ਚੰਡੀਗੜ੍ਹ: ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖਬਰ ਹੈ। ਪੰਜਾਬ ਵਿੱਚ ਅੱਜ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ। ਅੱਜ ਸਰਕਾਰੀ ਬੱਸ ਸੇਵਾ ਪੂਰੀ ਤਰ੍ਹਾਂ ਠੱਪ ਰਹੇਗੀ ਜਿਸ ਕਾਰਨ ਮੁਸਾਫ਼ਰਾਂ ਨੂੰ ਪਰੇਸ਼ਾਨੀ ਝੱਲਣੀ ਪੈ ਸਕਦੀ ਹੈ।
ਆਪਣੀਆਂ ਲੰਬਿਤ ਮੰਗਾਂ ਦੇ ਚੱਲਦਿਆਂ ਪਨਬੱਸ ਤੋਂ ਬਾਅਦ ਪੰਜਾਬ ਰੋਡਵੇਜ਼ ਦੇ ਕੰਟਰੈਕਟ ਕਰਮਚਾਰੀ ਦੁਪਹਿਰ ਤੋਂ ਚੱਕਾ ਜਾਮ ਕਰਨਗੇ। ਪਨਬੱਸ ਦੇ ਕੰਟਰੈਕਟ ਕਰਮਚਾਰੀ ਕੱਲ੍ਹ ਤੋਂ ਹੀ ਹੜਤਾਲ ‘ਤੇ ਚੱਲ ਰਹੇ ਹਨ। ਅੱਜ 23 ਜ਼ਿਲ੍ਹਿਆਂ ਦੇ ਹਜ਼ਾਰਾਂ ਲੋਕਾਂ ਨੂੰ ਅੱਜ ਆਉਣ-ਜਾਣ ਵਿੱਚ ਦਿੱਕਤ ਝੱਲਣੀ ਪਵੇਗੀ। ਇਸ ਦੌਰਾਨ ਇੰਟਰ-ਸਟੇਟ ਰੂਟ ਵੀ ਪ੍ਰਭਾਵਿਤ ਹੋ ਸਕਦੇ ਹਨ। ਹੁਣ ਸਿਰਫ਼ ਰੈਗੂਲਰ ਕਰਮਚਾਰੀ ਹੀ ਬੱਸਾਂ ਚਲਾਉਣਗੇ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਬੱਸਾਂ ਦੇ ਪਹੀਏ ਪੂਰੀ ਤਰ੍ਹਾਂ ਰੋਕ ਦਿੱਤੇ ਜਾਣਗੇ।ਇਸ ਦੌਰਾਨ ਜੇਕਰ ਲੋਕਾਂ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ, ਤਾਂ ਇਸ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ। ਹਾਲਾਂਕਿ, ਸਰਕਾਰ ਵੱਲੋਂ ਇਸ ਸੰਘਰਸ਼ ਨੂੰ ਟਾਲਣ ਦੇ ਯਤਨ ਕੀਤੇ ਜਾ ਰਹੇ ਹਨ।
ਪੀ.ਆਰ.ਟੀ.ਸੀ. (PRTC) ਅਤੇ ਪਨਬੱਸ ਕੰਟਰੈਕਟ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਤੋਂ ਹੁਣ ਤੱਕ ਸਰਕਾਰ ਵੱਲੋਂ ਤਿੰਨ ਬੈਠਕਾਂ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚ 8 ਮਈ, 2 ਜੂਨ ਅਤੇ 4 ਜੂਨ ਸ਼ਾਮਲ ਹਨ। ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ ਹੈ। ਅਜਿਹੇ ਵਿੱਚ ਸਾਨੂੰ ਇਹ ਫ਼ੈਸਲਾ ਲੈਣਾ ਪਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਇਸ ਹੜਤਾਲ ਦਾ ਅਸਰ ਪੂਰੇ ਸੂਬੇ ਵਿੱਚ ਪਵੇਗਾ, ਕਿਉਂਕਿ ਇਸ ਸਮੇਂ ਪੰਜਾਬ ਵਿੱਚ ਗਰਮੀ ਦੀਆਂ ਛੁੱਟੀਆਂ ਹਨ, ਜਿਸ ਕਰਕੇ ਜ਼ਿਆਦਾਤਰ ਪਰਿਵਾਰ ਘੁੰਮਣ-ਫਿਰਨ ਲਈ ਨਿਕਲ ਰਹੇ ਹਨ। ਇਸ ਕਾਰਨ ਉਨ੍ਹਾਂ ਨੂੰ ਪ੍ਰਾਈਵੇਟ ਬੱਸਾਂ ‘ਤੇ ਨਿਰਭਰ ਰਹਿਣਾ ਪਵੇਗਾ। ਦੂਜੇ ਪਾਸੇ, ਕੁਝ ਥਾਵਾਂ ‘ਤੇ ਕਾਲਜ ਜਾਣ ਵਾਲੇ ਵਿਦਿਆਰਥੀਆਂ ਨੂੰ ਵੀ ਮੁਸ਼ਕਲ ਝੱਲਣੀ ਪੈ ਸਕਦੀ ਹੈ।ਇਸ ਸਮੇਂ ਦਾਖ਼ਲਾ ਪ੍ਰਕਿਰਿਆ ਚੱਲ ਰਹੀ ਹੈ।
ਇਸ ਤੋਂ ਇਲਾਵਾ ਹਸਪਤਾਲ ਜਾਣ ਵਾਲੇ ਮਰੀਜ਼ ਵੀ ਪ੍ਰਭਾਵਿਤ ਹੋਣਗੇ। ਸਭ ਤੋਂ ਵੱਧ ਅਸਰ ਪੇਂਡੂ ਖੇਤਰਾਂ ਦੇ ਲੋਕਾਂ ‘ਤੇ ਪਵੇਗਾ, ਕਿਉਂਕਿ ਉੱਥੇ ਬੱਸਾਂ ਦੇ ਰੂਟ ਸੀਮਤ ਹੁੰਦੇ ਹਨ। ਜਦੋਂ ਕਿ ਪੀ.ਜੀ.ਆਈ. (PGI) ਵਰਗੇ ਵੱਡੇ ਸੰਸਥਾਨਾਂ ਵਿੱਚ ਮਾਹਿਰ ਡਾਕਟਰ ਦਿਨਾਂ ਦੇ ਹਿਸਾਬ ਨਾਲ ਬੈਠਦੇ ਹਨ, ਅਜਿਹੇ ਵਿੱਚ ਇਹ ਬੱਸਾਂ ਉੱਥੇ ਲਾਈਫਲਾਈਨਦਾ ਕੰਮ ਕਰਦੀਆਂ ਹਨ। ਇਸ ਤੋਂ ਇਲਾਵਾ, ਮਹਿਲਾ ਵਰਗ, ਜਿਨ੍ਹਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਮਿਲੀ ਹੋਈ ਹੈ, ਉਨ੍ਹਾਂ ਨੂੰ ਵੀ ਪਰੇਸ਼ਾਨੀ ਉਠਾਉਣੀ ਪੈ ਸਕਦੀ ਹੈ।

