ਹੁਸ਼ਿਆਰਪੁਰ: ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਵੋਟਾਂ ਪੈ ਚੁੱਕੀਆ ਹਨ ਤੇ ਹੁਣ 10 ਮਾਰਚ ਨੂੰ ਨਤੀਜੇ ਆਉਣੇ ਹਨ। ਜਿੱਥੇ ਇੱਕ ਪਾਸੇ 20 ਫਰਵਰੀ ਨੂੰ ਪੂਰਾ ਪੰਜਾਬ ਲੋਕਤੰਤਰ ਦਾ ਸਭ ਤੋਂ ਵੱਡਾ ਵੋਟਾਂ ਦਾ ਤਿਉਹਾਰ ਮਨਾ ਰਿਹਾ ਸੀ। ਉੱਥੇ ਹੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਦੋ ਅਜਿਹੇ ਪਿੰਡ ਵੀ ਹਨ, ਜਿਨ੍ਹਾਂ ਵੱਲੋਂ ਵੋਟਾਂ ਦਾ ਪੂਰੀ ਤਰ੍ਹਾਂ ਬਾਈਕਾਟ ਕਰਦਿਆਂ ਹੋਇਆ ਸਰਕਾਰ ਅਤੇ ਹੁਸ਼ਿਆਰਪੁਰ ਪ੍ਰਸ਼ਾਸਨ ਦਾ ਰੱਜ ਕੇ ਪਿੱਟ ਸਿਆਪਾ ਕੀਤਾ ਗਿਆ ਜੋ ਕਿ ਹੁਣ ਤੱਕ ਵੀ ਜਾਰੀ ਹੈ।
ਮਾਮਲਾ ਇਹ ਹੈ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਅਖੀਰਲੇ ਦੋ ਪਿੰਡ ਰਸੂਲਪੁਰ ਅਤੇ ਬਸਿਆਲਾ ਤੇ ਪਿੰਡ ਵਾਸੀਆਂ ਵੱਲੋਂ ਆਪਣੀ ਇੱਕ ਅਹਿਮ ਮੰਗ ਨੂੰ ਲੈ ਕੇ ਵੋਟਾਂ ਦਾ ਬਾਈਕਾਟ ਕੀਤਾ ਗਿਆ ਤੇ ਸਪੱਸ਼ਟ ਸ਼ਬਦਾਂ ‘ਚ ਕਿਹਾ ਗਿਆ ਸੀ ਕਿ ਜਦੋਂ ਤੱਕ ਸਰਕਾਰ ਅਤੇ ਪ੍ਰਸ਼ਾਸਨ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਕਰਦੇ ਉਦੋਂ ਤੱਕ ਉਹ ਵੋਟਾਂ ਨਹੀਂ ਪਾਉਣਗੇ ਤੇ ਆਪਣੀਆਂ ਇਨ੍ਹਾਂ ਮੰਗਾਂ ਨੂੰ ਲੈ ਕੇ ਦੋਵੇਂ ਪਿੰਡਾਂ ਦੇ ਵਸਨੀਕਾਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੋ ਕਿ ਅੱਜ 19ਵੇਂ ਦਿਨ ਚ ਦਾਖਲ ਹੋ ਗਿਆ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਨੂੰ ਇੱਕ ਰੇਲਵੇ ਫਾਟਕ ਲੱਗਦਾ ਹੈ ਜੋ ਕਿ ਪਿਛਲੇ ਤਿੰਨ ਸਾਲਾਂ ਤੋਂ ਸਰਕਾਰ ਵੱਲੋਂ ਬੰਦ ਕਰਵਾ ਦਿੱਤਾ ਗਿਆ। ਜਿਸ ਕਾਰਨ ਪਿੰਡ ਵਾਸੀਆਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਆਪਣੀਆਂ ਇਨ੍ਹਾਂ ਮੰਗਾਂ ਨੂੰ ਲੈ ਕੇ ਉਹ ਕਈ ਵਾਰ ਸਰਕਾਰੀ ਦਰਬਾਰੇ ਪਹੁੰਚ ਕਰ ਚੁੱਕੇ ਹਨ, ਪਰ ਉਨ੍ਹਾਂ ਦੀ ਸਮੱਸਿਆ ਜਿਉਂ ਦੀ ਤਿਉਂ ਹੀ ਬਰਕਰਾਰ ਹੈ।
ਆਉਣ ਵਾਲੇ ਕੁਝ ਦਿਨਾਂ ‘ਚ ਪਿੰਡ ਵਾਸੀਆਂ ਨੇ ਹੁਸ਼ਿਆਰਪੁਰ ਚੰਡੀਗੜ੍ਹ ਮੇਨ ਰੋਡ ਨੂੰ ਬੰਦ ਕਰ ਕੇ ਆਪਣਾ ਸੰਘਰਸ਼ ਹੋਰ ਵੀ ਤਿੱਖਾ ਕੀਤਾ ਕਰਨ ਦਾ ਐਲਾਨ ਕੀਤਾ। ਹੁਣ ਵੇਖਣਾਂ ਹੋਵੇਗਾ ਕਿ ਪ੍ਰਸ਼ਾਸ਼ਨ ਪਿੰਡ ਵਾਸੀਆਂ ਦੀਆਂ ਮੰਗਾ ਕਦੋਂ ਤੱਕ ਮੰਨਦਾ ਹੈ।