ਅਕਾਲੀ ਦਲ ਤੇ ਭਾਜਪਾ ਕੋਲੋਂ ਖੁੱਸੀਆਂ ਜਲਾਲਾਬਾਦ ਅਤੇ ਫਗਵਾੜਾ ਦੀਆਂ ਸੀਟਾਂ

TeamGlobalPunjab
3 Min Read

ਅਵਤਾਰ ਸਿੰਘ

-ਸੀਨੀਅਰ ਪੱਤਰਕਾਰ

ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਜਲਾਲਾਬਾਦ, ਫਗਵਾੜਾ, ਦਾਖਾ ਅਤੇ ਮੁਕੇਰੀਆਂ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਆ ਗਏ ਹਨ। 21 ਅਕਤੂਬਰ ਨੂੰ ਪਈਆਂ ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਸਵੇਰੇ ਅੱਠ ਵਜੇ ਹੋਣੀ ਸ਼ੁਰੂ ਹੋਈ ਅਤੇ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਈ। ਪੰਜਾਬ ਦੀਆਂ ਜ਼ਿਮਨੀ ਚੋਣਾਂ ਕਾਂਗਰਸ, ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਲਈ ਵਕਾਰ ਦਾ ਸਵਾਲ ਬਣੀਆਂ ਹੋਈਆਂ ਸਨ। ਇਹਨਾਂ ਚੋਣਾਂ ਨੇ ਕਈ ਵੱਡੀਆਂ ਹਸਤੀਆਂ ਦਾ ਸਿਆਸੀ ਭਵਿੱਖ ਤੈਅ ਕੀਤਾ ਹੈ। ਹਲਕਾ ਦਾਖਾ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਸੰਦੀਪ ਸਿੰਘ ਸੰਧੂ ਚੋਣ ਹਾਰ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੇ 66297 ਵੋਟਾਂ ਲੈ ਕੇ ਜਿੱਤ ਹਾਸਿਲ ਕਰ ਲਈ। ਕਾਂਗਰਸ ਦੇ ਸੰਦੀਪ ਸੰਧੂ ਨੂੰ 51625 ਵੋਟਾਂ ਮਿਲੀਆਂ ਅਤੇ ਆਮ ਆਦਮੀ ਪਾਰਟੀ ਦੇ ਅਮਨਦੀਪ ਸਿੰਘ ਮੋਹੀ ਨੂੰ ਕੇਵਲ 2804 ਵੋਟਾਂ ‘ਤੇ ਸਬਰ ਕਰਨਾ ਪਿਆ। ਦਾਖਾ ਸੀਟ ਅਕਾਲੀ ਦਲ ਤੇ ਕਾਂਗਰਸ ਲਈ ਕਾਫੀ ਵਕਾਰੀ ਬਣੀ ਹੋਈ ਸੀ। ਮੁੱਖ ਮੰਤਰੀ ਨੇ ਇਥੇ ਦੋ ਵਾਰ ਰੋਡ ਸ਼ੋਅ ਵੀ ਕੱਢਿਆ ਸੀ। ਇਹ ਸੀਟ ਆਮ ਆਦਮੀ ਪਾਰਟੀ ਦੇ ਐੱਚ ਐੱਸ ਫੂਲਕਾ ਦੇ ਅਸਤੀਫਾ ਦੇਣ ਕਾਰਨ ਖਾਲੀ ਹੋਈ ਸੀ।
ਮੁਕੇਰੀਆਂ ਸੀਟ ਤੋਂ ਕਾਂਗਰਸ ਦੀ ਇੰਦੂ ਬਾਲਾ ਨੇ ਜਿੱਤ ਹਾਸਿਲ ਕੀਤੀ। ਇੰਦੂ ਬਾਲਾ ਨੂੰ 53910, ਭਾਜਪਾ ਦੇ ਜੰਗੀ ਲਾਲ ਮਹਾਜਨ ਨੂੰ 50470 ਅਤੇ ਆਮ ਆਦਮੀ ਪਾਰਟੀ ਦੇ ਗੁਰਧਿਆਨ ਸਿੰਘ ਮੁਲਤਾਨੀ ਨੂੰ 8261 ਵੋਟਾਂ ਮਿਲੀਆਂ। ਭਾਜਪਾ ਦਾ ਇਸ ਸੀਟ ਲਈ ਵਕਾਰ ਦਾਅ ‘ਤੇ ਲੱਗਿਆ ਹੋਇਆ ਸੀ। ਵਿਧਾਨ ਸਭਾ ਹਲਕਾ ਮੁਕੇਰੀਆਂ ਤੋਂ ਕਾਂਗਰਸ ਦੇ ਵਿਧਾਇਕ ਰਜਨੀਸ਼ ਬੱਬੀ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ। ਕਾਂਗਰਸ ਵੱਲੋਂ ਆਪਣੇ ਉਮੀਦਵਾਰ ਦੇ ਤੌਰ ‘ਤੇ ਬੱਬੀ ਦੀ ਪਤਨੀ ਇੰਦੂ ਬਾਲਾ ਨੂੰ ਉਤਾਰਿਆ ਗਿਆ ਸੀ।
ਹਲਕਾ ਫਗਵਾੜਾ ਤੋਂ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਜੇਤੂ ਰਹੇ ਹਨ। ਬਲਵਿੰਦਰ ਸਿੰਘ ਧਾਲੀਵਾਲ ਨੂੰ 49215 ਵੋਟਾਂ , ਭਾਜਪਾ ਦੇ ਰਾਜੇਸ਼ ਬੱਗਾ ਨੂੰ 23099, ਆਮ ਆਦਮੀ ਪਾਰਟੀ ਦੇ ਸੰਤੋਸ਼ ਕੁਮਾਰ ਨੂੰ 2910, ਬਸਪਾ ਦੇ ਭਗਵਾਨ ਦਾਸ ਨੂੰ 15990 ਵੋਟਾਂ ਮਿਲੀਆਂ।
ਫਗਵਾੜੇ ਤੋਂ ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਦੇ ਲੋਕ ਸਭਾ ਚੋਣ ਲੜਨ ਤੋਂ ਬਾਅਦ ਇਹ ਹਲਕਾ ਵੀ ਆਪਣੇ ਵਿਧਾਇਕ ਤੋਂ ਸੱਖਣਾ ਹੋ ਗਿਆ ਸੀ। ਇਨ੍ਹਾਂ ਨਤੀਜਿਆਂ ਦੌਰਾਨ ਇਹ ਸੀਟ ਭਾਜਪਾ ਦੇ ਹੱਥੋਂ ਚਲੀ ਗਈ ਹੈ।
ਜਲਾਲਾਬਾਦ ਤੋਂ ਕਾਂਗਰਸੀ ਉਮੀਦਵਾਰ ਰਮਿੰਦਰ ਸਿੰਘ ਆਂਵਲਾ ਜੇਤੂ ਰਹੇ। ਰਮਿੰਦਰ ਸਿੰਘ ਆਂਵਲਾ ਨੇ 76098 ਵੋਟਾਂ ਲਈਆਂ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਡਾ. ਰਾਜ ਸਿੰਘ ਡਿੱਬੀਪੁਰਾ ਨੂੰ 59465 ਅਤੇ ਆਮ ਆਦਮੀ ਪਾਰਟੀ ਦੇ ਮਹਿੰਦਰ ਸਿੰਘ ਕਚੂਰਾ ਨੂੰ 11301 ਵੋਟਾਂ ਮਿਲੀਆਂ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਲੋਕ ਸਭਾ ਚੋਣ ਲੜ ਕੇ ਸੰਸਦ ‘ਚ ਜਾਣ ਮਗਰੋਂ ਇਹ ਸੀਟ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਹੱਥੋਂ ਖੁੱਸ ਗਈ ਹੈ। ਪੰਜਾਬ ਦੀਆਂ ਇਹਨਾਂ ਚੋਣਾਂ ਨੇ ਕਾਫੀ ਕੁਝ ਤੈਅ ਕਰ ਦਿੱਤਾ ਹੈ। ਜ਼ਿਮਨੀ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਵਲੋਂ ਖਾਤਾ ਨਾ ਖੋਲ੍ਹ ਸਕਣ ਤੋਂ ਸਾਫ ਨਜ਼ਰ ਆਉਂਦਾ ਹੈ ਕਿ ਭਾਜਪਾ ਲਈ ਅਜੇ ‘ਦਿੱਲੀ ਦੂਰ’ ਹੈ। ਅਕਾਲੀ ਦਲ ਨੇ ਵੀ ਜੋ ਸੋਚਿਆ ਸੀ ਸਭ ਕੁਝ ਉਸ ਦੇ ਉਲਟ ਹੋ ਗਿਆ। ਇਸ ਤੋਂ ਸਿੱਧ ਹੁੰਦਾ ਹੈ ਕਿ ਵੋਟਰ ਸਿਆਣਾ ਹੈ।

Share this Article
Leave a comment