ਵੈਲਿੰਗਟਨ- ਪੁਲਿਸ ਨੇ ਵੀਰਵਾਰ ਨੂੰ ਨਿਊਜ਼ੀਲੈਂਡ ਵਿੱਚ ਕੋਵਿਡ-19 ਦੀਆਂ ਲੋੜਾਂ ਦੇ ਖਿਲਾਫ ਸੰਸਦ ਦੇ ਮੈਦਾਨ ਵਿੱਚ ਧਰਨਾ ਦੇਣ ਵਾਲੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀਆਂ ਪਾਰਲੀਮੈਂਟ ਦੇ ਸਪੀਕਰ ਟ੍ਰੇਵਰ ਮਾਲਾਰਡ ਵੱਲੋਂ ਮੈਦਾਨ ਨੂੰ ਬੰਦ ਕਰਨ ਦਾ ਦੁਰਲੱਭ ਕਦਮ ਚੁੱਕਣ ਤੋਂ ਬਾਅਦ ਕੀਤੀਆਂ ਗਈਆਂ ਹਨ।
ਪੁਲਿਸ ਨੇ ਦੇਸ਼ ਦੇ ਹੋਰ ਹਿੱਸਿਆਂ ਤੋਂ 100 ਤੋਂ ਵੱਧ ਅਧਿਕਾਰੀਆਂ ਨੂੰ ਬੁਲਾਇਆ। ਇਸ ਤੋਂ ਬਾਅਦ ਮੈਦਾਨ ‘ਤੇ ਘੇਰਾਬੰਦੀ ਕਰਕੇ ਪੁਲਿਸ ਨੇ ਬਿਨਾਂ ਕੋਈ ਕਾਰਵਾਈ ਕੀਤੇ ਲੋਕਾਂ ਨੂੰ ਉਥੋਂ ਚਲੇ ਜਾਣ ਲਈ ਕਿਹਾ ਅਤੇ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ, ਜੋ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਗਰਾਊਂਡ ‘ਚ ਮੌਜੂਦ ਸਾਰੇ ਲੋਕਾਂ ਨੂੰ ਦੱਸਿਆ ਹੈ ਕਿ ਉਹ ਉਥੇ ਗੈਰ-ਕਾਨੂੰਨੀ ਤੌਰ ‘ਤੇ ਮੌਜੂਦ ਹਨ।
ਵੈਲਿੰਗਟਨ ਦੇ ਜ਼ਿਲ੍ਹਾ ਕਮਾਂਡਰ ਸੁਪਰਡੈਂਟ ਕੋਰੀ ਪਾਰਨੇਲ ਨੇ ਕਿਹਾ, “ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਕਈ ਵਾਰ ਉੱਥੋਂ ਜਾਣ ਲਈ ਕਿਹਾ ਅਤੇ ਫਿਰ ਲੋਕਾਂ ਨੂੰ ਉਥੋਂ ਕੱਢਣਾ ਸ਼ੁਰੂ ਕਰ ਦਿੱਤਾ। ਪੁਲਿਸ ਲੋਕਾਂ ਦੇ ਵਿਰੋਧ ਪ੍ਰਦਰਸ਼ਨ ਦੇ ਅਧਿਕਾਰ ਦਾ ਸਨਮਾਨ ਕਰਦੀ ਹੈ, ਪਰ ਇਸ ਦੇ ਨਾਲ ਹੀ ਇਹ ਜ਼ਰੂਰੀ ਹੈ ਕਿ ਇਸ ਦਾ ਵਿਆਪਕ ਜਨਤਾ ‘ਤੇ ਮਾੜਾ ਪ੍ਰਭਾਵ ਨਾ ਪਵੇ।”
ਕੈਨੇਡਾ ਵਿੱਚ ਕੋਵਿਡ-19 ਪਾਬੰਦੀਆਂ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਤੋਂ ਪ੍ਰੇਰਿਤ ਹੋ ਕੇ ਮੰਗਲਵਾਰ ਨੂੰ, 1,000 ਤੋਂ ਵੱਧ ਕਾਰ ਅਤੇ ਟਰੱਕ ਡਰਾਈਵਰਾਂ ਨੇ, ਸੰਸਦ ਦੇ ਬਾਹਰ ਆਪਣੇ ਵਾਹਨ ਪਾਰਕ ਕੀਤੇ। ਹਾਲਾਂਕਿ, ਵੀਰਵਾਰ ਤੱਕ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਘਟਕੇ ਕਰੀਬ 100 ਰਹੀ ਗਈ। ਕਈ ਵਾਹਨ ਸੜਕ ਦੇ ਵਿਚਕਾਰ ਖੜ੍ਹੇ ਹੋਣ ਕਾਰਨ ਕੁਝ ਸੜਕਾਂ ਨੂੰ ਬੰਦ ਕਰਨਾ ਪਿਆ।