ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ‘ਨਸ਼ਾ ਮੁਕਤ ਯੁਵਾ ਫ਼ਾਰ ਵਿਕਸਿਤ ਭਾਰਤ ਸੰਕਲਪ ਅਭਿਆਨ’ ਦੀ ਸ਼ੁਰੂਆਤ ਕੀਤੀ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਡਰੱਗਸ ਦੀ ਸਪਲਾਈ ਦੁਸ਼ਮਣ ਦੇਸ਼ਾਂ ਦੀ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਭਾਰਤੀ ਨੌਜਵਾਨਾਂ ਨੂੰ ਨਸ਼ਿਆਂ ਦੇ ਜਾਲ ਵਿੱਚ ਫਸਾਉਣਾ ਚਾਹੁੰਦੇ ਹਨ, ਜਿਸ ਨੂੰ ਸਾਰਿਆਂ ਨੂੰ ਮਿਲ ਕੇ ਨਾਕਾਮ ਬਣਾਉਣਾ ਹੋਵੇਗਾ।
100 ਹਫ਼ਤਿਆਂ ਤੱਕ ਚੱਲੇਗੀ ਮੁਹਿੰਮ
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅਗਲੇ 100 ਹਫ਼ਤਿਆਂ ਤੱਕ ਹਰ ਐਤਵਾਰ ਦੇਸ਼ ਭਰ ਵਿੱਚ ਕਲਾ, ਸੱਭਿਆਚਾਰ, ਖੇਡਾਂ ਅਤੇ ਹੋਰ ਗਤੀਵਿਧੀਆਂ ਰਾਹੀਂ ਨਸ਼ਾ ਮੁਕਤੀ ਦਾ ਸੰਦੇਸ਼ ਦਿੱਤਾ ਜਾਵੇਗਾ। ਉਨ੍ਹਾਂ ਨੌਜਵਾਨਾਂ ਨੂੰ ਇਸ ਮੁਹਿੰਮ ਦੀ ਅਗਵਾਈ ਕਰਨ ਅਤੇ 2047 ਤੱਕ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਸ਼ਾ ਨੌਜਵਾਨਾਂ ਦਾ ਧਿਆਨ ਭਟਕਾ ਕੇ ਉਨ੍ਹਾਂ ਨੂੰ ਹੌਲੀ-ਹੌਲੀ ਆਪਣੇ ਸੁਪਨਿਆਂ ਤੋਂ ਦੂਰ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੇ ਨੌਜਵਾਨ ਸਟਾਰਟਅੱਪ, ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI) ਅਤੇ ਪੁਲਾੜ ਵਰਗੇ ਖੇਤਰਾਂ ਵਿੱਚ ਅੱਗੇ ਵੱਧ ਰਹੇ ਹਨ, ਪਰ ਜੇ ਕੋਈ ਨੌਜਵਾਨ ਨਸ਼ੇ ਦੀ ਲਪੇਟ ਵਿੱਚ ਆ ਜਾਂਦਾ ਹੈ ਤਾਂ ਸਿਰਫ਼ ਉਸ ਦਾ ਨਹੀਂ, ਸਗੋਂ ਪੂਰੇ ਪਰਿਵਾਰ ਦਾ ਸੁਪਨਾ ਟੁੱਟ ਜਾਂਦਾ ਹੈ।
PM ਮੋਦੀ ਨੇ ਕਿਹਾ ਕਿ ਨਸ਼ਾ ਕੇਵਲ ਇੱਕ ਵਿਅਕਤੀ ਨੂੰ ਹੀ ਨਹੀਂ, ਸਗੋਂ ਦੇਸ਼ ਦੀ ਤਾਕਤ ਨੂੰ ਵੀ ਕਮਜ਼ੋਰ ਕਰਦਾ ਹੈ। ਉਨ੍ਹਾਂ ਕਿਹਾ ਕਿ ਡਰੱਗਸ ਕੁਝ ਸਮੇਂ ਲਈ ਨਸ਼ਾ ਦਿੰਦੇ ਹਨ, ਪਰ ਇਸ ਦਾ ਨੁਕਸਾਨ ਪੂਰੀ ਜ਼ਿੰਦਗੀ ਭੁਗਤਣਾ ਪੈਂਦਾ ਹੈ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੋ ਨਸ਼ਾ ਮਨੁੱਖ ਦੀ ਬੁੱਧੀ ਅਤੇ ਵਿਵੇਕ ਖੋਹ ਲੈਂਦਾ ਹੈ, ਉਹ ਉਸ ਨੂੰ ਪਤਨ ਵੱਲ ਲੈ ਜਾਂਦਾ ਹੈ।
ਨਸ਼ਾ ਛੱਡਣ ਵਾਲਿਆਂ ਨੂੰ ਮਿਲੇ ਦੂਜਾ ਮੌਕਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਨੌਜਵਾਨ ਨਸ਼ੇ ਦੀ ਲਤ ਤੋਂ ਬਾਹਰ ਨਿਕਲਦੇ ਹਨ, ਉਹ ਅਸਲ ਯੋਧੇ ਹਨ। ਕਿਸੇ ਵਿਅਕਤੀ ਦਾ ਅਤੀਤ ਉਸ ਦੀ ਪਛਾਣ ਨਹੀਂ ਹੁੰਦਾ, ਸਗੋਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਅੱਗੇ ਵਧਣ ਦਾ ਹੌਸਲਾ ਹੀ ਉਸ ਦੀ ਅਸਲੀ ਪਛਾਣ ਹੁੰਦਾ ਹੈ।
ਡਰੱਗ ਮਾਫੀਆ ਖ਼ਿਲਾਫ਼ ਕਾਰਵਾਈ ਹੋਈ ਤੇਜ਼
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਡਰੱਗ ਮਾਫੀਆ ਅਤੇ ਤਸਕਰਾਂ ਖ਼ਿਲਾਫ਼ ਲਗਾਤਾਰ ਸਖ਼ਤ ਕਾਰਵਾਈ ਕਰ ਰਹੀ ਹੈ। ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਜਾ ਰਹੇ ਹਨ ਅਤੇ ਪਹਿਲਾਂ ਦੇ ਮੁਕਾਬਲੇ ਕਾਰਵਾਈ ਕਈ ਗੁਣਾ ਵਧੀ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਦਾ ਸਬੂਤ ਹੈ।

