ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;
ਪੰਜਾਬ ਅੰਦਰ ਲੋਕ ਸਭਾ ਚੋਣ ਨੂੰ ਲੈ ਕੇ ਰਾਜਸੀ ਘਮਸਾਨ ਚੋਣ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਪੈ ਗਿਆ ਹੈ। ਸੂਬੇ ਦੀਆਂ ਸਾਰੀਆਂ ਵੱਡੀਆਂ ਧਿਰਾਂ ਖੁੱਲ ਕੇ ਮੈਦਾਨ ਵਿੱਚ ਆ ਗਈਆਂ ਹਨ। ਜਿਥੇ ਪਾਰਟੀਆਂ ਵਲੋਂ ਉਮੀਦਵਾਰਾਂ ਦੀ ਸੀਟਾਂ ਲਈ ਪੁਣਛਾਣ ਸ਼ੁਰੂ ਹੋ ਗਈ ਹੈ, ਉਥੇ ਜਨਤਕ ਰੈਲੀਆਂ ਵੀ ਸ਼ੁਰੂ ਹੋ ਗਈਆਂ ਹਨ। ਪਾਰਟੀਆਂ ਦੇ ਕੌਮੀ ਆਗੂ ਪੰਜਾਬ ਦੇ ਗੇੜੇ ਮਾਰ ਰਹੇ ਹਨ ਅਤੇ ਜਨਤਕ ਇੱਕਠਾਂ ਨੂੰ ਵੀ ਸੰਬੋਧਨ ਕਰ ਰਹੇ ਹਨ।
ਜੇਕਰ ਪੰਜਾਬ ਦੀ ਹਾਕਮ ਧਿਰ ਦੀ ਗੱਲ ਕੀਤੀ ਜਾਵੇ ਤਾਂ ਮੁਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਸਰਗਰਮੀ ਨਾਲ ਵਿਚਰ ਰਹੇ ਹਨ ਅਤੇ ਹੁਣ ਸਰਕਾਰ ਲੋਕਾਂ ਦੇ ਦੁਆਰ ਸਬ ਡਵੀਜਨ ਪੱਧਰ ਉੱਪਰ ਪ੍ਰੋਗਰਾਮ ਸ਼ੁਰੂ ਕੀਤਾ ਹੈ। ਲੋਕਾਂ ਦੀਆਂ ਮੁਸ਼ਕਲਾਂ ਦਾ ਮੌਕੇ ਉੱਪਰ ਹੀ ਨਿਪਟਾਰਾ ਕੀਤਾ ਜਾ ਰਿਹਾ ਹੈ।
ਆਪ 10 ਅਤੇ 11 ਫਰਵਰੀ ਨੂੰ ਮਾਲਵਾ ਅਤੇ ਮਾਝਾ ਵਿੱਚ ਦੋ ਰੈਲੀਆਂ ਕਰ ਰਹੀ ਹੈ। ਦੋਹਾਂ ਰੈਲੀਆਂ ਨੂੰ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਬੋਧਨ ਕਰਨਗੇ। ਇਕ ਰੈਲੀ ਫਤਿਹਗੜ੍ਹ ਸਾਹਿਬ ਹੋ ਰਹੀ ਹੈ ਅਤੇ ਦੂਜੀ ਰੈਲੀ ਮਾਝਾ ਖਡੂਰ ਸਾਹਿਬ ਹੋ ਰਹੀ ਹੈ।
ਪੰਜਾਬ ਦੀ ਮੁੱਖ ਵਿਰੋਧੀ ਧਿਰ ਕਾਂਗਰਸ ਵਲੋਂ ਲੋਕ ਸਭਾ ਚੋਣ ਦੇ ਮੱਦੇਨਜਰ ਸਮਰਾਲਾ ਵਿਖੇ ਵੱਡੀ ਸੂਬਾ ਪੱਧਰ ਦੀ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਨੂੰ ਕਾਂਗਰਸ ਦੇ ਕੌਮੀ ਪ੍ਰਧਾਨ ਖੜਗੇ ਸੰਬੋਧਨ ਕਰਨਗੇ। ਆਪ ਅਤੇ ਕਾਂਗਰਸ ਹੁਣ ਲੋਕ ਸਭਾ ਚੋਣ ਲਈ ਖੁੱਲ ਕੇ ਇਕ ਦੂਜੇ ਦੇ ਆਹਮੋ ਸਾਹਮਣੇ ਆ ਗਏ ਹਨ। ਦੋਹਾਂ ਪਾਰਟੀਆਂ ਵਲੋਂ ਇਕੋ ਦਿਨ ਰੈਲੀਆਂ ਵੀ ਰੱਖ ਲਈਆਂ ਗਈਆਂ ਹਨ।ਇਸ ਤਰਾਂ ਘੱਟੋ ਘੱਟ ਪੰਜਾਬ ਵਿਚ ਇੰਡੀਆ ਗਠਜੋੜ ਦੀ ਸੰਭਾਵਨਾ ਖਤਮ ਹੋ ਗਈ ਹੈ।
ਅਕਾਲੀ ਦਲ ਦੀ ਪੰਜਾਬ ਵਿੱਚ ਪਹਿਲੀ ਫਰਵਰੀ ਤੋਂ ਪੰਜਾਬ ਬਚਾਉ ਯਾਤਰਾ ਸ਼ੁਰੂ ਹੋ ਗਈ ਹੈ। ਅਕਾਲੀ ਦਲ ਵਲੋਂ ਯਾਤਰਾ ਦੌਰਾਨ ਮਾਨ ਸਰਕਾਰ ਉਤੇ ਤਿੱਖੇ ਹਮਲੇ ਕੀਤੇ ਜਾ ਰਹੇ ਹਨ।ਅਕਾਲੀ ਦਲ ਜਿਥੇ ਪੰਜਾਬ ਦੇ ਮੁੱਦਿਆਂ ਨੂੰ ਉਭਾਰ ਰਿਹਾ ਹੈ ਉਥੇ ਖੇਤਰੀ ਪਾਰਟੀ ਅਕਾਲੀ ਦਲ ਨੂੰ ਮਜਬੂਤ ਕਰਨ ਦੀ ਮੁਹਿੰਮ ਵੀ ਚਲਾ ਰਿਹਾ ਹੈ। ਬਸਪਾ ਬੇਸ਼ਕ ਅਕਾਲੀ ਦਲ ਦੀ ਸਹਿਯੋਗੀ ਪਾਰਟੀ ਹੈ ਪਰ ਯਾਤਰਾ ਵਿਚ ਨਾਲ ਨਹੀਂ ਹੈ। ਬਸਪਾ ਆਪਣੀ ਸਰਗਰਮੀ ਕਰ ਰਹੀ ਹੈ। ਭਾਜਪਾ ਨੇ ਬੇਸ਼ਕ ਵੱਡੀ ਰੈਲੀ ਦਾ ਪ੍ਰਬੰਧ ਨਹੀਂ ਕੀਤਾ ਪਰ ਸੂਬੇ ਵਿਚ ਪਾਰਟੀ ਦੇ ਆਗੂ ਸਰਗਰਮੀ ਨਾਲ ਲੱਗੇ ਹੋਏ ਹਨ। ਕਿਹਾ ਜਾ ਰਿਹਾ ਹੈ ਕਿ ਮੋਦੀ- ਸ਼ਾਹ ਦੀ ਜੋੜੀ ਪੰਜਾਬ ਵੱਲ ਖਾਸ ਧਿਆਨ ਦੇ ਰਹੀ ਹੈ।
ਸੰਪਰਕਃ 9814002186