ਨਵੀਂ ਦਿੱਲੀ: 15 ਅਗਸਤ 2025 ਨੂੰ, 79ਵੇਂ ਸੁਤੰਤਰਤਾ ਦਿਵਸ ਮੌਕੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਰਾਸ਼ਟਰ ਨੂੰ ਸੰਬੋਧਿਤ ਕਰਦਿਆਂ ਦੋ ਵੱਡੇ ਐਲਾਨ ਕੀਤੇ। ਉਨ੍ਹਾਂ ਨੇ ਜੀਐਸਟੀ ਸੁਧਾਰ ਅਤੇ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਦੀ ਸ਼ੁਰੂਆਤ ਦਾ ਜ਼ਿਕਰ ਕੀਤਾ, ਨਾਲ ਹੀ ਓਪਰੇਸ਼ਨ ਸਿੰਧੂਰ ਦੀ ਸਫਲਤਾ ਅਤੇ ਅੱਤਵਾਦ ਵਿਰੁੱਧ ਸਖ਼ਤ ਕਾਰਵਾਈ ਦੀ ਗੱਲ ਕੀਤੀ।
ਜੀਐਸਟੀ ਸੁਧਾਰ: ਪੀਐਮ ਮੋਦੀ ਨੇ ਐਲਾਨ ਕੀਤਾ ਕਿ ਇਸ ਦੀਵਾਲੀ ‘ਤੇ ਸਰਕਾਰ ਜੀਐਸਟੀ ਸੁਧਾਰ ਲਿਆਵੇਗੀ, ਜਿਸ ਨਾਲ ਆਮ ਲੋਕਾਂ ਨੂੰ ਟੈਕਸ ਵਿੱਚ ਵੱਡੀ ਰਾਹਤ ਮਿਲੇਗੀ। ਇਸ ਨਾਲ ਵਪਾਰੀਆਂ ਅਤੇ ਖਪਤਕਾਰਾਂ ਨੂੰ ਲਾਭ ਹੋਵੇਗਾ।
ਵਿਕਸਿਤ ਭਾਰਤ ਰੋਜ਼ਗਾਰ ਯੋਜਨਾ: ਅੱਜ ਤੋਂ ਸ਼ੁਰੂ ਹੋਈ ਇਸ ਯੋਜਨਾ ਅਧੀਨ, ਨਿੱਜੀ ਖੇਤਰ ਵਿੱਚ ਪਹਿਲੀ ਨੌਕਰੀ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਸਰਕਾਰ ਵੱਲੋਂ 15,000 ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਨਾਲ ਹੀ, ਵਧੇਰੇ ਰੋਜ਼ਗਾਰ ਪੈਦਾ ਕਰਨ ਵਾਲੀਆਂ ਕੰਪਨੀਆਂ ਨੂੰ ਪ੍ਰੋਤਸਾਹਨ ਰਾਸ਼ੀ ਮਿਲੇਗੀ। ਇਹ ਯੋਜਨਾ ਲਗਭਗ 3.5 ਕਰੋੜ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰੇਗੀ।
ਓਪਰੇਸ਼ਨ ਸਿੰਧੂਰ ‘ਤੇ ਜ਼ੋਰ
ਪੀਐਮ ਮੋਦੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਓਪਰੇਸ਼ਨ ਸਿੰਧੂਰ ਦੀ ਸਫਲਤਾ ਨੂੰ ਸਮਰਪਿਤ ਕੀਤੀ। ਉਨ੍ਹਾਂ ਕਿਹਾ, “ਮੈਨੂੰ ਲਾਲ ਕਿਲੇ ਤੋਂ ਓਪਰੇਸ਼ਨ ਸਿੰਧੂਰ ਦੇ ਬਹਾਦਰ ਸੈਨਿਕਾਂ ਨੂੰ ਸਲਾਮ ਕਰਨ ਦਾ ਮੌਕਾ ਮਿਲਿਆ। ਸਾਡੀ ਫੌਜ ਨੇ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰੇ ਸਜ਼ਾ ਦਿੱਤੀ। 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਸੀਮਾ ਪਾਰ ਤੋਂ ਅੱਤਵਾਦੀਆਂ ਨੇ ਧਰਮ ਦੇ ਨਾਂ ‘ਤੇ ਕਤਲੇਆਮ ਮਚਾਇਆ ਸੀ।”
ਉਨ੍ਹਾਂ ਅੱਗੇ ਕਿਹਾ, “ਪੂਰਾ ਹਿੰਦੁਸਤਾਨ ਗੁੱਸੇ ਨਾਲ ਭਰਿਆ ਹੋਇਆ ਸੀ। ਵਿਸ਼ਵ ਇਸ ਤੋਂ ਹੈਰਾਨ ਸੀ। ਓਪਰੇਸ਼ਨ ਸਿੰਧੂਰ ਉਸ ਗੁੱਸੇ ਦਾ ਜਵਾਬ ਹੈ। ਅਸੀਂ ਸੈਨਾ ਨੂੰ ਖੁੱਲ੍ਹੀ ਛੋਟ ਦਿੱਤੀ, ਅਤੇ ਸਾਡੀ ਫੌਜ ਨੇ ਸੈਂਕੜੇ ਕਿਲੋਮੀਟਰ ਦੁਸ਼ਮਣ ਦੀ ਧਰਤੀ ਵਿੱਚ ਜਾ ਕੇ ਅੱਤਵਾਦੀਆਂ ਨੂੰ ਨਸ਼ਟ ਕੀਤਾ। ਪਾਕਿਸਤਾਨ ਦੀ ਨੀਂਦ ਉਡੀ ਹੋਈ ਹੈ, ਅਤੇ ਰੋਜ਼ਾਨਾ ਨਵੇਂ ਖੁਲਾਸੇ ਹੋ ਰਹੇ ਹਨ।”
ਅੱਤਵਾਦ ਵਿਰੁੱਧ ਸਖ਼ਤ ਸੁਨੇਹਾ
ਪੀਐਮ ਮੋਦੀ ਨੇ ਅੱਤਵਾਦ ਅਤੇ ਪਰਮਾਣੂ ਧਮਕੀਆਂ ਵਿਰੁੱਧ ਸਖ਼ਤ ਰੁਖ ਅਪਣਾਉਂਦਿਆਂ ਕਿਹਾ, “ਭਾਰਤ ਨੇ ਕਈ ਦਹਾਕਿਆਂ ਤੋਂ ਅੱਤਵਾਦ ਝੱਲਿਆ ਹੈ। ਸਾਡੇ ਦੇਸ਼ ਦੇ ਸੀਨੇ ਨੂੰ ਛਲਣੀ ਕੀਤਾ ਗਿਆ ਹੈ। ਅਸੀਂ ਨਵਾਂ ਨਿਯਮ ਸਥਾਪਤ ਕੀਤਾ ਹੈ। ਅੱਤਵਾਦੀਆਂ ਅਤੇ ਉਨ੍ਹਾਂ ਨੂੰ ਪਾਲਣ-ਪੋਸਣ ਵਾਲਿਆਂ ਨੂੰ ਅਸੀਂ ਵੱਖ ਨਹੀਂ ਸਮਝਾਂਗੇ। ਭਾਰਤ ਨੇ ਫੈਸਲਾ ਕੀਤਾ ਹੈ ਕਿ ਪਰਮਾਣੂ ਧਮਕੀਆਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ।”