਹ ਵੀ ਸਾਫ ਕਰ ਦਿੱਤਾ ਕਿ 301 ਯੂਨਿਟ ਬਿਜਲੀ ਖੱਪਤ ਹੋਣ ਤੇ ਦਿੱਲੀ ਫਾਰਮੂਲੈ ਵਾਂਗ ਹੀ ਪੂਰਾ 301 ਯੂਨਿਟ ਦਾ ਬਿੱਲ ਹੀ ਭਰਨਾ ਪਵੇਗਾ।

ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਇਹ ਗੱਲ ਵੀ ਕਹੀ ਕਿ ਪੰਜਾਬ ‘ਚ 24 ਘੰਟੇ ਬਿਜਲੀ ਵੀ ਦਿੱਤੀ ਜਾਵੇਗੀ, ਪਰ ਇਸ ਦੇ ਲਈ 3 ਤੋਂ 4 ਸਾਲ ਦਾ ਸਮਾਂ ਲੱਗੇਗਾ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਲੋਕਾਂ ਦੇ ਜੋ ਬਿਜਲੀ ਦੇ ਬਿੱਲ ਬਕਾਇਆ ਹੋਣਗੇ ਉਹ ਮੁਆਫ ਕਰ ਦਿੱਤੇ ਜਾਣਗੇ। ਇੰਝ ਲਗਦਾ ਜਿਵੇਂ ਕੇਜਰੀਵਾਲ ਨੇ ਸਮੇਂ ਤੋਂ ਕੁਝ ਪਹਿਲਾਂ ਹੀ ਪੰਜਾਬ ਦੀ ਧਰਤੀ ‘ਤੇ ਪੰਜਾਬੀਆਂ ਨੂੰ ਇਹ ਚੋਣ ਵਾਅਦਿਆਂ ‘ਚ ਦਿੱਤੀਆਂ ਜਾਣ ਵਾਲੀਆਂ ਗਰੰਟੀਆਂ ਦਾ ਪਟਾਰਾ ਖੋਲਣਾ ਸ਼ੁਰੂ ਕਰ ਦਿੱਤਾ ਹੈ। ਉਧਰ ਵਿਰੋਧੀ ਧਿਰਾਂ ‘ਚੋਂ ਸਭ ਤੋਂ ਪਹਿਲਾਂ ਅਕਾਲੀ ਦਲ ਨੇ ਕੇਜਰੀਵਾਲ ਦੇ ਇਸ ਗਰੰਟੀ ਪਲਾਨ ਨੂੰ ਫੋਕਾ ਅਤੇ ਝੂਠਾ ਦੱਸਿਆ ਹੈ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਢੇ ਚਾਰ ਸਾਲ ਬਾਅਦ ਪੰਜਾਬ ਆਏ ਹਨ ਅਤੇ ਹੁਣ ਵਿਧਾਨ ਸਭਾ ਚੋਣਾਂ ਦੇ ਨੇੜੇ ਆਉਂਦਿਆਂ ਹੀ ਝੂਠੇ ਵਾਅਦਿਆਂ ਦੀ ਪੰਡ ਲੈ ਕੇ ਆਏ ਹਨ। ਅਕਾਲੀ ਆਗੂਆਂ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ‘ਚ 200 ਯੁਨਿਟ ਬਿਜਲੀ ਬੀ.ਪੀ.ਐੱਲ. ਦਲਿਤ ਓ.ਬੀ.ਸੀ. ਅਤੇ ਆਜ਼ਾਦੀ ਦੀ ਲੜਾਈ ‘ਚ ਹਿੱਸਾ ਪਾਉਣ ਵਾਲੇ ਕ੍ਰਾਂਤੀਕਾਰੀ ਪਰਿਵਾਰਾਂ ਦੇ ਲਈ ਪਹਿਲੇ ਤੋਂ ਹੀ ਦਿੱਤੀ ਜਾ ਰਹੀ ਹੈ ਉਧਰ ਦਿੱਲੀ ‘ਚ ਵੀ ਲੋਕਾਂ ਨੂੰ ਮੁਫ਼ਤ ਬਿਜਲੀ ਦੀ ਕੋਈ ਖਾਸ ਰਾਹਤ ਨਹੀਂ ਮਿਲੀ।

ਉਨ੍ਹਾਂ ਨੇ ਕਿਹਾ ਕਿ ਜੇਕਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ‘ਚ ਬਿਜਲੀ ਸਮਝੌਤਿਆਂ ਨੂੰ ਸਹੀ ਤਰਤੀਬ ਦੇ ਦਿੰਦੇ ਤਾਂ ਇੰਡਸਟਰੀ ਅਤੇ ਦੁਕਾਨਦਾਰਾਂ ਨੂੰ ਬਿਜਲੀ ਦੇ ਭਾਰੀ ਬਿੱਲਾਂ ਤੋਂ ਜ਼ਰੂਰ ਰਾਹਤ ਮਿਲ ਗਈ ਹੁੰਦੀ। ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਕੇਜਰੀਵਾਲ ਘੱਟੋ-ਘੱਟ ਇਹ ਗੱਲ ਤਾਂ ਮੰਨਦੇ ਹਨ ਕਿ ਪੰਜਾਬ ‘ਚ ਬਿਜਲੀ ਸਰਪਲਸ ਹੈ ਉਨ੍ਹਾਂ ਨੇ ਕਿਹਾ ਕਿ ਦਿੱਲੀ ‘ਚ ਫੇਲ ਹੋਈ ਨੀਤੀ ਅਤੇ ਆਪਣਾ ਮਾਡਲ ਨੂੰ ਕੇਜਰੀਵਾਲ ਪੰਜਾਬ ‘ਚ ਲਾਗੂ ਕਰਨਾ ਚਾਹੁੰਦੇ ਹਨ। ਇਸ ਤਰੀਕੇ ਦੇ ਨਾਲ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੇ ਬਿਜਲੀ ਗਰੰਟੀ ਪਲਾਨ ਨੂੰ ਇੱਕ ਛਲਾਵਾ ਦੱਸਿਆ।

- Advertisement -

ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਝੂਠ ਦਾ ਪੁਲੰਦਾ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਬਿਆਨ ਕੁਝ ਹੋਰ ਅਤੇ ਉਸ ਦਾ ਨਤੀਜਾ ਕੁਝ ਹੋਰ ਹੈ। ਬਾਦਲ ਨੇ ਕਿਹਾ ਕਿ 300 ਯੂਨਿਟ ਮਾਫ ਕਰਨ ਦੀ ਗੱਲ ਤੋਂ ਬਾਅਦ ਇਹ ਸਪਸ਼ਟ ਹੁੰਦਾ ਹੈ ਕਿ 301 ਯੁਨਿਟ ਹੋਣ ‘ਤੇ ਪਹਿਲੇ 300 ਯੂਨਿਟਾਂ ਦੇ ਵੀ ਪੈਸੇ ਦੇਣੇ ਪੈਣਗੇ ਤਾਂ ਆਮ ਆਦਮੀ ਦੇ ਨਾਲ ਇਸ ‘ਤੇ ਧੱਕਾ ਹੋਵੇਗਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਕਹਿੰਦੇ ਹਨ ਕਿ ਬਿਜਲੀ ਪੰਜਾਬ ‘ਚ ਸਸਤੀ ਦਵਾਂਗੇ। ਪੰਜਾਬ ਨਾਲੋਂ ਵੱਧ ਦਿੱਲੀ ‘ਚ ਕਮਰਸ਼ੀਅਲ ਅਤੇ ਇੰਡਸਟਰੀ ਦੇ ਭਾਰੀ ਬਿੱਲ ਦਿੱਲੀ ਦੇ ਲੋਕਾਂ ਨੂੰ ਭੁਗਤਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕੇਜਰੀਵਾਲ ਦਿੱਲੀ ‘ਚ ਬਿਜਲੀ ਸਸਤੀ ਕਰੇ ਫਿਰ ਪੰਜਾਬ ਦੀ ਗੱਲ ਕਰੇ ਨਹੀਂ ਤਾਂ ਪੰਜਾਬ ਦੇ ਲੋਕ ਝੂਠੇ ਲਾਰਿਆਂ ‘ਚ ਇਸ ਵਾਰ ਨਹੀਂ ਆਉਣਗੇ, ਪਹਿਲਾਂ ਵੀ ਮੌਜੂਦਾ ਪੰਜਾਬ ਦੀ ਕਾਂਗਰਸ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਸਨ ਜੋ ਹੁਣ ਤਕ ਪੂਰੇ ਨਹੀਂ ਹੋਏ।

ਜ਼ਿਕਰਯੋਗ ਹੈ ਕਿ ਅਜੇ ਚੋਣਾਂ ਨੂੰ ਕੁਝ ਸਮਾਂ ਪਿਆ ਹੈ ਅਤੇ ਹਰੇਕ ਸਿਆਸੀ ਪਾਰਟੀ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੀ ਵਿਖਾਈ ਦੇਵੇਗੀ ਪਰ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਚੋਣਾਂ ਨੇੜੇ ਆਉਣ ‘ਤੇ ਹੀ ਸਿਆਸੀ ਪਾਰਟੀਆਂ ਦਾ ਮੁਫ਼ਤ ਸਕੀਮਾਂ ਰਾਹੀਂ ਲੋਕਾਂ ‘ਚ ਜਾ ਕੇ ਵੋਟਾਂ ਮੰਗਣ ਦਾ ਤਰੀਕਾ ਕੋਈ ਨਵਾਂ ਨਹੀਂ ਹੈ। ਜਿੱਥੇ ਇੱਕ ਪਾਸੇ ਅਕਾਲੀ ਦਲ ਨੇ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਸ਼ੁਰੂ ਕੀਤੀਆਂ ਸਕੀਮਾਂ ਦੇ ਕਸੀਦੇ ਪੜ੍ਹੇ ਉੱਥੇ ਹੀ ਅਜੇ ਤੱਕ ਸੱਤਾਧਾਰੀ ਪਾਰਟੀ ਨੇ ਇਸ ਮਾਮਲੇ ‘ਚ ਕੋਈ ਘੋਸ਼ਣਾ ਨਹੀਂ ਕੀਤੀ ਹੈ। ਪਰ ਲਗਦਾ ਹੈ ਕਿ ਸ਼ਾਇਦ ਆਮ ਆਦਮੀ ਪਾਰਟੀ ਨੇ ਇਹ ਘੋਸ਼ਣਾ ਸਮੇਂ ਤੋਂ ਕੁਝ ਪਹਿਲਾਂ ਹੀ ਕਰ ਦਿੱਤੀ ਹੈ ।ਜੇਕਰ ਆਉਣ ਵਾਲੇ ਦਿਨਾਂ ਚ ਕਾਂਗਰਸ ਵੀ ਇਸ ਮਸਲੇ ਤੇ ਵੱਡੀ ਘੋਸ਼ਣਾ ਕਰ ਦਿੰਦੀ ਹੈ ਫਿਰ ਆਮ ਆਦਮੀ ਪਾਰਟੀ ਦਾ ਰਵੱਈਆ ਕੀ ਹੋਵੇਗਾ? ਸਵਾਲ ਇਹ ਵੀ ਉਠਦਾ ਹੈ ਕਿ ਆਮ ਲੋਕਾਂ ਨੂੰ ਅਸਲ ‘ਚ ਕੋਈ ਫਾਇਦਾ ਹੋਵੇਗਾ ਜਾਂ ਨਹੀਂ ? ਹਾਲ ਦੀ ਘੜੀ ਤਾਂ ਇਹੋ ਲੱਗਦਾ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਇੱਕ ਦੂਜੇ ਦੀ ਪਿੱਠ ਲਵਾਉਣ ‘ਤੇ ਉਤਾਰੂ ਹਨ।

Share this Article
Leave a comment