ਪੰਜਾਬ ਦਾ ਮੌਜੂਦਾ ਸਿਆਸੀ ਮਾਹੌਲ ਤੇ 2022 ਚੋਣਾਂ

TeamGlobalPunjab
4 Min Read

-ਬਿੰਦੂ ਸਿੰਘ;

ਇਕ ਪਾਸੇ ਜਿੱਥੇ ਮਹਾਂਮਾਰੀ ਨੇ ਦੇਸ਼ ਤੇ ਪੰਜਾਬ ਦਾ ਹਰੇਕ ਪੱਖ ਤੋਂ ਸੰਤੁਲਨ ਵਿਗੜਿਆ ਹੋਇਆ ਹੈ ਉੱਥੇ ਹੀ ਸੂਬਾ ਪੰਜਾਬ ਵਿੱਚ ਇਸ ਵੇਲੇ ਸਿਆਸੀ ਤਾਣਾ ਬਾਣਾ ਉਲਝਿਆ ਹੋਇਆ ਹੈ। ਪਿੱਛਲੇ ਕਈ ਦਿਨਾਂ ਤੋਂ ਕਾਂਗਰਸ ਪਾਰਟੀ ਦੇ ਖੇਮੇ ‘ਚ ਖਾਨਾਜੰਗੀ ਦੇ ਹਾਲਾਤ ਲਗਾਤਾਰ ਬਣੇ ਹੋਏ ਨੇ ਤੇ ਇਹ ਸਿਆਸੀ ਵਿਹੜੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਸ ਨੂੰ ਲੈ ਕੇ ਵਿਰੋਧ ਧਿਰ ਅਕਾਲੀ ਦਲ ਬਾਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ “ਦੁਨੀਆ ਕੋਰੋਨਾ ਨਾਲ ਲੜ ਰਹੀ ਹੈ ਤੇ ਕਾਂਗਰਸ ਪਾਰਟੀ ਦੇ ਨੁਮਾਇੰਦੇ ਆਪਸ ਵਿੱਚ”। ਕੋਟਕਪੂਰਾ ਗੋਲੀਕਾਂਡ ਨੂੰ ਲੈ ਕੇ ਆਏ ਹਾਈਕੋਰਟ ਦੇ ਫੈਸਲੇ ਨੇ ਅਕਾਲੀ ਦਲ ਨੂੰ ਕੁਝ ਰਾਹਤ ਦਿੱਤੀ ਹੈ । ਇਸ ਤੋਂ ਪਹਿਲਾਂ ਗੋਲੀਕਾਂਡ ਤੇ ਬੇਅਦੱਬੀ ਦੇ ਮੁੱਦੇ ‘ਤੇ ਕਾਂਗਰਸ ਪਾਰਟੀ ਵਿੱਚੋਂ ਤੇ ਆਮ ਆਦਮੀ ਪਾਰਟੀ ਵੱਲੋ ਅਕਾਲੀ ਦਲ ਨੂੰ ਲਗਾਤਾਰ ਘੇਰਿਆ ਜਾ ਰਿਹਾ ਸੀ। ਪਰ ਵੇਖਣ ਵਿੱਚ ਆਇਆ ਹੈ ਕਿ ਹਾਈਕੋਰਟ ਵੱਲੋਂ ਕੁੰਵਰ ਵਿਜੈ ਵਾਲੀ ਜਾਂਚ ਤੇ ਸਿੱਟ ਨੂੰ ਖਾਰਜ ਕਰਨ ਤੋਂ ਬਾਅਦ ਅਕਾਲੀ ਦਲ ਨੇ ਪ੍ਰੈੱਸ ਕਾਨਫਰੰਸ ਕਰਕੇ ਅਦਾਲਤ ਦੀ ਕਾਪੀ ਪੜ੍ਹ-ਪੜ੍ਹ ਕੇ ਆਪਣਾ ਪੱਖ ਪੇਸ਼ ਕੀਤਾ ਤੇ ਸਿੱਟ ਦੀ ਜਾਂਚ ਨੂੰ ਮਨਕੜ੍ਹੰਤ ਦੱਸਿਆ ਤੇ ਸਰਕਾਰ ਦੀ ਨੀਅਤ ਦੇ ਸਵਾਲ ਚੁੱਕੇ।

ਇਸ ਦੌਰਾਨ ਅਕਾਲੀ ਦਲ ਨੇ ਕੁੰਵਰ ਪ੍ਰਤਾਪ ਵਾਲੀ ਜਾਂਚ ਟੀਮ ਦੀ ਪੜਤਾਲ ‘ਚ ਸਰਕਾਰ ਦੇ ਮੰਤਰੀ ਦੇ ਕੁਝ ਪਾਰਟੀ ਵਿਧਾਇਕਾਂ ਦੇ ਦਖਲ ਹੋਣ ਦੇ ਦੋਸ਼ ਵੀ ਲਾਏ। ਇਸ ਘਟਨਾਕ੍ਰਮ ਤੋਂ ਬਾਅਦ ਹੀ ਕਾਂਗਰਸ ਪਾਰਟੀ ਦੇ ਵਿੱਚੋਂ ਬਾਗੀ ਸੁਰਾਂ ਉੱਚੀਆਂ ਹੋਇਆ ਤੇ ਕਾਟੋ ਕਲੇਸ਼ ਦਾ ਮਹੌਲ ਬਣਿਆ ਹੋਇਆ ਹੈ।

- Advertisement -

ਇਹਨਾਂ ਮੌਜੂਦਾ ਹਾਲਾਤਾਂ ਵਿੱਚ ਅਕਾਲੀ ਦਲ ਨੂੰ ਇਕ ਵਾਰ ਫੇਰ ਤੋਂ ਉਭਰਨ ਦੀ ਥਾਂ ਮਿਲ ਗਈ ਹੈ । ਇਸ ਤੋਂ ਪਹਿਲਾਂ ਅਕਾਲੀ ਦਲ ਨੂੰ ਹਾਸ਼ੀਏ ਤੇ ਚੱਲੀ ਗਈ ਪਾਰਟੀ ਵਾਂਗੂ ਵੇਖਿਆ ਜਾ ਰਿਹਾ ਸੀ।

ਅਕਾਲੀ ਦਲ ਵਾਰ-ਵਾਰ ਸਰਕਾਰ ਨੂੰ ਕੋਰੋਨਾ ਵਰਗੀ ਵੱਡੀ ਸਮੱਸਿਆ ਵੱਲ ਧਿਆਨ ਦੇਣ ਲਈ ਸੂਬਾ ਸਰਕਾਰ ਨੂੰ ਘੇਰਿਆ ਤੇ ਚਿਤਾਵਨੀ ਦਿੰਦੀ ਨਜ਼ਰ ਆ ਰਹੀ ਹੈ। ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਸੀ ਕਿ ਸਰਕਾਰ ਆਕਸੀਜਨ ਤੇ ਵੈਂਟੀਲੇਟਰ ਦਾ ਸਹੀ ਤਰੀਕੇ ਇੰਤਜਾਮ ਕਰਨ ‘ਚ ਨਾਕਾਮ ਰਹੀ ਹੈ। ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਆਪ ਦੋ ਵੈਂਟੀਲੇਟਰ ਦਿੱਤੇ ਹਨ ਪਰ ਸਰਕਾਰ ਵੈਂਟੀਲੇਟਰ ਨੂੰ ਮਿੱਟੀ ਘੱਟਾ ਹੀ ਖੁਵਾ ਰਹੀ ਹੈ। ਮਜੀਠੀਆ ਨੇ ਵੀ ਕਿਹਾ ਕਿ ਲੋਕ ਪਰੇਸ਼ਾਨ ਨੇ ਤੇ ਕਾਂਗਰਸੀਆਂ ਨੂੰ ਆਪਣੀ ਆਪਣੀ ਕੁਰਸੀ ਬਚਾਉਣ ਤੋਂ ਹੀ ਵੇਹਲ ਨਹੀਂ ਮਿਲ ਰਹੀ।

ਜੇਕਰ ਲੋਕਾਂ ਦੀ ਆਵਾਜ਼ ਨੂੰ ਸੁਣਿਆ ਜਾਵੇ ਤੇ ਦੋਹਾਂ ਪਾਰਟੀਆਂ ਨੂੰ ਲੈ ਕੇ ਸ਼ਿਕਾਇਤਾਂ ਤੇ ਰੋਹ ਦੇ ਹਾਲਾਤ ਵੀ ਕੋਈ ਛੁਪੇ ਹੋਏ ਨਹੀਂ ਹਨ। ਆਮ ਜਨ ਦਾ ਤੇ ਮਾਹਿਰਾਂ ਦਾ ਮੰਨਣਾ ਹੈ ਕਿ ਸਿਰਫ ਸਿਰ ਬਦਲੇ ਤੇ ਪੱਗਾਂ ਦੇ ਰੰਗ ਬਦਲੇ , ਹੋਰ ਕੁਝ ਨਹੀਂ। ਮਸਲੇ ਵਧੇ ਜਰੂਰ ਨੇ ਪਰ ਇੰਨੇ ਸਾਲਾਂ ਚ ਦੋਹਾਂ ਪਾਰਟੀਆਂ ਦੀਆਂ ਸਰਕਾਰਾਂ ਬਣੀਆਂ ਪਰ ਮੁੱਦੇ ਅੱਜ ਵੀ ਉਸੇ ਤਰ੍ਹਾਂ ਬਣੇ ਹੋਏ ਹਨ। ਨਾ ਭਰਿਸ਼ਟਾਚਾਰ ਘਟੀਆ ਨਾਂ ਮਾਫੀਆ ਤੇ ਨਾ ਰੋਜ਼ਗਾਰ ‘ਚ ਇਜ਼ਾਫ਼ਾ ਹੋਇਆ ਨਾ ਸਰਕਾਰੀ ਖਜ਼ਾਨੇ ਚ ਕੋਈ ਜਨਤਾ ਲਈ ਮੱਦਦ ਜਾਂ ਰਾਹਤ ਦੇਣ ਦਾ ਦਮ ਦਿਖਾਈ ਦਿੱਤਾ ਕਿਉਂਕਿ ਸੂਬੇ ਦੇ ਖਜ਼ਾਨਾ ਮੰਤਰੀਆਂ ਨੇ ਹਰ ਵਾਰ ਖਜ਼ਾਨਾ ਖਾਲੀ ਹੋਣ ਦੀ ਗੱਲ ਹੀ ਦੁਹਾਈ।

ਸਿਆਸੀ ਮਾਹਿਰਾਂ ਵੱਲੋਂ ਸੂਬਾ ਸਰਕਾਰ ਵਲੋਂ ਆਪਣੇ ਹੀ ਪਾਰਟੀ ਨੁਮਾਇੰਦਿਆਂ ਖਿਲਾਫ ਲਏ ਜਾ ਰਹੇ ਐਕਸ਼ਨਾਂ ਨੂੰ ਤੇ ਤੌਰ ਤਰੀਕਿਆਂ ਨੂੰ ਬੌਖਲਾਹਟ ਚ ਚੁੱਕੇ ਕਦਮ ਤੇ ਸਿਆਸੀ ਨਾਸਮਝ ਵਾਂਗ ਵੇਖਿਆ ਜਾ ਰਿਹਾ ਹੈ। ਪਰ ਇਸ ਸਾਰੇ ਮਾਹੌਲ ਚ ਲੋਕਾਂ ਦੇ ਵਿੱਚ ਇਕ ਵਾਰ ਫੇਰ ਤੋਂ ਸੂਬੇ ਦੇ ਭਵਿੱਖ ਨੂੰ ਲੈ ਕੇ ਚਿੰਤਾ ਦੀਆਂ ਲਕੀਰਾਂ ਦਾ ਉਭਾਰ ਲਾਜ਼ਮੀ ਹੈ।

- Advertisement -
Share this Article
Leave a comment